ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਨਹੀਂ ਰੁਕ ਰਿਹਾ ਪਰਾਲੀ ਦਾ ਧੂੰਆਂ, 5000 ਤੋਂ ਪਾਰ ਪੁੱਜੇ ਕੇਸ

ਚੰਡੀਗੜ੍ਹ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ, ਦਰਅਸਲ ਸੂਬੇ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਨ੍ਹਾਂ ਘਟਨਾਵਾਂ ‘ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ 10 ਨਵੰਬਰ ਤੱਕ ਦੀ ਰਿਪੋਰਟ ਮੁਤਾਬਕ ਸੂਬੇ ‘ਚ ਹੁਣ ਤੱਕ ਪਰਾਲੀ ਸਾੜਨ ਦੀਆਂ ਕੁੱਲ 5,002 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਹ ਅੰਕੜਾ ਪਿਛਲੇ ਸਾਲ 2025 ਦੇ ਕੁੱਲ 5,114 ਮਾਮਲਿਆਂ ਨਾਲੋਂ ਸਿਰਫ 112 ਘੱਟ ਹੈ, ਜਦੋਂ ਕਿ ਨਿਗਰਾਨੀ ਸੀਜ਼ਨ ‘ਚ ਅਜੇ 20 ਦਿਨ ਬਾਕੀ ਹਨ। ਪਰਾਲੀ ਸਾੜਨ ਦੇ ਮਾਮਲਿਆਂ ‘ਚ 1155 ਮਾਮਲਿਆਂ ‘ਚ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਹੈ ਅਤੇ 1342 ਮਾਮਲਿਆਂ ‘ਚ ਮਾਲੀਆ ਰਿਕਾਰਡ ‘ਚ ਰੈੱਡ ਐਂਟਰੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਪਰਾਲੀ ਸਾੜਨ ਦੇ ਮਾਮਲਿਆਂ ‘ਚ ਲਾਪਰਵਾਹੀ ਨੂੰ ਲੈ ਕੇ 18 ਨਿਗਰਾਨ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਵੀ ਕਾਰਵਾਈ ਕੀਤੀ ਗਈ ਹੈ। ਇਸ ਦੇ ਬਾਵਜੂਦ ਵੀ ਕਿਸਾਨਾਂ ਵਲੋਂ ਲਗਾਤਾਰ ਪਰਾਲੀ ਸਾੜੀ ਜਾ ਰਹੀ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਸੁਖਵਿੰਦਰ ਸਿੰਘ ਸਮਰਾਲਾ ਅਨੁਸਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ ਪਰ ਜੇਕਰ ਕੋਈ ਕਿਸਾਨ ਮਜਬੂਰੀ ਵੱਸ ਅੱਗ ਲਾਉਂਦਾ ਹੈ ਤਾਂ ਯੂਨੀਅਨ ਉਸ ‘ਤੇ ਜੁਰਮਾਨਾ ਜਾਂ ਕਾਰਵਾਈ ਨਹੀਂ ਹੋਣ ਦਿੰਦੀ।
ਕੀ ਹੈ ਸਰਕਾਰ ਦਾ ਦਾਅਵਾ
ਹਾਲਾਂਕਿ ਜੇਕਰ ਸੂਬਾ ਸਰਕਾਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ 6 ਸਾਲਾਂ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਚ 95 ਫ਼ੀਸਦੀ ਕਮੀ ਆਈ ਹੈ। ਇਸ ਬਾਰੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਾਅਵਾ ਕੀਤਾ ਹੈ ਕਿ 2020 ‘ਚ 83,002 ਮਾਮਲੇ ਦਰਜ ਹੋਏ ਸਨ, ਜੋ ਕਿ 2023 ‘ਚ 36,663, 2024 ‘ਚ 10,909 ਅਤੇ 2025 ‘ਚ ਘੱਠ ਕੇ 5114 ਰਹਿ ਗਏ। ਮੰਤਰੀ ਦੇ ਮੁਤਾਬਕ ਕਿਸਾਨਾਂ ਨੂੰ ਪਰਾਲੀ ਪ੍ਰਬੰਧ ਲਈ 1.60 ਲੱਖ ਤੋਂ ਵੱਧ ਮਸ਼ੀਨਾਂ ਸਬਸਿਡੀ ‘ਤੇ ਦਿੱਤੀਆਂ ਗਈਆਂ ਹਨ।