ਨਵੀਂ ਦਿੱਲੀ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਸਿਹਤ ਖ਼ਰਾਬ ਹੋ ਜਾਣ ਕਾਰਨ ਬੁੱਧਵਾਰ ਸਵੇਰੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਡਾਕਟਰਾਂ ਵਲੋਂ ਉਨ੍ਹਾਂ ਦਾ ਰੁਟੀਨ ਚੈੱਕਅਪ ਕੀਤਾ ਗਿਆ। ਪਾਰਟੀ ਨੇਤਾ ਜੈਰਾਮ ਰਮੇਸ਼ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕਾਂਗਰਸ ਦੇ ਜਨਰਲ ਸਕੱਤਰ ਰਮੇਸ਼ ਨੇ ਕਿਹਾ,”ਉਹ ਹੁਣ ਘਰ ਵਾਪਸ ਆ ਗਏ ਹਨ।” ਸੋਨੀਆ ਗਾਂਧੀ ਦੇ ਹਸਪਤਾਲ ਵਿੱਚ ਭਰਤੀ ਹੋਣ ਦੀ ਖ਼ਬਰ ਤੋਂ ਬਾਅਦ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਹਸਪਤਾਲ ਗਏ।
ਸੂਤਰਾਂ ਅਨੁਸਾਰ, ਸੋਨੀਆ ਗਾਂਧੀ ਨੂੰ ਮੰਗਲਵਾਰ ਰਾਤ ਲਗਭਗ 10:30 ਵਜੇ ਮੇਦਾਂਤਾ ਇੰਸਟੀਚਿਊਟ ਆਫ਼ ਡਾਈਜੈਸਟਿਵ ਐਂਡ ਹੈਪੇਟੋਬਿਲਰੀ ਸਾਇੰਸਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ, 24 ਮਾਰਚ ਨੂੰ ਸਾਬਕਾ ਕਾਂਗਰਸ ਪ੍ਰਧਾਨ ਨੂੰ ਬੁਖਾਰ ਹੋਣ ਤੋਂ ਬਾਅਦ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਹ ਸੱਤ ਦਿਨਾਂ ਤੱਕ ਹਸਪਤਾਲ ਵਿੱਚ ਰਹੇ। ਡਾਕਟਰ ਪੇਟ ਅਤੇ ਪਿਸ਼ਾਬ ਨਾਲੀ ਵਿੱਚ ਸੰਭਾਵਿਤ ਇਨਫੈਕਸ਼ਨ ਦੀ ਜਾਂਚ ਕਰ ਰਹੇ ਹਨ। ਆਪਣੀ ਮਾਂ ਦੀ ਸਿਹਤ ਦੀ ਚਿੰਤਾ ਕਾਰਨ ਰਾਹੁਲ ਗਾਂਧੀ ਵਲੋਂ ਆਪਣਾ ਕੇਰਲ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰ ਘੰਟੇ ਰਹਿਣ ਤੋਂ ਬਾਅਦ, ਗਾਂਧੀ ਨੂੰ ਛੁੱਟੀ ਦੇ ਦਿੱਤੀ ਗਈ।















