ਅਸਲ ਖੁਸ਼ੀ ਬੱਚਿਆਂ ਨਾਲ, ਪੈਸੇ ਅਤੇ ਪ੍ਰਸਿੱਧੀ ‘ਚ ਨਹੀਂ – ਅਰਜੁਨ ਰਾਮਪਾਲ

ਚਾਰ ਬੱਚਿਆਂ ਦੇ ਪਿਤਾ ਅਤੇ ਬੌਲੀਵੁਡ ਅਦਾਕਾਰ ਅਰਜੁਨ ਰਾਮਪਾਲ ਦਾ ਕਹਿਣਾ ਹੈ, “ਪਿਤਾ ਬਣਨਾ ਪ੍ਰਮਾਤਮਾ ਦਾ ਆਸ਼ੀਰਵਾਦ ਹੈ। ਸੱਚੀ ਖ਼ੁਸ਼ੀ ਤੁਹਾਡੇ ਬੱਚਿਆਂ ‘ਚ ਹੈ, ਨਾ ਕਿ ਪੈਸੇ ਅਤੇ ਪ੍ਰਸਿੱਧੀ ‘ਚ।” ਅਰਜੁਨ ਰਾਮਪਾਲ ਦੀ ਪਹਿਲੀ ਪਤਨੀ ਮੇਹਰ ਜੈਸੀਆ ਤੋਂ ਦੋ ਧੀਆਂ ਮਾਹਿਕਾ ਅਤੇ ਮਾਇਰਾ ਰਾਮਪਾਲ ਹਨ। ਜ਼ਿਕਰਯੋਗ ਹੈ ਕਿ 2019 ‘ਚ ਅਦਾਕਾਰ ਅਰਜੁਨ ਰਾਮਪਾਲ ਆਪਣੀ ਦੂਸਰੀ ਪਾਰਟਨਰ ਗੈਬ੍ਰੀਐਲਾ ਦਮਿਤ੍ਰੀਏਦਸ ਰਾਹੀਂ ਆਰਿਕ ਰਾਮਪਾਲ ਨਾਂ ਦੇ ਪੁੱਤਰ ਦਾ ਪਿਤਾ ਬਣਿਆ ਸੀ। ਇਸ ਜੋੜੇ ਨੇ ਆਪਣੇ ਦੂਜੇ ਬੱਚੇ ਦਾ ਸਵਾਗਤ 2023 ‘ਚ ਕੀਤਾ।
ਚਾਰ ਬੱਚਿਆਂ ਦੇ ਪਿਤਾ ਅਰਜੁਨ ਨੇ ਕਿਹਾ, “ਪਿਤਾ ਬਣਨਾ ਪ੍ਰਮਾਤਮਾ ਦੇ ਇੱਕ ਆਸ਼ੀਰਵਾਦ ਵਾਂਗ ਹੈ। ਮੈਨੂੰ ਜਾਪਦਾ ਹੈ ਕਿ ਮੈਨੂੰ ਕਈ ਵਾਰ ਆਸ਼ੀਰਵਾਦ ਮਿਲਿਆ ਹੈ। ਇਹ ਪੈਸੇ, ਪ੍ਰਸਿੱਧੀ ਅਤੇ ਕਿਸਮਤ ਨਾਲ ਨਹੀਂ ਮਿਲਦਾ। ਅਸਲ ਅਤੇ ਸੱਚੀ ਖ਼ੁਸ਼ੀ ਤੁਹਾਨੂੰ ਬੱਚਿਆਂ ‘ਚੋਂ ਮਿਲਦੀ ਹੈ।” ਅਰਜੁਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਉਸ ਨੇ ਫ਼ਿਲਮ ਪਿਆਰ ਇਸ਼ਕ ਔਰ ਮੁਹੱਬਤ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਸ ਮਗਰੋਂ ਦਿਲ ਕਾ ਰਿਸ਼ਤਾ, ਡੀ-ਡੇਅ, ਚੱਕਰਵਿਊ, ਇਨਕਾਰ, ਆਂਖੇਂ, ਰਾਜਨੀਤੀ ਅਤੇ ਰੌਕ ਔਨ ਜਿਹੀਆਂ ਫ਼ਿਲਮਾਂ ‘ਚ ਉਸ ਨੂੰ ਦੇਖਿਆ ਗਿਆ। ਉਸ ਨੂੰ 2008 ‘ਚ ਵਧੀਆ ਸਹਾਇਕ ਅਦਾਕਾਰ ਵਜੋਂ ਕੌਮੀ ਫ਼ਿਲਮ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।