ਪਟਿਆਲਾ : ਪਟਿਆਲਾ ‘ਚ ਜਨਮ ਦਿਨ ਮੌਕੇ ਕੇਕ ਖਾਣ ਨਾਲ 10 ਸਾਲਾ ਬੱਚੀ ਮਾਨਵੀ ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਸ ਜਾਂਚ ਦੌਰਾਨ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਸੂਤਰਾਂ ਦਾ ਆਖਣਾ ਹੈ ਕਿ ਮੁਲਜ਼ਮ ਬੇਕਰੀ ਵਾਲਾ ਲੋਕਾਂ ਨੂੰ ਤਾਜ਼ਾ ਕੇਕ ਨਹੀਂ ਵੇਚਦਾ ਸੀ। ਉਹ ਪਹਿਲਾਂ ਹੀ 30 ਤੋਂ 40 ਅੱਧ ਪੱਕੇ ਕੇਕ ਬਣਾ ਕੇ ਰੱਖ ਲੈਂਦਾ ਸੀ ਅਤੇ ਫਿਰ ਇਨ੍ਹਾਂ ਕੇਕ ਨੂੰ 75 ਡਿਗਰੀ ਤਾਪਮਾਨ ‘ਤੇ ਫਰਿੱਜ ਵਿਚ ਸਟੋਰ ਕਰ ਦਿੰਦਾ ਸੀ। ਅਜਿਹੇ ‘ਚ ਜਦੋਂ ਉਨ੍ਹਾਂ ਨੂੰ ਆਨਲਾਈਨ ਆਰਡਰ ਆਉਂਦਾ ਸੀ ਤਾਂ ਉਹ ਇਨ੍ਹਾਂ ਕੇਕ ਨੂੰ ਸਜਾ ਕੇ ਲੋਕਾਂ ਨੂੰ ਭੇਜ ਦਿੰਦਾ ਸੀ। ਇਥੇ ਹੀ ਬਸ ਨਹੀਂ ਇਸ ਦੌਰਾਨ ਇਹ ਵੀ ਚੈੱਕ ਨਹੀਂ ਕੀਤਾ ਜਾਂਦਾ ਸੀ ਕਿ ਕੇਕ ਠੀਕ ਹੈ ਜਾਂ ਖਰਾਬ ਹੈ।
ਇਹ ਗੱਲ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਈ ਹੈ। ਮੁਲਜ਼ਮਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਹੋਰ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਅਨਾਜ ਮੰਡੀ ਥਾਣਾ ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਤਿੰਨ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਚੌਥੇ ਮੁਲਜ਼ਮ ਨੂੰ ਕਾਬੂ ਕਰਨ ਲਈ ਪੁਲਸ ਕਾਰਵਾਈ ਜਾਰੀ ਹੈ।
ਕੀ ਕਹਿਣਾ ਹੈ ਪਰਿਵਾਰ
ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਜਨਮਦਿਨ ਸੀ ਅਤੇ ਅਸੀਂ ਆਨਲਾਈਨ ਕੇਕ ਮੰਗਵਾਇਆ ਸੀ, ਜਿਸ ਨੂੰ ਖਾਣ ਤੋਂ ਬਾਅਦ ਸਾਡਾ ਸਾਰਾ ਪਰਿਵਾਰ ਬੀਮਾਰ ਹੋ ਗਿਆ। ਇਸ ਤੋਂ ਬਾਅਦ ਦੇਰ ਰਾਤ ਮਾਨਵੀ ਦੀ ਤਬੀਅਤ ਜ਼ਿਆਦਾ ਖ਼ਰਾਬ ਹੋਈ। ਮਾਨਵੀ ਨੂੰ ਉਲਟੀਆਂ ਆਉਣ ਲੱਗੀਆਂ ਪਰ ਕੁਝ ਸਮੇਂ ਬਾਅਦ ਹੀ ਉਹ ਰਾਤ ਨੂੰ ਸੌਂ ਗਈ। ਉਂਝ ਰਾਤ ਵੇਲੇ ਮਾਨਵੀ ਨੇ ਜ਼ਿਆਦਾ ਮੂੰਹ ਸੁੱਕਣ ਮਗਰੋਂ ਦੋ ਵਾਰ ਪਾਣੀ ਵੀ ਪੀਤਾ ਪਰ ਸਵੇਰੇ ਜਦੋਂ ਉਨ੍ਹਾਂ ਵੇਖਿਆ ਤਾਂ ਉਨ੍ਹਾਂ ਦੀ ਬੇਟੀ ਦਾ ਸਰੀਰ ਠੰਡਾ ਪੈ ਚੁੱਕਿਆ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ‘ਚ ਡਾਕਟਰਾਂ ਵੱਲੋਂ ਮਾਨਵੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।