ਬਾਬੇ ਦਾ ਘੋੜਾ
ਡਾ. ਕੇਵਲ ਅਰੋੜਾ
9417695299
ਜਦੋਂ ਸਾਡੇ ਪਿੰਡ ਵਾਲੇ ਪਾਲੇ ਦੀ ਬੱਕਰੀ ਨੂੰ ਸਾਡੇ ਪਿੰਡ ਦੀਆਂ ਸਾਰੀਆਂ ਦਾਈਆਂ ਟੱਕਰਾਂ ਮਾਰ ਕੇ ਛੱਡ ਗਈਆਂ ਕਿ ਭਾਈ ਇਹ ਤਾਂ ਸ਼ਹਿਰੋਂ ਵੱਡੇ ਅਪਰੇਸ਼ਨ ਨਾਲ ਹੀ ਮੇਮਣੇ ਪੈਦਾ ਕਰੂਗੀ ਤਾਂ ਪਾਲਾ ਮੇਰੇ ਮਗਰ ਸਾਈਕਲ ‘ਤੇ ਲੱਭਦਾ ਲਭਾਉਂਦਾ ਆਥਣੇ ਜਿਹੇ ਸੱਕਾਂ ਵਾਲੀ ਜਾ ਮਿਲਿਆ। ਮੈਂ ਸਕੂਟਰ ‘ਤੇ ਪਿੰਡੋਂ ਪਿੰਡ ਘੁੰਮਦਾ ਘੁਮਾਉਂਦਾ ਸ਼ਾਮ ਨੂੰ ਹਨੇਰੇ ਹੋਏ ਸਾਦਿਕ ਵਾਪਸ ਆਉਂਦਾ। ਓਦੋਂ ਮੋਬਾਈਲ ਦੀ ਸੁਵਿਧਾ ਨਾ ਹੋਣ ਕਰ ਕੇ ਲੋਕ 3 ਵਜੇ ਤੋ ਬਾਅਦ ਮੈਨੂੰ ਪਿੰਡਾਂ ‘ਚੋਂ ਹੀ ਲੱਭਦੇ ਸਨ। ਮੈਨੂੰ ਵੇਖ ਕੇ ਜਿਵੇਂ ਉਸ ਦਾ ਸਾਰਾ ਥਕੇਵਾਂ ਹੀ ਲਹਿ ਗਿਆ ਹੋਵੇ। ਕਹਿੰਦਾ ਕਿ ਬਾਈ ਅਪਣੀਂ ਬੱਕਰੀ ਨਹੀਂ ਸੂੰਦੀ ਤੜਕੇ ਦੀ ਜ਼ੋਰ ਲਾਈ ਜਾਂਦੀ ਹੈ, ਅਪਣੇ ਪਿੰਡ ਦੀਆਂ ਸਾਰੀਆਂ ਦਾਈਆਂ ਟੱਕਰਾਂ ਮਾਰ ਕੇ ਛੱਡ ਗਈਆਂ ਕਿ ਭਾਈ ਇਹ ਤਾਂ ਸ਼ਹਿਰੋਂ ਵੱਡੇ ਅਪਰੇਸ਼ਨ ਨਾਲ ਹੀ ਮੇਮਣੇ ਪੈਦਾ ਕਰੂਗੀ, ਮਸਾਂ ਮਿੰਨਤਾਂ ਨਾਲ ਬੇਬੇ ਹਰੋ ਨੂੰ ਲਿਆਇਆ ਸੀ ਓਹ ਵੀ ਜਵਾਬ ਦੇ ਗੀ ਬਾਈ। ਜਿਸ ਨੇ ਸਾਰੇ ਪਿੰਡ ਦੇ ਦੋਹਤੇ ਦੋਹਤੀਆਂ ਜਮਾਏ ਆ, ਬਾਈ ਹੁਣ ਤੂੰ ਚੱਲ, ਕੋਈ ਵਾਹ ਨਹੀਂ, ਨਹੀਂ ਤਾਂ ਅਪਣੀਂ ਬੱਕਰੀ ਮਰਜੂ … ਚੱਲ ਕੇ ਲਾ ਤੂੰ ਵੀ ਕੋਈ ਚਾਰਾ …
ਪਾਲਾ ਮੇਰੇ ਤੋਂ ਥੋੜ੍ਹਾ ਵੱਡਾ ਸੀ ਅਤੇ ਉਸ ਦਾ ਭਤੀਜਾ ਪੱਪੀ ਮੇਰੇ ਤੋਂ ਪਿੱਛੇ ਪੜ੍ਹਦਾ ਸੀ ਜੋ ਮੇਰਾ ਚੰਗਾ ਲਿਹਾਜ਼ੀ ਸੀ। ਊਂਠ ਗੱਡੀ ਵਾਲਾ ਪਾਲਾ ਕਹਿੰਦੇ ਸੀ ਉਸ ਨੂੰ। ਕਿਰਾਏ ਪਹਾੜੇ ਦਾ ਕੰਮ ਵੀ ਕਰ ਲੈਂਦਾ ਸੀ ਪਿੰਡ ਦੇ ਰਿਸ਼ਤੇ ‘ਚੋਂ ਮੇਰਾ ਭਰਾ ਲੱਗਦਾ ਸੀ। ਮੈਂ ਕਿਹਾ, ”ਚੱਲ ਪਾਲਿਆ ਪਿੰਡ ਨੂੰ, ਮੈਂ ਤੇਰੇ ਤੋਂ ਪਹਿਲਾਂ ਪਹੁੰਚ ਜਾਣਾ, ਵੇਖਦੇ ਹਾਂ ਚੱਲ ਕੇ।”
ਮੈਂ ਸਕੂਟਰ ‘ਤੇ ਪਾਲੇ ਤੋਂ ਪਹਿਲਾਂ ਹੀ ਪਹੁੰਚ ਗਿਆ ਸੀ। ਵੀਹ ਪੱਚੀ ਬੰਦੇ ਪਾਲੇ ਦੇ ਘਰੇ ਇਕੱਠੇ ਹੋਏ ਖੜ੍ਹੇ ਸਨ। ਪਾਲੇ ਦੇ ਛੋਟੇ ਜਵਾਕ ਤੇ ਘਰ ਵਾਲੀ ਰੋਈ ਜਾਂਦੇ ਸੀ। ਪਿੰਡ ਵਾਲ਼ੀਆਂ ਦਾਈਆਂ ਆਪੋ ਆਪਣਾ ਜ਼ੋਰ ਲਾ ਕੇ ਜਾ ਚੁੱਕੀਆਂ ਸਨ। ਲੋਕੀ ਹੌਸਲਾ ਦੇ ਰਹੇ ਸਨ, ਅਤੇ ਬੱਕਰੀ ਥੱਲੇ ਪਈ ਦਰਦ ਨਾਲ ਮਿਆਂਕ ਰਹੀ ਸੀ।
ਮੈਨੂੰ ਸਾਡੇ ਪ੍ਰੋਫ਼ੈਸਰ ਡਾ. ਆਰ. ਡੀ. ਸ਼ਰਮਾ ਦੀ ਅਵਾਜ਼ ਕੰਨਾਂ ‘ਚ ਸੁਣਾਈ ਦਿੱਤੀ, ”ਰੇਜ ਅਪ, ਰਿਪੈੱਲ ਅਪ ਐਂਡ ਲੁਬਰੀਕੇਟ।”
ਜਦ ਨਜ਼ਰ ਮਾਰੀ ਤਾਂ ਸਾਹਮਣੇ ਗਿੱਲਾਂ ਦੇ ਘਰ ‘ਚ ਮੈਨੂੰ ਪੱਠਿਆਂ ਵਾਲੀ ਬਲਦ ਗੱਡੀ ਦਿਖਾਈ ਦਿੱਤੀ। ਮਨ ‘ਚ ਆਇਆ ਕਿ ਇੱਥੇ ਬਣੂ ਗੱਲ। ਪਿੰਡ ਵਾਲੇ ਮੁੰਡਿਆ ਤੋਂ ਹੀ ਚੁੱਕਵਾ ਕੇ ਬੱਕਰੀ ਪੱਠਿਆਂ ਵਾਲੀ ਗੱਡੀ ‘ਤੇ ਥੱਲੇ ਪੱਲੀ ਪਾ ਕੇ ਪੁਵਾ ਦਿੱਤੀ ਜਿਸ ਨਾਲ ਉਹ ਪਿੱਛੋਂ ਕਾਫ਼ੀ ਉੱਚੀ ਹੋ ਗਈ। ਤੇਲ ਮੰਗਵਾ ਕੇ ਚੈੱਕ ਕੀਤਾ, ਕੰਮ ਬਹੁਤਾ ਔਖਾ ਨਹੀਂ ਸੀ। ਦੋਵੇਂ ਮੇਮਣੇ ਪੰਜ ਮਿੰਟਾਂ ‘ਚ ਬਾਹਰ ਆ ਗਏ, ਓਹ ਵੀ ਜਿਊਂਦੇ ਹੋਏ, ਇੱਕ ਪੱਠ ਅਤੇ ਇੱਕ ਪਠੋਰਾ … ਬੱਕਰੀ ਵੀ ਚੰਗੇ ਕੱਦ ਕਾਠ ਵਾਲੀ ਸੀ।
ਬੜੀ ਹੈਰਾਨੀ ਹੋਈ ਕਿ ਸਾਡੇ ਪਿੰਡ ਦੀਆਂ ਬੀਬੀਆਂ ਬੱਚੇ ਪੈਦਾ ਕਰਨ ‘ਚ ਕੀ ਯੋਗਦਾਨ ਪਾਉਂਦੀਆਂ ਨੇ? ਇਹਨਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ। ਓਦੋਂ ਨੂੰ ਪਾਲਾ ਵੀ ਆ ਗਿਆ ਅਤੇ ਬੱਕਰੀ ਜਿਉਂਦੀ ਵੇਖ ਕੇ ਬਹੁਤ ਖ਼ੁਸ਼ ਹੋਇਆ।” ਬਾਈ ਬਚਾ ਦਿੱਤਾ, ਮੇਰਾ ਤਾਂ ਹਲ਼ਟ ਹੀ ਫ਼ੇਲ੍ਹ ਹੋਣ ਵਾਲਾ ਹੋ ਗਿਆ ਸੀ, ਬਾਈ ਇਹਦੀ ਤਾਂ ਮਾਂ ਵੀ ਇਹਨੂੰ ਜੰਮਣ ਲੱਗੇ ਚੱਲ ਵੱਸੀ ਸੀ, ਬਾਈ ਮਾਂ ਵਿਛੋਹਰ ਪਾਲੀ ਸੀ ਬੋਤਲ ਬੁੱਬੀ ਨਾਲ ਦੁੱਧ ਪਿਆ ਕੇ … ਧੀਆਂ ਵਾਂਗੂੰ ਪਾਲੀ ਸੀ … ਕਦੇ ਬੇਹਾ ਪੱਠਾ ਨਹੀਂ ਸੀ ਪਾਇਆ … ਬਾਈ ਬੂਟੀ ਤਾਂ ਮੈਂ ਭੰਗੇਵਾਲੇ ਜ਼ੈਲਦਾਰਾਂ ਦੇ ਖੇਤੋਂ ਖੋਤ ਖੋਤ ਪਾਈ ਆ ਇਹਨੂੰ … ਝਟਕਈ ਦਾ ਸੁਨੇਹਾ ਵੀ ਗਿਆ ਕਿ ਚੱਕ ਕੇ ਲੈ ਜਾਨਾ ਪਰਦੇ ਨਾਲ … ਨਾ ਵੀਰ ਨਾ ਇਹ ਬੱਕਰੀ ਨਹੀਂ ਸਾਡੀ ਧੀ ਐ, ਬਾਈ ਪੈਸੇ ਜਿੰਨੇ ਮਰਜ਼ੀ ਲੱਗ ਜਾਣ, ਏਹਦੀ ਜਾਨ ਬਚਾ ਦੇ, ਮੈਂ ਤਾਂ ਬਾਬੇ ਦਾ ਘੋੜਾ ਚੜ੍ਹਾਉਣਾ ਵੀ ਮਨ ‘ਚ ਸੁੱਖਦਾ ਆਇਆਂ, ਆਹ ਵੇਖ ਲੈ ਬਾਬੇ ਨੇ ਤਲੀ ‘ਤੇ ਸਰੋਂ ਜਮਾ ਦਿੱਤੀ ਆ … ਓਹਦੀ ਮਿਹਰ ਨਾਲ ਬੱਕਰੀ ਵੀ ਬਚ ਜਾਣੀਂ ਐਂ, ਅਪਣਾ ਘੋੜਾ (ਪਠੋਰਾ) ਉਹਨੇ ਆਪੇ ਭੇਜ ਦਿੱਤਾ ਐ ਤੇ ਸਾਡੇ ਵਾਸਤੇ ਇੱਕ ਹੋਰ ਬੱਕਰੀ ਵੀ … ਡਾਕਟਰ ਬਾਈ ਹੁਣ ਤੂੰ ਅਪਣਾ ਜ਼ੋਰ ਲਾ ਦੇ ਸਾਰਾ…” ਪਾਲਾ ਭਾਵੁਕ ਹੋਇਆ ਬੋਲੀ ਜਾ ਰਿਹਾ ਸੀ। ਮੈਂ ਉਸ ਨੂੰ ਹੌਸਲਾ ਦਿੱਤਾ ਕਿ ਫ਼ਿਕਰ ਨਾ ਕਰ ਸਭ ਕੁੱਝ ਠੀਕ ਰਹੂ, ਹੁਣ ਰੱਬ ‘ਤੇ ਡੋਰੀਆਂ ਛੱਡ ਦੇ। ਪਾਲਾ ਭੱਜ ਕੇ ਲੋਗੜੀ ਦਾ ਧਾਗਾ ਲੈ ਆਇਆ ਤੇ ਨਵੇਂ ਜੰਮੇ ਪਠੋਰੇ ਦੇ ਗਲ ‘ਚ ਬੰਨ੍ਹ ਕੇ ਭਜਨ ਗਾਉਣ ਲੱਗ ਪਿਆ, ਬੋਲ ਸੀ: ਨਾਲ ਦੇ ਤੀ ਪੱਠ ਨਾਲੇ ਬੱਕਰੀ ਨੂੰ ਮੋੜਿਆ, ਬਾਬੇ ਦੀਆਂ ਰੱਖਾਂ ਤੈਨੂੰ ਬਾਬੇ ਦਿਆ ਘੋੜਿਆ, ਪਾਲਾ ਕਿਸੇ ਪੀਰ ਬਾਬੇ ਨੂੰ ਮੰਨਦਾ ਸੀ ਤੇ ਭਜਨ ਵੀ ਸੋਹਣੇ ਗਾ ਲੈਂਦਾ ਸੀ। ਸੋ ਬੱਕਰੀ ਅਤੇ ਬੱਚਿਆਂ ਦਾ ਬਚਣਾ ਉਸ ਲਈ ਬਾਬੇ ਦਾ ਕਰਿਸ਼ਮਾ ਹੀ ਸੀ!
ਚਲੋ, ਖ਼ੈਰ ਮੈਂ ਅਪਣੀਂ ਆਦਤ ਅਨੁਸਾਰ ਉੱਥੇ ਖੜ੍ਹੇ ਲੋਕਾਂ ਨੂੰ ਸਮਝਾਇਆ ਕਿ ਅਪਣੀਆਂ ਦਾਈਆਂ ਤਾਂ ਵਿਚਾਰੀਆਂ ਢਿੱਡ ਮਲਣ ਹੀ ਜਾਣਦੀਆਂ ਨੇ, ਬੱਚੇ ਤਾਂ ਅਪਣੇ ਆਪ ਪੈਦਾ ਹੋ ਰਹੇ ਨੇ, ਇਸ ਕਰ ਕੇ ਹੀ ਅਪਣੇ ਪਿੰਡ ‘ਚ ਜੱਚਾ ਬੱਚਾ ਦਾ ਨੁਕਸਾਨ ਜ਼ਿਆਦਾ ਹੁੰਦਾ ਐ, ਪਰ ਅਫ਼ਸੋਸ ਕਿ ਫ਼ਿਰ ਵੀ 2-3 ਸਾਲਾਂ ‘ਚ ਉਹਨਾਂ ਘਰਾਂ ‘ਚ ਦੋ ਬੀਬੀਆਂ ਉਹਨਾਂ ਦਾਈਆਂ ਦੀ ਦੇਖ ਰੇਖ ‘ਚ ਚੱਲ ਵੱਸੀਆਂ। ਲੋਕਾਂ ਦੀ ਤੰਗੀ ਤੁਰਸ਼ੀ ਅਤੇ ਜਾਣਕਾਰੀ ਨਾ ਹੋਣਾ ਸਾਡੇ ਲੋਕਾਂ ਦਾ ਬਹੁਤ ਨੁਕਸਾਨ ਕਰ ਰਿਹਾ ਹੈ। ਬੇਸ਼ੱਕ ਇਹ ਮਨੁੱਖਾਂ ‘ਚ ਹੋਵੇ ਜਾਂ ਪਸ਼ੂਆਂ ‘ਚ। ਭਾਵੇਂ ਹੁਣ ਲੋਕ ਕਾਫ਼ੀ ਚੇਤਨ ਹੋ ਚੁੱਕੇ ਹਨ ਅਤੇ ਆਧੁਨਿਕ ਸੁਖ ਸਹੂਲਤਾਂ ਵਾਲੇ ਹਸਪਤਾਲ ਵੀ ਬਣ ਗਏ ਹਨ, ਪਰ ਅਜੇ ਵੀ ਪਿੰਡਾਂ ‘ਚ ਪਹਿਲੀ ਪਸੰਦ ਪਿੰਡ ਦੀ ਦਾਈ ਹੀ ਹੈ।















