ਦਹੀਂ ਗ੍ਰੇਵੀ ਨਾਲ ਬਣਾਓ ਫੁੱਲਗੋਭੀ ਦੀ ਸਬਜ਼ੀ

ਫੁੱਲਗੋਭੀ ਹਰ ਘਰ ‘ਚ ਬਣਾਈ ਜਾਣ ਵਾਲੀ ਸਬਜ਼ੀ ਹੈ। ਜ਼ਿਆਦਾਤਰ ਲੋਕ ਫ਼੍ਰਾਈ ਕਰ ਕੇ ਜਾਂ ਫ਼ਿਰ ਛੌਂਕ ਲਗਾ ਕੇ ਸੁੱਕੀ ਸਬਜ਼ੀ ਬਣਾਉਂਦੇ ਹਨ। ਜੇਕਰ ਤੁਸੀਂ ਇਸ ਦੇ ਸੁਆਦ ਨੂੰ ਵੱਖਰਾ ਟਵਿੱਸਟ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਦਹੀਂ ਗ੍ਰੇਵੀ ਨਾਲ ਵੀ ਬਣਾ ਕੇ ਖਾ ਸਕਦੇ ਹੋ। ਇਸ ਲਈ ਇਸ ਹਫ਼ਤੇ ਅਸੀਂ ਤੁਹਾਨੂੰ ਦਹੀਂ ਗ੍ਰੇਵੀ ਫੁੱਲਗੋਭੀ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਗਰਮ ਪਾਣੀ – 1 ਲੀਟਰ
ਨਮਕ – 1 ਚੱਮਚ
ਫੁੱਲਗੋਭੀ – 410 ਗ੍ਰਾਮ
ਤੇਲ – 50 ਮਿਲੀਲੀਟਰ
ਜ਼ੀਰਾ – 1/2 ਚੱਮਚ
ਮੇਥੀ ਦੇ ਬੀਜ – 1/4 ਚੱਮਚ
ਸਰ੍ਹੋਂ ਦੇ ਬੀਜ – 1/4 ਚੱਮਚ
ਹਿੰਗ – 1/8 ਚੱਮਚ
ਹਰੀ ਮਿਰਚ – 1 ਚੱਮਚ
ਅਦਰਕ – 1 ਚੱਮਚ
ਹਲਦੀ – 1/4 ਚੱਮਚ
ਵੇਸਣ – 2 ਚੱਮਚ
ਦਹੀਂ – 120 ਗ੍ਰਾਮ
ਪਾਣੀ – 440 ਮਿਲੀਲੀਟਰ
ਲਾਲ ਮਿਰਚ – 1/4 ਚੱਮਚ
ਚੀਨੀ – 1/2 ਚੱਮਚ
ਨਮਕ – 1 ਚੱਮਚ
ਗਰਮ ਮਸਾਲਾ – 1/4 ਚੱਮਚ
ਧਨੀਆ – ਗਾਰਨਿਸ਼ ਲਈ
ਵਿਧੀ
1. ਸਭ ਤੋਂ ਪਹਿਲਾਂ ਬਾਊਲ ਵਿੱਚ 1 ਲੀਟਰ ਗਰਮ ਪਾਣੀ ਲੈ ਕੇ ਉਸ ‘ਚ 1 ਚੱਮਚ ਨਮਕ, 410 ਗ੍ਰਾਮ ਫੁੱਲਗੋਭੀ ਪਾ ਕੇ 30 ਮਿੰਟ ਤਕ ਭਿਓਂ ਕੇ ਇੱਕ ਪਾਸੇ ਰੱਖ ਦਿਓ।
2. ਪੈਨ ਵਿੱਚ 50 ਮਿਲੀਲੀਟਰ ਤੇਲ ਗਰਮ ਕਰ ਕੇ ਇਸ ਵਿੱਚ 1/2 ਚੱਮਚ ਜ਼ੀਰਾ, 1/4 ਚੱਮਚ ਮੇਥੀ ਦੇ ਬੀਜ, 1/4 ਚੱਮਚ ਸਰ੍ਹੋਂ ਦੇ ਬੀਜ, 1/8 ਚੱਮਚ ਹਿੰਗ, 1 ਚੱਮਚ ਹਰੀ ਮਿਰਚ, 1 ਚੱਮਚ ਅਦਰਕ ਪਾਓ ਅਤੇ 2-3 ਮਿੰਟ ਤਕ ਭੁੰਨ ਲਓ।
3. ਹੁਣ ਇਸ ਵਿੱਚ 1/4 ਚੱਮਚ ਹਲਦੀ ਪਾ ਕੇ ਹਿਲਾਓ ਅਤੇ ਫ਼ਿਰ ਇਸ ਵਿੱਚ 2 ਚੱਮਚ ਵੇਸਣ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ 3 ਤੋਂ 5 ਮਿੰਟ ਤਕ ਪਕਾਓ।
4. ਫ਼ਿਰ ਇਸ ਵਿੱਚ 120 ਗ੍ਰਾਮ ਦਹੀਂ ਚੰਗੀ ਤਰ੍ਹਾਂ ਨਾਲ ਮਿਲਾਓ।
5. ਇਸ ਤੋਂ ਬਾਅਦ ਇਸ ਵਿੱਚ ਭਿਓਂ ਕੇ ਰੱਖੀ ਹੋਈ ਗੋਭੀ ਮਿਕਸ ਕਰੋ ਅਤੇ ਫ਼ਿਰ ਇਸ ਵਿੱਚ 440 ਮਿਲੀਲੀਟਰ ਪਾਣੀ, 1/4 ਚੱਮਚ ਲਾਲ ਮਿਰਚ, 1/2 ਚੱਮਚ ਚੀਨੀ, 1 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਹੁਣ ਇਸ ਨੂੰ ਢੱਕਣ ਨਾਲ ਕਵਰ ਕਰ ਕੇ 15 ਤੋਂ 20 ਮਿੰਟ ਤਕ ਪਕਣ ਲਈ ਰੱਖ ਦਿਓ। ਫ਼ਿਰ ਇਸ ਵਿੱਚ 1/4 ਚੱਮਚ ਗਰਮ ਮਸਾਲਾ ਮਿਲਾ ਕੇ 5 ਮਿੰਟ ਲਈ ਪਕਾਓ। ਫੁੱਲਗੋਭੀ ਦੀ ਸਬਜ਼ੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।