ਕੇਜਰੀਵਾਲ ਦੀ ਤਿਹਾੜ ਜੇਲ੍ਹ ‘ਚ ਬੇਚੈਨੀ ਭਰੀ ਲੰਘੀ ਰਾਤ, ਬਲੱਡ ਸ਼ੂਗਰ ਦਾ ਪੱਧਰ ਘਟਿਆ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਿਹਾੜ ਜੇਲ੍ਹ ‘ਚ ਬੇਚੈਨੀ ਭਰੀ ਰਾਤ ਲੰਘੀ। ਉਨ੍ਹਾਂ ਨੂੰ 14 ਫੁੱਟ ਲੰਬੀ ਅਤੇ 8 ਫੁੱਟ ਚੌੜੀ ਕੋਠੜੀ ‘ਚ ਸੈਰ ਕਰਦੇ ਦੇਖਿਆ ਗਿਆ ਅਤੇ ਉਹ ਕੁਝ ਦੇਰ ਲਈ ਸੁੱਤੇ। ਜੇਲ੍ਹ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਕੇਜਰੀਵਾਲ ਨੂੰ ਸੋਮਵਾਰ ਨੂੰ ਰਾਊਜ਼ ਐਵੇਨਿਊ ਕੋਰਟ ਨੇ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਜੇਲ੍ਹ ਅਧਿਕਾਰੀਆਂ ਮੁਤਾਬਕ ਕੇਜਰੀਵਾਲ ਨੂੰ ਸੋਮਵਾਰ ਸ਼ਾਮ 4 ਵਜੇ ਤਿਹਾੜ ਜੇਲ੍ਹ ਲਿਆਂਦਾ ਗਿਆ ਅਤੇ ਪਹਿਲਾਂ ਡਾਕਟਰੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਸੈੱਲ ਵਿਚ ਭੇਜ ਦਿੱਤਾ ਗਿਆ, ਜਿੱਥੇ ਉਹ ਇਕੱਲੇ ਰਹਿ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦਾ ਬਲੱਡ ਸ਼ੂਗਰ ਦਾ ਪੱਧਰ 50 ਮਿਲੀਗ੍ਰਾਮ/ਡੀ.ਐਲ. ਤੋਂ ਘੱਟ ਸੀ ਅਤੇ ਡਾਕਟਰਾਂ ਦੀ ਸਲਾਹ ‘ਤੇ ਦਵਾਈਆਂ ਦਿੱਤੀਆਂ ਗਈਆਂ।
ਕੇਜਰੀਵਾਲ ਜੇਲ੍ਹ ਜਾਣ ਵਾਲੇ ਭਾਰਤ ਦੇ ਪਹਿਲੇ ਮੌਜੂਦਾ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਨੰਬਰ-2 ਵਿਚ ਰੱਖਿਆ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਅਤੇ ਬੱਚੇ ਮੰਗਲਵਾਰ ਨੂੰ ਉਨ੍ਹਾਂ ਨੂੰ ਮਿਲ ਸਕਦੇ ਹਨ। ਇਕ ਸੂਤਰ ਨੇ ਮੰਗਲਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਨੂੰ ਦੁਪਹਿਰ ਨੂੰ ਚਾਹ ਅਤੇ ਰਾਤ ਨੂੰ ਘਰ ਦਾ ਬਣਿਆ ਖਾਣਾ ਪਰੋਸਿਆ ਗਿਆ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਨੂੰ ਇਕ ਗੱਦਾ, ਕੰਬਲ ਅਤੇ ਦੋ ਸਿਰਹਾਣੇ ਦਿੱਤੇ ਗਏ ਹਨ। ਸੂਤਰ ਨੇ ਦੱਸਿਆ ਕਿ ਉਹ ਸੀਮੈਂਟ ਦੇ ਬਣੇ ਬੈਚ ‘ਤੇ ਕੁਝ ਦੇਰ ਲਈ ਸੁੱਤੇ ਅਤੇ ਦੇਰ ਰਾਤ ਉਨ੍ਹਾਂ ਨੂੰ ਆਪਣੇ ਕਮਰੇ ‘ਚ ਸੈਰ ਕਰਦੇ ਦੇਖਿਆ ਗਿਆ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਵੀ ਕੇਜਰੀਵਾਲ ਦਾ ਬਲੱਡ ਸ਼ੂਗਰ ਦਾ ਪੱਧਰ ਘੱਟ ਸੀ ਅਤੇ ਉਹ ਤਿਹਾੜ ਜੇਲ੍ਹ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਨੇ ਦੱਸਿਆ ਕਿ ਕੇਜਰੀਵਾਲ ਨੂੰ ਦੁਪਹਿਰ ਅਤੇ ਰਾਤ ਦੇ ਸਮੇਂ ਘਰ ਦਾ ਬਣਿਆ ਭੋਜਨ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ, ਜਦੋਂ ਤੱਕ ਉਨ੍ਹਾਂ ਦਾ ਬਲੱਡ ਸ਼ੂਗਰ ਦਾ ਪੱਧਰ ਆਮ ਨਹੀਂ ਹੋ ਜਾਂਦਾ।
ਸੂਤਰਾਂ ਨੇ ਦੱਸਿਆ ਕਿ ਕੇਜਰੀਵਾਲ ਨੇ ਸਵੇਰੇ ਆਪਣੀ ਕੋਠੜੀ ਵਿਚ ਮੈਡੀਟੇਸ਼ਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚਾਹ ਅਤੇ ਦੋ ਬਿਸਕੁਟ ਦਿੱਤੇ ਗਏ। ਤਿਹਾੜ ਜੇਲ੍ਹ ਦੇ ਦੋ ਸੁਰੱਖਿਆ ਕਾਮੇ ਅਤੇ ਇਕ ਜੇਲ੍ਹ ਵਾਰਡਰ ਨੂੰ ਕੋਠੜੀ ਦੇ ਬਾਹਰ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਸੀ. ਸੀ. ਟੀ. ਵੀ ਕੈਮਰਿਆਂ ਰਾਹੀਂ ਉਨ੍ਹਾਂ ‘ਤੇ ਨਜ਼ਰ ਰੱਖ ਰਹੇ ਹਨ ਜਦੋਂ ਕਿ ਕੋਠੜੀ ਨੇੜੇ ਰੈਪਿਡ ਰਿਸਪਾਂਸ ਟੀਮ ਤਾਇਨਾਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਜਿਹੜੀਆਂ ਕਿਤਾਬਾਂ ਦੀ ਮੰਗ ਕੀਤੀ ਸੀ, ਉਹ ਉਨ੍ਹਾਂ ਨੂੰ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ‘ਰਾਮਾਇਣ’, ‘ਮਹਾਭਾਰਤ’ ਅਤੇ ‘ਪ੍ਰਧਾਨ ਮੰਤਰੀ ਕਿਵੇਂ ਫੈਸਲਾ ਲੈਂਦੇ ਹਨ’ ਲਈ ਬੇਨਤੀ ਕੀਤੀ ਸੀ। ਕੇਜਰੀਵਾਲ ਨੇ ਧਾਰਮਿਕ ਲਾਕੇਟ ਪਾਇਆ ਹੋਇਆ ਸੀ ਅਤੇ ਉਨ੍ਹਾਂ ਨੂੰ ਇਸ ਨੂੰ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਹੈ। ਨਿਯਮਾਂ ਮੁਤਾਬਕ ਕੇਜਰੀਵਾਲ ਨੇ 6 ਲੋਕਾਂ ਦੀ ਸੂਚੀ ਦਿੱਤੀ ਹੈ, ਜਿਨ੍ਹਾਂ ਨੂੰ ਉਹ ਮਿਲਣਾ ਚਾਹੁੰਦੇ ਹਨ। ਇਸ ਸੂਚੀ ਵਿਚ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ, ਉਨ੍ਹਾਂ ਦੇ ਪੁੱਤਰ ਅਤੇ ਧੀ, ਉਨ੍ਹਾਂ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਅਤੇ ‘ਆਪ’ ਦੇ ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ ਸ਼ਾਮਲ ਹਨ।