ਡਾ.HS ਡਾਰਲਿੰਗ
ਸਵਾਲ: ਕੀ ਸਮਾਜ ਦੇ ਆਮ ਵਰਗਾਂ ਵਾਂਗ ਕੈਂਸਰ ਫ਼ਿਲ਼ਮ ਸਿਤਾਰਿਆਂ ਜਾਂ ਹੋਰ ਪ੍ਰਸਿੱਧ ਹਸਤੀਆਂ ਨੂੰ ਵੀ ਘੇਰਦਾ ਹੈ?
ਜਵਾਬ: ਕੈਂਸਰ ਜ਼ਾਤ ਜਾਂ ਵਰਗ ਨਹੀਂ ਪਛਾਣਦਾ। ਕੋਈ ਵੀ ਇਸ ਦੇ ਅੜਿੱਕੇ ਆ ਸਕਦਾ ਹੈ। ਐਨਾ ਜ਼ਰੂਰ ਹੈ ਕਿ ਪੜ੍ਹੇ ਲਿਖੇ, ਜਾਗਰੂਕ ਅਤੇ ਵਿਤੋਂ ਸਰਦੇ-ਪੁੱਜਦੇ ਲੋਕ ਜਲਦੀ ਅਤੇ ਬਿਹਤਰ ਇਲਾਜ ਕਰਵਾ ਕੇ ਕੈਂਸਰ ਤੋਂ ਹੋਣ ਵਾਲੀ ਸ਼ਰੀਰਕ ਮਾਰ ਨੂੰ ਕਾਫ਼ੀ ਹੱਦ ਤਕ ਠੱਲ੍ਹ ਸਕਦੇ ਹਨ। ਬਹੁਤ ਸਾਰੀਆਂ ਰਾਸ਼ਟਰੀ, ਕੌਮਾਂਤਰੀ ਸ਼ਖ਼ਸੀਅਤਾਂ ਜਾਂ ਫ਼ਿਲਮ-ਜਗਤ, ਖੇਡ-ਜਗਤ, ਰਾਜਨੀਤੀ ਜਾਂ ਉਦਯੋਗ ਜਗਤ ਨਾਲ ਸੰਬੰਧਤ ਉੱਘੀਆਂ ਹਸਤੀਆਂ ਨੇ ਕੈਂਸਰ ਨਾਲ ਜੱਦੋਜਹਿਦ ਕੀਤੀ ਹੈ ਜਿਵੇਂ ਐਪਲ ਕੰਪਨੀ ਦੇ ਪ੍ਰਮੁੱਖ ਸਟੀਵ ਜੌਬਜ਼, ਉੱਘੇ ਨੇਤਾ ਨੈਲਸਨ ਮੰਡੇਲਾ, ਨਿਊ ਜ਼ੀਲੈਂਡ ਦਾ ਮਹਾਨ ਬੱਲੇਬਾਜ਼ ਮਾਰਟਿਨ ਕਰੋਅ, ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਭਾਰਤੀ ਫ਼ਿਲਮੀ ਸਿਤਾਰੇ ਮੁਮਤਾਜ਼, ਵਿਨੋਦ ਖੰਨਾ, ਰਾਜੇਸ਼ ਖੰਨਾ, ਨਰਗਿਸ ਦੱਤ, ਇਰਫ਼ਾਨ ਖ਼ਾਨ, ਲੀਜ਼ਾ ਰੇਅ, ਮਨੀਸ਼ਾ ਕੋਇਰਾਲਾ, ਨਿਰਦੇਸ਼ਕ ਅਨੁਰਾਗ ਬਾਸੂ ਅਤੇ ਹੁਣ ਸੋਨਾਲੀ ਬੇਂਦਰੇ।
ਸਵਾਲ: ਡਾਕਟਰੀ ਜਾਂਚ ਨਿਯਮਿਤ ਕਰਵਾਉਣ ਵਾਲਿਆਂ ਨੂੰ ਵੀ ਕੈਂਸਰ ਕਿਵੇਂ ਹੋ ਜਾਂਦਾ ਹੈ?
ਜਵਾਬ: ਕੈਂਸਰ ਅਮੀਰੀ ਗ਼ਰੀਬੀ ਵਿੱਚ ਭੇਦ ਨਹੀਂ ਕਰਦਾ। ਨਿਯਮਿਤ ਜਾਂਚ ਦੇ ਬਾਵਜੂਦ ਕੈਂਸਰ ਅਣਪਛਾਤਾ ਰਹਿ ਸਕਦਾ ਹੈ। ਦਰਅਸਲ ਕੁੱਝ ਕੈਂਸਰ ਅਜਿਹੇ ਹਨ ਜੋ ਸਾਲ ਛੇ ਮਹੀਨੇ ਵਿੱਚ ਹੀ ਪੈਦਾ ਹੋ ਕੇ ਘਾਤਕ ਹੋ ਨਿਬੜਦੇ ਹਨ। ਇਸ ਲਈ ਅਜਿਹੀ ਕੋਈ ਪ੍ਰੀਖਣ ਪ੍ਰਣਾਲੀ ਨਹੀਂ ਜੋ ਸ਼ਤ-ਪ੍ਰਤੀਸ਼ਤ ਕੈਂਸਰ ਦੀ ਮੁਢੋਂ ਸ਼ਨਾਖ਼ਤ ਨੂੰ ਯਕੀਨੀ ਬਣਾ ਸਕੇ। ਹਾਂ, ਨਿਯਮਿਤ ਜਾਂਚ ਅਤੇ ਡਾਕਟਰੀ ਮਸ਼ਵਰੇ ਨਾਲ ਬਹੁਤ ਸਾਰੇ ਕੈਂਸਰਾਂ ਨੂੰ ਮੁਢਲੇ ਪੜਾਵਾਂ ‘ਤੇ ਹੀ ਫ਼ੜਿਆ ਜਾ ਸਕਦਾ ਹੈ, ਅਤੇ ਸਫ਼ਲ ਇਲਾਜ ਦੀ ਸੰਭਾਵਨਾ ਵੱਧ ਸਕਦੀ ਹੈ ਬਸ਼ਰਤੇ ਸਮੇਂ ਸਿਰ ਢੁਕਵੇਂ ਕਦਮ ਚੁੱਕੇ ਜਾਣ।
ਸਵਾਲ: ਸੋਨਾਲੀ ਬੇਂਦਰੇ ਨੂੰ ਕਿਹੜਾ ਕੈਂਸਰ ਹੋਇਆ ਹੈ?
ਜਵਾਬ: ਵਧੇਰੇ ਕਰਕੇ ਕੈਂਸਰ ਇੱਕ ਅੰਗ ਤੋਂ ਸ਼ੁਰੂ ਹੋ ਕੇ ਦੂਸਰੇ ਅੰਗਾਂ ਤਕ ਫ਼ੈਲਦਾ ਹੈ। ਪੰਜ ਫ਼ੀਸਦੀ ਤੋਂ ਵੀ ਘੱਟ ਮਾਮਲਿਆਂ ਵਿੱਚ ਇਹ ਤੈਅ ਨਹੀਂ ਹੋ ਸਕਦਾ ਕਿ ਕੈਂਸਰ ਕਿਹੜੇ ਅੰਗ ਤੋਂ ਸ਼ੁਰੂ ਹੋਇਆ ਸੀ। ਅਦਾਕਾਰਾ ਸੋਨਾਲੀ ਨੂੰ ਵੀ ਚੌਥੇ ਪੜਾਅ ਦਾ ਅਜਿਹਾ ਹੀ ਕੈਂਸਰ ਹੋਇਆ ਹੈ। ਇਸ ਨੂੰ ਅਣਜਾਣੀ ਸ਼ੁਰੂਆਤ ਵਾਲਾ ਕੈਂਸਰ ਕਹਿੰਦੇ ਹਨ। ਅਸਲ ਵਿੱਚ ਕੈਂਸਰ ਦੇ ਚਾਰ ਪੜਾਅ ਹੁੰਦੇ ਹਨ। ਪਹਿਲੇ ਪੜਾਅ ਵਿੱਚ ਚੀਰਫ਼ਾੜ, ਦੂਜੇ ਅਤੇ ਤੀਜੇ ਵਿੱਚ ਕੀਮੋਥੈਰੇਪੀ ਅਤੇ ਸੇਕਾਈ ਅਤੇ ਚੌਥੇ ਪੜਾਅ ਵਿੱਚ ਕੇਵਲ ਕੀਮੋਥੈਰੇਪੀ ਨਾਲ ਇਲਾਜ ਕੀਤਾ ਜਾਂਦਾ ਹੈ। ਤੀਜੇ ਪੜਾਅ ਤਕ ਕੈਂਸਰ ਨੂੰ ਜੜ੍ਹੋਂ ਮੁਕਾਇਆ ਜਾ ਸਕਦਾ ਹੈ ਜਦਕਿ ਚੌਥੇ ਪੜਾਅ ਵਿੱਚ ਸਿਰਫ਼ ਕੁੱਝ ਹੱਦ ਤਕ ਅਤੇ ਸੀਮਤ ਸਮੇਂ ਤਕ ਕਾਬੂ ਕੀਤਾ ਜਾ ਸਕਦਾ ਹੈ। ਸੋਨਾਲੀ ਵਾਲੇ ਕੈਂਸਰ ਦਾ ਇਲਾਜ ਕੀਮੋਥੈਰੇਪੀ ਨਾਲ ਹੀ ਹੁੰਦਾ ਹੈ। ਅੱਜ-ਕੱਲ੍ਹ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਨਾਲ ਕੈਂਸਰ ਦੀਆਂ ਕੋਸ਼ਿਕਾਵਾਂ ਵਿੱਚ ਕੁੱਝ ਨਿਸ਼ਾਨੇ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਘੱਟ ਦੁਰਪ੍ਰਭਾਵ ਸਹਿ ਕੇ ਨਿਸ਼ਾਨਾ-ਮਾਰੂ ਦਵਾਈਆਂ ਨਾਲ ਕੈਂਸਰ ਕੋਸ਼ਿਕਾਵਾਂ ਨੂੰ ਸੇਧਿਆ ਜਾ ਸਕੇ। ਇਸ ਤੋਂ ਇਲਾਵਾ ਇਮਿਊਨੋਥੈਰੇਪੀ ਵੀ ਇੱਕ ਬਦਲ ਹੈ। ਇਸ ਰਾਹੀਂ ਰੋਗ ਨਾਲ ਲੜਨ ਦੀ ਸਮਰੱਥਾ ਵਧਦੀ ਹੈ।
ਸਵਾਲ: ਅਦਾਕਾਰ ਇਰਫ਼ਾਨ ਖ਼ਾਨ ਨੂੰ ਹੋਇਆ ਕੈਂਸਰ ਕਿਸ ਪ੍ਰਕਾਰ ਦਾ ਹੈ?
ਜਵਾਬ: ਅਦਾਕਾਰ ਇਰਫ਼ਾਨ ਖ਼ਾਨ ਨੂੰ ਇੱਕ ਵਿਰਲੇ ਕਿਸਮ ਦਾ ਕੈਂਸਰ ਹੈ, ਇਸ ਨੂੰ ਨਿਊਰੋਐਨਡੋਕਰਾਈਨ ਟਿਊਮਰ ਕਹਿੰਦੇ ਹਨ। ਜੇਕਰ ਟਿਊਮਰ ਜ਼ਿਆਦਾ ਨਾ ਫ਼ੈਲਿਆ ਹੋਵੇ ਤਾਂ ਔਪ੍ਰੇਸ਼ਨ ਕੀਤਾ ਜਾਂਦਾ ਹੈ ਨਹੀਂ ਤਾਂ ਮਹੀਨਾਵਾਰ ਟੀਕਿਆਂ ਨਾਲ ਇਲਾਜ ਕੀਤਾ ਜਾਂਦਾ ਹੈ। ਕੀਮੋਥੈਰੇਪੀ ਅਤੇ ਰੇਡੀਓ-ਨਿਊਕਲਾਈਡ ਥੈਰੇਪੀ ਕੁੱਝ ਹੋਰ ਵਿਕਲਪ ਹਨ। ਅਕਸਰ ਇਹ ਟਿਊਮਰ ਹੌਲੀ ਹੌਲੀ ਫ਼ੈਲਦਾ ਹੈ, ਅਤੇ ਇਲਾਜ ਨਾਲ ਕਾਫ਼ੀ ਦੇਰ ਤਕ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।
ਸਵਾਲ: ਕ੍ਰਿਕਟਰ ਯੁਵਰਾਜ ਸਿੰਘ ਨੂੰ ਵੀ ਕੈਂਸਰ ਹੋਇਆ ਸੀ। ਉਹ ਕੈਂਸਰ ਕਿਵੇਂ ਵੱਖ ਸੀ?
ਜਵਾਬ: ਸੈਮੀਨੋਮਾ ਇੱਕ ਅੰਦਰੂਨੀ ਜਣਨ ਅੰਗ ਤੋਂ ਪੈਦਾ ਹੋਣ ਵਾਲਾ ਕੈਂਸਰ ਹੈ ਜੋ ਜਵਾਨ ਗੱਭਰੂਆਂ ਵਿੱਚ ਹੁੰਦਾ ਹੈ। ਇਹ ਕੈਂਸਰ ਕੀਮੋਥੈਰੇਪੀ ਨਾਲ 90 ਫ਼ੀਸਦੀ ਮਰੀਜ਼ਾਂ ਵਿੱਚ ਠੀਕ ਹੋ ਜਾਂਦਾ ਹੈ। ਯੁਵਰਾਜ ਨੂੰ ਤੀਜੇ ਪੜਾਅ ਦਾ ਇਹੋ ਕੈਂਸਰ ਹੋਇਆ ਸੀ ਅਤੇ ਇਹ ਫ਼ੇਫ਼ੜਿਆਂ ਤਕ ਫ਼ੈਲ ਚੁੱਕਿਆ ਸੀ। ਉਮੀਦ ਮੁਤਾਬਿਕ, ਕੀਮੋਥੈਰੇਪੀ ਦਾ ਵਧੀਆ ਨਤੀਜਾ ਆਇਆ ਅਤੇ ਉਹ ਤੰਦਰੁਸਤ ਹੋ ਗਿਆ।
ਯੁਵਰਾਜ ਵਾਂਗ ਅਭਿਨੇਤਰੀ ਮਨੀਸ਼ਾ ਕੋਇਰਾਲਾ ਨੂੰ ਤੀਜੇ ਪੜਾਅ ਦਾ ਅੰਡਕੋਸ਼ ਦਾ ਕੈਂਸਰ ਉਮਰ ਦੇ 42ਵੇਂ ਵਰ੍ਹੇ ਵਿੱਚ ਹੋਇਆ ਸੀ। ਆਮ ਤੌਰ ‘ਤੇ ਇਹ ਕੈਂਸਰ 60 ਵਰ੍ਹੇ ਤੋਂ ਉੱਪਰ ਦੀਆਂ ਔਰਤਾਂ ਨੂੰ ਹੁੰਦਾ ਹੈ। ਜਵਾਨੀ ਵਿੱਚ ਹੋਣ ‘ਤੇ ਜਮਾਂਦਰੂ ਕੈਂਸਰ ਪ੍ਰਵਿਰਤੀ ਦੀ ਸ਼ੰਕਾ ਹੁੰਦੀ ਹੈ। ਸਫ਼ਲ ਸਰਜਰੀ ਅਤੇ ਛੇ ਮਹੀਨੇ ਦੀ ਕੀਮੋਥੈਰੇਪੀ ਨਾਲ ਉਹ ਠੀਕ ਹੋ ਗਈ। ਪਿਛਲੇ ਪੰਜ ਸਾਲਾਂ ਤੋਂ ਉਹ ਤੰਦਰੁਸਤ ਜੀਵਨ ਬਿਤਾ ਰਹੀ ਹੈ।
ਸਵਾਲ: ਅਜਿਹਾ ਕਿਉਂ ਹੈ ਕਿ ਕੁੱਝ ਮਰੀਜ਼ ਮਹਿੰਗੇ ਤੋਂ ਮਹਿੰਗਾ ਇਲਾਜ ਕਰਾ ਕੇ ਵੀ ਕੈਂਸਰ ਦੀ ਭੇਂਟ ਚੜ੍ਹ ਜਾਂਦੇ ਹਨ?
ਜਵਾਬ: ਕੈਂਸਰ ਹੋਏਗਾ ਕਿਸ ਨੂੰ, ਇਹ ਕਹਿਣਾ ਤਾਂ ਬਹੁਤ ਮੁਸ਼ਕਿਲ ਹੈ ਪ੍ਰੰਤੂ ਇਸ ਦੀ ਜਲਦੀ ਸ਼ਨਾਖ਼ਤ ਕਰਨਾ ਅਤੇ ਸਮੇਂ ਸਿਰ ਸਹੀ ਇਲਾਜ ਕਰਾਉਣਾ ਜ਼ਰੂਰ ਇਨਸਾਨ ਦੇ ਹੱਥ ਹੈ। ਕੈਂਸਰ ਦੀ ਸ਼ਨਾਖ਼ਤ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਹੈ ਕੈਂਸਰ ਦੀ ਕਿਸਮ ਅਤੇ ਪੜਾਅ ਬਾਰੇ ਜਾਣਕਾਰੀ ਹਾਸਿਲ ਕਰਨਾ। ਬਿਹਤਰ ਹੀਲੇ ਵਸੀਲੇ ਹੋਣ ਕਰ ਕੇ ਅਮੀਰ ਲੋਕ ਬਿਹਤਰ ਇਲਾਜ ਜ਼ਰੂਰ ਕਰਵਾ ਲੈਂਦੇ ਹਨ, ਪ੍ਰੰਤੂ ਇਹ ਦੋ ਚੀਜ਼ਾਂ ਨਹੀਂ ਬਦਲ ਸਕਦੀਆਂ। ਇਸੇ ਕਰ ਕੇ ਚੌਥੇ ਪੜਾਅ ਤੇ ਸ਼ਨਾਖ਼ਤ ਤੋਂ ਬਾਅਦ ਜ਼ਿਆਦਾਤਰ ਮਾਮਲਿਆਂ ਵਿੱਚ ਇੱਕ ਸੀਮਤ ਸਮੇਂ ਦੀ ਜ਼ਿੰਦਗੀ ਹੀ ਨਸੀਬ ਹੁੰਦੀ ਹੈ।
8826388099










