ਅੱਜਕੱਲ੍ਹ ਦੇ ਮੌਸਮ ‘ਚ ਚਟਪਟਾ ਖਾਣ ਦਾ ਜਦੋਂ ਵੀ ਮੰਨ ਕਰਦਾ ਹੈ ਤਾਂ ਚਾਟ ਦਾ ਖ਼ਿਆਲ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਹਫ਼ਤੇ ਅਸੀਂ ਤੁਹਾਡੇ ਲਈ ਦਹੀਂ ਵੜੇ ਦੀ ਰੈਸਿਪੀ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਬਹੁਤ ਆਸਾਨੀ ਨਾਲ ਆਪਣੇ ਘਰ ‘ਚ ਹੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਦਹੀ ਵੜਾ ਚਾਟ ਬਣਾਉਣ ਦਾ ਤਰੀਕਾ।
ਬਣਾਉਣ ਦੀ ਸਮੱਗਰੀ
– ਧੋਤੀ ਮਾਂਹ ਦੀ ਦਾਲ 250 ਗ੍ਰਾਮ
– ਦਹੀਂ 1 ਕਿ. ਗ੍ਰਾਮ
– ਨਮਕ ਸੁਆਦ ਅਨੁਸਾਰ
– ਹਿੰਗ 1-2 ਚੁੱਟਕੀ
– ਕਾਜੂ 1 ਚਮਚ ਛੋਟੇ-ਛੋਟੇ ਟੁਕੜੇ ਕੀਤੇ ਹੋਏ
– ਕਿਸ਼ਮਿਸ਼ 1 ਚਮਚ
– ਭੁੰਨਿਆ ਹੋਇਆ ਜ਼ੀਰਾ 1 ਚਮਚ
– ਲਾਲ ਮਿਰਚ ਪਾਊਡਰ 1 ਛੋਟਾ ਚਮਚ
– ਤੇਲ ਤਲਣ ਲਈ
ਬਣਾਉਣ ਦੀ ਵਿਧੀ
1. ਦਾਲ ਨੂੰ ਧੋ ਕੇ ਦੋ ਘੰਟਿਆਂ ਲਈ ਭਿਓ ਦਿਓ ਅਤੇ ਉਸ ਦਾ ਪਾਣੀ ਕੱਢ ਕੇ ਮੋਟੀ-ਮੋਟੀ ਪੀਸ ਲਓ।
2. ਹੁਣ ਪੀਸੀ ਹੋਈ ਦਾਲ ‘ਚ ਹਿੰਗ ਮਿਲਾ ਦਿਓ ਅਤੇ ਉਸ ‘ਚ ਇੱਕ-ਚੌਥਾਈ ਚਮਚ ਨਮਕ ਮਿਲਾ ਕੇ ਚੰਗੀ ਤਰ੍ਹਾਂ ਦਾਲ ਫ਼ੁੱਲਣ ਤਕ ਫ਼ੈਂਟ ਲਓ।
3. ਇੱਕ ਕੜਾਈ ‘ਚ ਤੇਲ ਗਰਮ ਕਰੋ ਅਤੇ ਦਾਲ ਦੇ ਗੋਲ ਵੜੇ ਬਣਾ ਕੇ ਉਸ ‘ਚ ਦੋ ਕਾਜੂ ਦੇ ਟੁਕੜੇ ਅਤੇ ਇੱਕ ਕਿਸ਼ਮਿਸ਼ ਪਾਓ। ਫ਼ਿਰ ਉਸ ਨੂੰ ਕੜਾਈ ‘ਚ ਤਲਣ ਲਈ ਪਾ ਦਿਓ।
4. ਸਾਰੇ ਵੜੇ ਇਸੇ ਤਰ੍ਹਾਂ ਬ੍ਰਾਊਨ ਹੋਣ ਤਕ ਤਲ ਕੇ ਇੱਕ ਪਲੇਟ ‘ਚ ਕੱਢ ਲਓ।
5. ਹੁਣ ਇੱਕ ਲੀਟਰ ਕੋਸੇ-ਕੋਸੇ ਪਾਣੀ ‘ਚ ਅੱਧਾ ਚਮਚ ਨਮਕ ਪਾ ਕੇ ਸਾਰੇ ਵੜੇ ਖਾਣ ਤੋਂ ਪਹਿਲਾਂ ਉਸ ‘ਚ ਭਿਓ ਦਿਓ ਅਤੇ ਪਰੋਸਣ ਤੋਂ ਪਹਿਲਾਂ ਇਨ੍ਹਾਂ ਦਾ ਪਾਣੀ ਚੰਗੀ ਤਰ੍ਹਾਂ ਨਿਚੋੜ ਕੇ ਕੱਢ ਲਓ।
6. ਹੁਣ ਦਹੀਂ ਨੂੰ ਮੈਸ਼ ਕਰ ਕੇ ਉਸ ‘ਚ ਅੱਧਾ ਚਮਚ ਨਮਕ ਅਤੇ ਦੋ ਛੋਟੇ ਚਮਚ ਖੰਡ ਮਿਲਾ ਦਿਓ ਅਤੇ ਦਹੀਂ ਨੂੰ ਵੜਿਆਂ ਉਪਰ ਪਾ ਦਿਓ ਅਤੇ ਫ਼ਿਰ ਭੁੰਨਿਆ ਹੋਇਆ ਜ਼ੀਰਾ, ਲਾਲ ਮਿਰਚ ਅਤੇ ਹਰਾ ਧਨੀਆਂ ਪਾ ਕੇ ਪਰੋਸੋ।
ਜਿਹੜੇ ਬੱਚੇ ਦਹੀਂ ਨਹੀਂ ਖਾਂਦੇ ਉਨ੍ਹਾਂ ਨੂੰ ਭੱਲੇ ਅਤੇ ਚਟਨੀ ‘ਚ ਦਹੀਂ ਮਿਲਾ ਕੇ ਖੁਆ ਸਕਦੇ ਹੋ।
ਵੈਸੇ ਤਾਂ ਇਹ ਬਹੁਤ ਹੀ ਪੌਸ਼ਟਿਕ ਅਤੇ ਸਵਾਦੀ ਹੁੰਦਾ ਹੈ, ਪਰ ਜੇਕਰ ਤੁਸੀਂ ਇਸ ਨੂੰ ਹੋਰ ਸਵਾਦੀ ਅਤੇ ਕਰਾਰਾ ਬਣਾਉਣਾ ਚਾਹੁੰਦੇ ਹੋ ਤਾਂ ਇਸ ‘ਚ ਪਾਪੜੀ ਮਿਲਾ ਕੇ ਵੀ ਖਾ ਸਕਦੇ ਹੋ। ਇਨ੍ਹਾਂ ਭੱਲਿਆਂ ਨਾਲ ਹੀ ਪਾਪੜੀ ਅਤੇ ਚਟਨੀ ਪਾ ਕੇ ਘਰ ਆਏ ਮਹਿਮਾਨਾਂ ਨੂੰ ਅਤੇ ਬੱਚਿਆਂ ਨੂੰ ਖ਼ੁਸ਼ ਕਰ ਸਕਦੇ ਹੋ।










