
ਵੈਸ਼ਾਲੀ ਦੇ ਰਾਘੋਪੁਰ ਵਿੱਚ ਗੰਗਾ ਨਦੀ ਵਿੱਚ ਇੱਕ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿੱਚ 13 ਬੱਚਿਆਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ 6 ਤੋਂ 15 ਸਾਲ ਦੇ ਵਿਚਕਾਰ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿੱਚੋਂ ਸੱਤ ਕੁੜੀਆਂ ਇੱਕੋ ਪਰਿਵਾਰ ਦੀਆਂ ਸਨ। ਇਹ ਹਾਦਸਾ ਮੰਗਲਵਾਰ ਰਾਤ 8:30 ਵਜੇ ਦੇ ਕਰੀਬ ਵਾਪਰਿਆ, ਜਦੋਂ 25 ਤੋਂ ਵੱਧ ਲੋਕ ਇੱਕ ਛੋਟੀ ਕਿਸ਼ਤੀ ਵਿੱਚ ਸ਼ਰਾਧ ਦੇ ਇੱਕ ਸਮਾਗਮ ‘ਚ ਸ਼ਾਮਿਲ ਹੋਣ ਲਈ ਨਦੀ ਪਾਰ ਕਰ ਰਹੇ ਸਨ।
ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ ਹੈ। ਸਾਰੇ ਬੱਚਿਆਂ ਦੀਆਂ ਲਾਸ਼ਾਂ ਪਿੰਡ ਵਾਪਸ ਭੇਜ ਦਿੱਤੀਆਂ ਗਈਆਂ ਹਨ। ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚ ਪਿੰਕੀ ਕੁਮਾਰੀ, ਅੰਕਿਤਾ ਕੁਮਾਰੀ, ਸੁਨੀਤਾ ਕੁਮਾਰੀ, ਆਰੀਅਨ ਕੁਮਾਰ, ਅਲੀਸ਼ਾ ਕੁਮਾਰੀ, ਸਿੱਕੀ ਕੁਮਾਰੀ, ਭੋਨੂ ਕੁਮਾਰੀ ਅਤੇ ਮੀਰਾ ਕੁਮਾਰੀ ਸ਼ਾਮਲ ਹਨ।
ਵੈਸ਼ਾਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਰਸ਼ਾ ਸਿੰਘ ਨੇ ਦੱਸਿਆ ਕਿ ਸੱਤ ਜ਼ਖਮੀਆਂ ਨੂੰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਇਸ ਦੌਰਾਨ, ਮੁੱਖ ਮੰਤਰੀ ਸਮਰਾਟ ਚੌਧਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਅਤੇ ਪ੍ਰਧਾਨ ਮੰਤਰੀ ਦਫ਼ਤਰ ਨੇ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50,000 ਰੁਪਏ ਪ੍ਰਤੀ ਵਿਅਕਤੀ ਮਿਲਣਗੇ।














