ਫ਼ਿਰ ਵਧਣ ਲੱਗੀ ਕੋਰੋਨਾ ਦੀ ਦਹਿਸ਼ਤ! ਜਲੰਧਰ ‘ਚ ਇਕ ਮਰੀਜ਼ ਨੇ ਤੋੜਿਆ ਦਮ

ਜਲੰਧਰ – ਕੋਰੋਨਾ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀ ਜਿੱਥੇ ਪਿਛਲੇ ਕਾਫੀ ਸਮੇਂ ਤੋਂ ਰਾਹਤ ਮਹਿਸੂਸ ਕਰ ਰਹੇ ਸਨ, ਉੱਥੇ ਹੀ ਐਤਵਾਰ ਦੇਰ ਰਾਤ ਸਿਵਲ ਹਸਪਤਾਲ ਵਿਚ ਕੋਰੋਨਾ ਪਾਜ਼ੇਟਿਵ 58 ਸਾਲਾ ਵਿਅਕਤੀ ਦੀ ਮੌਤ ਹੋਣ ਨਾਲ ਵਿਭਾਗ ਦੇ ਅਧਿਕਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬਸਤੀ ਪੀਰਦਾਦ ਦੇ ਰਹਿਣ ਵਾਲੇ ਉਕਤ ਵਿਅਕਤੀ ਨੂੰ ਉਸਦੇ ਪਰਿਵਾਰ ਵਾਲਿਆਂ ਨੇ 27 ਮਾਰਚ ਨੂੰ ਸਥਾਨਕ ਗੜ੍ਹਾ ਰੋਡ ’ਤੇ ਸਥਿਤ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ) ਵਿਚ ਦਾਖਲ ਕਰਵਾਇਆ ਸੀ ਅਤੇ ਉਸ ਨੂੰ ਲਿਵਰ ਸਿਰੋਸਿਸ ਅਤੇ ਫੇਫੜਿਆਂ ਦੀ ਬੀਮਾਰੀ ਹੋਣ ਕਾਰਨ ਉਥੇ ਉਸਦਾ ਆਰ. ਟੀ. ਪੀ. ਸੀ. ਆਰ. ਟੈਸਟ ਕੀਤਾ ਗਿਆ, ਜੋ ਕਿ ਪਾਜ਼ੇਟਿਵ ਆਇਆ।
ਪਤਾ ਲੱਗਾ ਹੈ ਕਿ ਪਿਮਸ ਵਾਲਿਆਂ ਨੇ 28 ਮਾਰਚ ਨੂੰ ਉਕਤ ਮਰੀਜ਼ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਅਤੇ 31 ਮਾਰਚ ਨੂੰ ਦੇਰ ਰਾਤ ਉਸ ਦੀ ਮੌਤ ਹੋ ਗਈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਕਰਵਾਇਆ ਜਾਵੇਗਾ।