ਡਾ. ਦੇਵਿੰਦਰ ਮਹਿੰਦਰੂ
ਲੜੀ ਦਾ ਆਖਰੀ ਕਾਲਮ ਕਰੋ ਕਬੂਲ
ਪਿਛਲੇ ਸਾਲ, ਅਰਸੇ ਬਾਅਦ, ਸੋਸ਼ਲ ਮੀਡੀਆ ਨੇ ਨਿੰਦਰ ਘੁਗਿਆਣਵੀ ਨੂੰ ਮਿਲਾ ਦਿੱਤਾ। ਉਹਦਾ ਸਫ਼ਰ ਦੇਖ ਕੇ ਹੈਰਾਨੀ ਭਰੀ ਖ਼ੁਸ਼ੀ ਹੋਈ। ਕਿੱਥੇ 1991-92 ਦਾ ਨਿਕਾ ਜਿਹਾ ਨਿੰਦਰ ਸੀ ਅਤੇ ਕਿੱਥੇ 2022 ਦਾ ਨਿੰਦਰ ਘੁਗਿਆਣਵੀ। ਮੈਂ ਕਾਫ਼ੀ ਖ਼ਰਾਬ ਦੌਰ ‘ਚੋਂ ਲੰਘ ਰਹੀ ਸੀ, ਸੋ ਮੈਂ ਉਹਨੂੰ ਕਿਹਾ ਕਿ ਨਿੰਦਰ ਮੇਰਾ ਕੋਈ ਰੁਝੇਵਾਂ ਨਹੀਂ ਰਿਹਾ। ਵਕਤ ਨਹੀਂ ਕੱਟਦਾ ਮੇਰਾ, ਕੋਈ ਅਸਾਈਨਮੈਂਟ ਦੁਆਦੇ, ਮੈਨੂੰ ਕਿਧਰੋਂ ਬੇਟੇ। ਉਹਨੇ ਉਸੇ ਵੇਲੇ ਫ਼ੋਨ ਲਾਇਆ, ਸਨੀ ਬੈਂਸ (ਅਜੀਤ ਵੀਕਲੀ ਦੇ ਸੰਪਾਦਕ) ਨੂੰ। ਟੋਰੌਂਟੋ ਗੱਲ ਕੀਤੀ ਅਤੇ ਕਿਹਾ ਦੋ ਦਿਨ ‘ਚ ਰੇਡੀਓ ਦੀਆਂ ਯਾਦਾਂ ਦਾ ਪਹਿਲਾ ਐਪੀਸੋਡ ਲਿਖ ਕੇ ਭੇਜੋ। ਤੇ ਇਓਂ ਸ਼ੁਰੂ ਹੋ ਗਿਆ ਇਹ ਮੇਰਾ ਕਾਲਮ। ਪੰਜ ਮਈ ਨੂੰ ਛਪਿਆ ਸੀ ਪਹਿਲਾ ਕਾਲਮ। ਅਤੇ ਲੌ ਹਾਜ਼ਰ ਹੈ 27 ਅਪ੍ਰੈਲ ਨੂੰ ਇਕੰਜਵਾਂ ਅਤੇ ਆਖਰੀ ਕਾਲਮ, ਭਾਵ ਕਿ ਇਕਵੰਜਾ ਕਾਲਮਾਂ ਦਾ ਪਾਠਕਾਂ ਨੂੰ ਇੱਕ ਸ਼ਗਨ!
ਪਾਠਕਾਂ ਦਾ ਤਾਂ ਉਹੀ ਦੱਸ ਸਕਦੇ ਨੇ, ਪਰ ਮੈਂ ਇਸ ਯਾਤਰਾ ਨੂੰ ਮਾਣਿਆ। ਸ਼ੁਕਰੀਆ ਨਿੰਦਰ ਦਾ ਅਤੇ ਸ਼ੁਕਰੀਆ ਸਨੀ ਬੈਂਸ ਦਾ!
ਅੱਜ ਵੀ ਆਕਾਸ਼ਵਾਣੀ ਦੇ ਕਿਸੇ ਕੇਂਦਰ ਦਾ ਗੇਟ ਟਪਦਿਆਂ ਦਿਲ ਇੱਕ ਵਾਰ ਤਾਂ ਜ਼ੋਰ ਦੀ ਧੜਕਦਾ ਹੈ। ਹਮੇਸ਼ਾ ਰੇਡੀਓ ਹੀ ਆਉਣਾ ਚਾਹਿਆ। ਇਕਦਮ ਤਾਂ ਨਹੀਂ ਆ ਸਕੀ। ਤਿੰਨ ਚਾਰ ਕਾਲਜਾਂ ਦੇ ਚੱਕਰ ਕੱਢਦੀ ਕਢਾਉਂਦੀ ਦੂਰਦਰਸ਼ਨ ਤੋਂ ਹੁੰਦੀ ਹੋਈ ਰੇਡੀਓ ਪਹੁੰਚੀ ਸਾਂ, ਇਹ ਆਪ ਪੜ੍ਹ ਚੁੱਕੇ ਹੋਏ ਹੋ।
ਹੁਣ ਤਾਂ ਪ੍ਰਾਈਵੇਟ FM ਰੇਡੀਓ ਇੰਨੇ ਜ਼ਿਆਦਾ ਖੁੱਲ੍ਹ ਗਏ ਹਨ ਕਿ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਚੈਨਲ ਸਰਕਾਰੀ ਹੈ, ਕਿਹੜਾ ਗ਼ੈਰ-ਸਰਕਾਰੀ ਹੈ। ਨੌਕਰੀਆਂ ਇਸ ਤਰ੍ਹਾਂ ਦੀਆਂ ਹੋ ਗਈਆਂ ਹਨ ਕਿ ਜਾਨਣਾ, ਲੱਭਣਾ ਮੁਸ਼ਕਿਲ ਹੈ ਕਿ ਕੋਈ ਸ਼ੌਕੀਆ ਜੁੜਿਆ ਹੈ ਰੇਡੀਓ ਨਾਲ ਜਾਂ ਨੌਕਰੀ ਕਰ ਰਿਹਾ ਹੈ।
***
ਇੱਕ ਦਿਲਚਸਪ ਕਿੱਸਾ ਯਾਦ ਆ ਗਿਆ। ਜਾਣ ਪਛਾਣ ਦੇ ਸਨ ਮੇਰੇ। ਆਪਣੀ ਲੜਕੀ ਲਈ ਇੱਕ ਰਿਸ਼ਤਾ ਲੱਭ ਰਹੇ ਸਨ। ਫ਼ੋਨ ਆਇਆ ਕਿ ਤੁਹਾਡੇ ਦਫ਼ਤਰ ‘ਚ ਨੌਕਰੀ ਕਰਦਾ ਹੈ ਮੁੰਡਾ, ਫ਼ਲਾਣਾ ਫ਼ਲਾਣਾ। ਜ਼ਰਾ ਪਤਾ ਕਰ ਕੇ ਦੱਸੋ ਕਿਹੋ ਜਿਹਾ ਹੈ ਤਾਂ ਕਿ ਅੱਗੇ ਗੱਲ ਤੋਰੀ ਜਾਵੇ। ਨਾਂ ਸੁਣ ਕੇ ਲੱਗਿਆ ਵੀ ਕਿ ਇਸ ਨਾਂ ਦਾ ਤਾਂ ਕੋਈ ਨਹੀਂ ਇੱਥੇ, ਪਰ ਸੋਚਿਆ ਕਿ ਅਗਲੇ ਬੁਰਾ ਨਾ ਮੰਨ ਜਾਣ, ਚੰਗੀ ਤਰ੍ਹਾਂ ਪਤਾ ਸਤਾ ਕਰ ਲਵਾਂ ਪਹਿਲਾਂ। ਪ੍ਰੋਗਰਾਮ ਵਾਲਿਆਂ ਅਤੇ ਪ੍ਰਸ਼ਾਸਨ ਵਾਲਿਆਂ ਨਾਲ ਤਾਂ ਰੋਜ਼ ਹੀ ਵਾਹ ਪੈਂਦਾ ਸੀ, ਮੈਂ ਇੰਜਨੀਅਰਾਂ, ਨਿਊਜ਼ ਰੂਮ ਅਤੇ ਹਾਈ ਪਾਵਰ ਟਰਾਂਸਮੀਟਰ ‘ਚ ਕੰਮ ਕਰਨ ਵਾਲਿਆਂ ‘ਚ ਲੱਭਿਆ, ਉਸ ਨਾਂ ਦੇ ਮੁੰਡੇ ਨੂੰ, ਪਰ ਉਸ ਨਾਂ ਦਾ ਕੋਈ ਨਹੀਂ ਸੀ ਸਟਾਫ਼ ਵਿੱਚ। ਕੈਯੂਅਲ ਪੈਨਲ ਦੇ ਬੱਚਿਆਂ ਦੇ ਨਾਂ ਤਾਂ ਵੈਸੇ ਹੀ ਮੇਰੀ ਜ਼ੁਬਾਨ ‘ਤੇ ਚੜ੍ਹੇ ਰਹਿੰਦੇ ਸਨ, ਕਿਤੇ ਕੋਈ ਨਹੀਂ ਸੀ। ਕਦੇ ਇੱਕ ਅੱਧ ਰੇਡੀਓ ਦਾ ਚੱਕਰ ਮਾਰ ਕੇ ਉਸ ਲੜਕੇ ਨੇ ਰੇਡੀਓ ‘ਚ ਕੰਮ ਕਰਦਾ ਹਾਂ ਕਹਿ ਕੇ ਇਸ ਅਦਾਰੇ ਦੇ ਨਾਂ ਦਾ ਸਹਾਰਾ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਲੈਣਾ ਚਾਹਿਆ ਸੀ, ਸ਼ਾਇਦ।
ਮੈਂ ਅੱਜ ਵੀ ਕਿਸੇ ਨੂੰ ਇਹ ਕਹਿੰਦੇ ਸੁਣ ਕੇ ਕਿ ਮੈਂ ਇੱਕ ਵਾਰ ਆਇਆ ਹਾਂ ਕਿ ਆਈ ਹਾਂ ਆਕਾਸ਼ਵਾਣੀ ਕੇਂਦਰ, ਉਹਦੇ ਚਿਹਰੇ ਵੱਲ ਦੇਖਦੀ ਹਾਂ, ਚਮਕ ਹੁੰਦੀ ਹੈ ਉੱਥੇ ਬੜੀ ਮਨਮੋਹਕ ਜਿਹੀ। ਕੋਈ ਇੱਕ ਵਾਰ ਰੇਡੀਓ ‘ਚ ਗਾ ਕੇ ਆਪਣੇ ਨਾਂ ਨਾਲ ਰੇਡੀਓ ਕਲਾਕਾਰ ਲਿਖਣ ਲੱਗ ਜਾਏ ਤਾਂ ਉਹਦੇ ਸਟੌਕ ਦਾ ਰੇਟ ਵੱਧ ਜਾਂਦਾ।
ਅੱਜ ਵੀ ਸਹੀ ਖ਼ਬਰ ਜਾਣਨ ਲਈ ਆਕਾਸ਼ਵਾਣੀ ਦਾ ਹੀ ਕੋਈ ਸਟੇਸ਼ਨ ਟਿਊਨ ਕਰਦੇ ਹਨ ਲੋਕ। ਉੱਚ ਪਾਏ ਦੇ ਸੰਗੀਤ ਲਈ ਵੀ ਰੇਡੀਓ ਹੀ ਸੁਣਿਆ ਜਾਂਦਾ ਹੈ। ਅੱਛਾ ਡਰਾਮਾ ਵੀ ਰੇਡੀਓ ਹੀ ਸੁਣਾਏਗਾ ਤੁਹਾਨੂੰ।
ਕਾਹਲੀ ਕਾਹਲੀ ਬੋਲਣਾ ਵਧੀਆ ਪ੍ਰੋਗਰਾਮ ਦੀ ਗੈਰੰਟੀ ਨਹੀਂ ਹੁੰਦੀ। ਅੱਜਕੱਲ੍ਹ ਦੇ ਪੇਸ਼ਕਰਤਾ ਇਸੇ ਗ਼ਲਤਫ਼ਹਿਮੀ ਦਾ ਸ਼ਿਕਾਰ ਹਨ, ਗੱਲ ‘ਚ ਦਮ ਹੋਵੇ, ਠ੍ਹਰੰਮੇ ਨਾਲ ਬੋਲੀ ਜਾਵੇ, ਕਿਉਂ ਨਹੀਂ ਸੁਣੇਗਾ ਕੋਈ? ਕਾਹਲੀ ‘ਚ ਜਬਲੀਆਂ ਮਾਰਨ ਨਾਲ ਕੁੱਝ ਨਹੀਂ ਹੁੰਦਾ।
ਵਧੀਆ ਸ਼ੌਕ ਹੈ FM ਦਾ ਐਂਕਰ ਬਣਨਾ। ਆਪਣੇ ਦੂਸਰੇ ਕੰਮਕਾਜ ਨਾਲ ਕਦੇ ਕਦੇ ਐਂਕਰਿੰਗ ਕਰ ਲੈਣੀ, ਪੌਕੇਟ ਮਨੀ ਵੀ ਮਿਲ ਗਈ ਅਤੇ ਮਨ ਦੀ ਮੌਜ ਵੀ ਹੋ ਗਈ।
ਰੇਡੀਓ ਨੇ ਨਾਂ ਦਿੱਤਾ, ਰੋਜ਼ਗਾਰ ਦਿੱਤਾ, ਇੰਨੇ ਅੱਛੇ ਲੋਕਾਂ ਨਾਲ ਮਿਲਾਇਆ ਮੈਨੂੰ। ਸ਼ੁਕਰੀਆ, ਮਿਹਰਬਾਨੀ ਮੈਨੂੰ ਆਪਣਾ ਇੱਕ ਛੋਟਾ ਜਿਹਾ ਹਿੱਸਾ ਬਣਾਉਣ ਲਈ ਅਤੇ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਨ ਲਈ, ਆਕਾਸ਼ਵਾਣੀ ਤੇਰਾ! ਰੇਡੀਓ ਹੀ ਮੇਰਾ ਪਹਿਲਾ ਪਿਆਰ ਸੀ ਅਤੇ ਆਖ਼ਿਰੀ ਵੀ।
***
ਚਲੋ ਭੁੱਲੀਆਂ ਵਿਸਰੀਆਂ ਯਾਦਾਂ ਲਿਖਵਾ ਗਿਆ ਨਿੰਦਰ ਘੁਗਿਆਣਵੀ ਮੈਥੋਂ। ਇਹ ਹੁਣ ਇੱਕ ਕਿਤਾਬ ਬਣ ਜਾਣਗੀਆਂ। ਰੇਡੀਓ ਜਲੰਧਰ ਨਾਲ ਜੁੜੀ ਸ਼ਾਇਦ ਇਹ ਪਹਿਲੀ ਕਿਤਾਬ ਹੋਵੇਗੀ। ਕਿੰਨੇ ਸਾਰੇ ਜਿਊਂਦੇ ਜਾਗਦੇ ਅਤੇ ਸੁੱਤੇ-ਮੋਏ ਲੋਕਾਂ ਦੀ ਚਰਚਾ ਹੋਈ ਇਨ੍ਹਾਂ 51 ਕਾਲਮਾਂ ‘ਚ। ਜਿਊਂਦੇ ਪੜ੍ਹ ਕੇ ਖ਼ੁਸ਼ ਹੋਏ ਨੇ ਅਤੇ ਕਬਰੀਂ ਸੁੱਤੇ ਵੀ ਜ਼ਰੂਰ ਮੁਸਕਰਾਏ ਹੋਣੇ ਨੇ!
ਨਿੰਦਰ ਘੁਗਿਆਣਵੀ ਨੂੰ ਹਰੇਕ ਐਤਵਾਰ ਕਾਲਮ ਵ੍ਹਾਟਸਐਪ ਕਰ ਦਿੰਦੀ ਸਾਂ। ਉਹ ਆਪਣੇ ਹਿਸਾਬ ਨਾਲ ਅੱਖਰ-ਅੱਖਰ ਦਾ ਸੰਪਾਦਨ ਕਰ ਕੇ ਅੱਗੇ ਸਨੀ ਬੈਂਸ ਨੂੰ ਛਪਣਾ ਘੱਲਦਾ ਅਤੇ ਆਪ ਸਭ ਪੜ੍ਹਦੇ ਰਹੇ। ਨਿੰਦਰ ਕਹਿੰਦਾ ਸੀ ਕਿ ਅਜੀਤ ਵੀਕਲੀ ਤੋਂ ਇਨ੍ਹਾਂ ਕਾਲਮਾਂ ਦੀ ਕਿਤਾਬ ਸਪੌਂਸਰ ਕਰਵਾ ਦਿਆਂਗੇ। ਜਿਊਂਦਾ ਰਹਿ ਨਿੰਦਰਾ!















