ਨਗਰ ਨਿਗਮ ਚੋਣ ਨਤੀਜੇ: ਮੇਅਰ ਅਤੇ ਕੌਂਸਲਰਾਂ ਦੀ ਕਿਸਮਤ ਦਾ ਫੈਸਲਾ ਅੱਜ, ਵੋਟਾਂ ਦੀ ਗਿਣਤੀ ਜਾਰੀ

ਚੰਡੀਗੜ੍ਹ- ਹਰਿਆਣਾ ‘ਚ ਅੰਬਾਲਾ, ਪੰਚਕੂਲਾ, ਸੋਨੀਪਤ ਦੇ ਨਗਰ ਨਿਗਮਾਂ ਅਤੇ ਕੁਝ ਹੋਰ ਸਿਵਿਕ ਬਾਡੀਜ਼ ਲਈ ਵੋਟਾਂ ਦੀ ਗਿਣਤੀ ਬੁੱਧਵਾਰ ਨੂੰ ਜਾਰੀ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਅੰਬਾਲਾ, ਪੰਚਕੂਲਾ ਅਤੇ ਸੋਨੀਪਤ ‘ਚ ਮੇਅਰ ਅਤੇ ਵਾਰਡ ਕੌਂਸਲਰਾਂ ਦੀ ਚੋਣਾਂ ਲਈ, ਰੇਵਾੜੀ ਨਗਰ ਕੌਂਸਲ ‘ਚ ਪ੍ਰਧਾਨ ਅਤੇ ਕੌਂਸਲਰਾਂ ਲਈ ਅਤੇ ਰੋਹਤਕ ਜ਼ਿਲ੍ਹੇ ਦੇ ਸਾਂਪਲਾ, ਰੇਵਾੜੀ ਜ਼ਿਲ੍ਹੇ ਦੇ ਧਾਰੂਹੇੜਾ ਅਤੇ ਹਿਸਾਰ ਜ਼ਿਲ੍ਹੇ ਦੇ ਉਕਲਾਨਾ ਦੀਆਂ ਨਗਰ ਕਮੇਟੀਆਂ ਦੇ ਪ੍ਰਧਾਨਾਂ ਅਤੇ ਕੌਂਸਲਾਂ ਲਈ ਐਤਵਾਰ ਨੂੰ ਵੋਟਿੰਗ ਹੋਈ ਸੀ। ਇਸ ਤੋਂ ਇਲਾਵਾ ਟੋਹਾਨਾ, ਝੱਜਰ, ਰਾਜੌਂਦ, ਤਰਾਵੜੀ, ਕਨੀਨਾ ਅਤੇ ਸਾਢੌਰਾ ਦੀਆਂ ਨਗਰ ਕੌਂਸਲਾਂ ਅਤੇ ਨਗਰ ਕਮੇਟੀਆਂ ‘ਚ ਇਕ-ਇਕ ਵਾਰਡ ਲਈ ਜ਼ਿਮਨੀ ਚੋਣਾਂ ਵੀ ਹੋਈਆਂ ਸਨ।
ਤਿੰਨੋਂ ਨਗਰ ਨਿਗਮਾਂ ‘ਚ ਚੋਣਾਂ ਲੜ ਰਹੇ ਉਮੀਦਵਾਰਾਂ ‘ਚੋਂ, ਅੰਬਾਲਾ ‘ਚ ਮੇਅਰ ਅਹੁਦੇ ਲਈ ਭਾਜਪਾ ਨੇ ਕਾਂਗਰਸ ਦੀ ਉਮੀਦਵਾਰ ਕੁਲਵਿੰਦਰ ਕੌਰ ਖ਼ਿਲਾਫ਼ ਅਕਸ਼ਿਤਾ ਸੈਨੀ ਨੂੰ ਮੈਦਾਨ ‘ਚ ਉਤਾਰਿਆ ਸੀ। ਸੋਨੀਆ ਰਾਣੀ ਨੇ ਇਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਪੰਚਕੂਲਾ ‘ਚ, ਭਾਜਪਾ ਦੇ ਸ਼ਿਆਮਲਾਲ ਬੰਸਲ ਅਤੇ ਕਾਂਗਰਸ ਦੀ ਸੁਧਾ ਭਾਰਦਵਾਜ ਨੇ ਮੇਅਰ ਅਹੁਦੇ ਲਈ ਚੋਣ ਲੜੀ, ਨਾਲ ਹੀ ‘ਆਪ’ ਦੇ ਰਾਜੇਸ਼ ਕੁਮਾਰ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਆਈਐੱਨਐੱਲਡੀ) ਦੇ ਮਨੋਜ ਅਗਰਵਾਲ ਵੀ ਮੈਦਾਨ ‘ਚ ਸਨ। ਸੋਨੀਪਤ ‘ਚ ਮੇਅਰ ਅਹੁਦੇ ਲਈ ਭਾਜਪਾ ਦੇ ਰਾਜੀਵ ਜੈਨ ਨੂੰ ਉਮੀਦਵਾਰ ਬਣਾਇਆ ਸੀ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਕਮਲ ਦੀਵਾਨ ਸਨ। ਹਰਿਆਣਾ ਰਾਜ ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਕਿਹਾ ਕਿ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਰਿਟਰਨਿੰਗ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਗਿਣਤੀ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ, ਸ਼ਾਂਤੀਪੂਰਨ ਅਤੇ ਵਿਵਸਥਿਤ ਢੰਗ ਨਾਲ ਕੀਤੀ ਜਾਵੇ।