ਅਣਦੇਖਿਆ ਪ੍ਰੋਫ਼ੈਸਰ ਅਤੇ ਮੇਰਾ ਪਿਆਰਾ ਲੇਖਕ ਘੁਗਿਆਣਵੀ

ਡਾ. ਕਿਰਪਾਲ ਸਿੰਘ ਔਲਖ
ਮੈਂ ਹਾਲਾਂ ਤੀਕ ਵੀ ਨਿੰਦਰ ਘੁਗਿਆਣਵੀ ਨੂੰ ਕਦੇ ਨਹੀਂ ਮਿਲਿਆ। ਅਖ਼ਬਾਰਾਂ ‘ਚ ਛਪਦੀਆਂ ਉਸ ਦੀਆਂ ਲਿਖਤਾਂ ਜਾਂ ਫ਼ੇਸਬੁੱਕ ‘ਤੇ ਪੈਂਦੀਆਂ ਪੋਸਟਾਂ ਕਰ ਕੇ ਹੀ ਜਾਣਦਾ ਹਾਂ ਨਿੰਦਰ ਨੂੰ। ਮੇਰੀ ਪਤਨੀ ਜਸਬੀਰ ਕੌਰ ਨੇ ਕਈ ਵਾਰੀ ਉਸ ਦੀ ਜੱਜ ਦਾ ਅਰਦਲੀ ਕਿਤਾਬ ਮੰਗੀ ਹੈ। ਹੁਣ ਸੈੱਟ ਆਰਡਰ ਕਰਿਆ ਹੈ। ਇਸ ਕਿਤਾਬ ਦਾ 13ਵਾਂ ਐਡੀਸ਼ਨ ਮਿਲਿਆ। ਇਸ ਗੱਲ ‘ਚ ਕੋਈ ਸ਼ੱਕ ਨਹੀ ਕਿ ਇਸ ਸਮੇਂ ਨਿੰਦਰ ਛੋਟੀ ਉਮਰ ਦਾ ਇੱਕ ਵੱਡਾ ਪੰਜਾਬੀ ਲੇਖਕ ਬਣ ਚੁੱਕਾ ਹੈ। ਉਮਰ ਉਸ ਦੀ 49 ਕੁ ਸਾਲ ਦਸਦੇ ਨੇ, ਅਤੇ ਉਸ ਦੀਆਂ ਲਿਖੀਆਂ ਕਿਤਾਬਾਂ ਦੀ ਗਿਣਤੀ 69 ਹੋ ਚੁੱਕੀ ਹੈ। ਆਪ ਚਾਹੇ ਉਹ ਦਸਵੀਂ ਫ਼ੇਲ੍ਹ ਹੈ, ਪਰ ਉਸ ਵਲੋਂ ਲਿਖੀਆਂ ਸਾਹਿਤਕ ਅਤੇ ਸਭਿਆਚਾਰਕ ਵਿਸ਼ਿਆਂ ਉਪਰ ਵੱਖ ਵੱਖ ਕਿਤਾਬਾਂ ਨੂੰ MA ਅਤੇ BA ਦੇ ਸਿਲੇਬਸਾਂ ਅਤੇ CBSC ‘ਚ ਪੜਾਇਆ ਜਾ ਰਿਹਾ ਹੈ। 12 ਤੋਂ ਵੱਧ ਵਿਦਿਆਰਥੀ ਨਿੰਦਰ ਘੁਗਿਆਣਵੀ ਦੀਆਂ ਪੁਸਤਕਾਂ ਉੱਪਰ MPhils ਅਤੇ PhDs ਕਰ ਚੁੱਕੇ ਹਨ ਅਤੇ ਹਾਲਾਂ ਕਰੀ ਜਾ ਰਹੇ ਨੇ। ਕਈ ਯੂਨੀਵਰਸਿਟੀਆਂ ਨੇ ਨਿੰਦਰ ਘੁਗਿਆਣਵੀ ਤੋਂ ਉਚੇਚਾ ਆਖ ਕੇ ਕਿਤਾਬਾਂ ਲਿਖਵਾਈਆਂ ਨੇ ਅਤੇ ਯੂਨੀਵਰਸਿਟੀਆਂ ਵਲੋਂ ਹੀ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ। ਉਸ ਦੀ ਲਿਖਤ ਅਰਦਲੀ ਵਾਲੀ ਕਿਤਾਬ ਅੰਗਰੇਜ਼ੀ ‘ਚ NBT ਨੇ ਪ੍ਰਕਾਸ਼ਿਤ ਕੀਤੀ ਅਤੇ ਇਹੋ ਕਿਤਾਬ ਭਾਰਤ ਦੀਆਂ 12 ਜ਼ੁਬਾਨਾਂ ‘ਚ ਅਨੁਵਾਦ ਵੀ ਹੋਈ। ਡੂੰਘੀ ਸੋਚ ਅਤੇ ਸਿੱਧੇ ਸਿੱਧੇ ਸ਼ਬਦ ਜੋ ਪੜ੍ਹਨ ਵਾਲੇ ਦੇ ਮਨ ‘ਚ ਡੂੰਘੇ ਉਤਰ ਜਾਣ, ਭਾਸ਼ਾ ‘ਤੇ ਪਕੜ, ਸੰਖੇਪ ਗੱਲ, ਇਹ ਸਭ ਉਸ ਨੂੰ ਆਉਂਦਾ ਹੈ। ਫ਼ੇਸਬੁੱਕ ‘ਤੇ ਬੜੇ ਧਿਆਨ ਨਾਲ ਉਸ ਦੀ ਲਿਖਤ ਪੜ੍ਹਦਾਂ। ਧਰਤੀ ਨਾਲ ਜੁੜੇ ਅਜਿਹੇ ਕੁੱਝ ਪਿਆਰੇ ਪੰਜਾਬੀ ਪੁੱਤਰਾਂ ਦੀ ਸਾਨੂੰ ਕਦਰ ਕਰਨੀ ਹੀ ਚਾਹੀਦੀ ਹੈ। ਸੋਚਦਾ ਹਾਂ ਕਿ ਜਦ ਮੈਂ PAU ਦਾ ਵਾਈਸ ਚਾਂਸਲਰ ਸਾਂ, ਕਦੇ ਉਸ ਸਮੇਂ ਨਿੰਦਰ ਘੁਗਿਆਣਵੀ ਮੈਨੂੰ ਦਿਖਾਈ ਦਿੰਦਾ ਤਾਂ ਮੈਂ ਉਸ ਦੀ ਢੁਕਵੀਂ ਕਦਰ ਕਰਦਾ। ਪਰ ਓਦੋਂ ਉਹ ਕਾਫ਼ੀ ਛੋਟਾ ਹੋਵੇਗਾ। ਕਾਫ਼ੀ ਸਾਲ ਹੋਏ, ਓਦੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐੱਸ. ਐੱਸ. ਬੋਪਾਰਾਏ ਨੇ ਨਿੰਦਰ ਵਰਗੇ ਹੀ ਇੱਕ ਕਹਾਣੀਕਾਰ ਕਿਰਪਾਲ ਕਜ਼ਾਕ ਦੀ ਕਦਰ ਪਾਈ ਸੀ। ਸਿਰਫ਼ ਅਤੇ ਸਿਰਫ਼ ਅੱਠਵੀਂ ਪਾਸ ਲੇਖਕ ਅਤੇ ਉਸ ਨੂੰ ਉਸ ਦੀ ਸਾਹਿਤਕ ਲੇਖਣੀ ਅਤੇ ਭਰਵੀਂ ਦੇਣ ਸਦਕਾ ਪ੍ਰੋਫ਼ੈਸਰ ਦੀ ਉਪਾਧੀ ਦੇ ਦਿੱਤੀ ਗਈ ਸੀ। ਬੜਾ ਸਵਾਗਤ ਹੋਇਆ ਸੀ।
ਮੈਨੂੰ ਪਤਾ ਹੈ ਕਿ ਮੇਰੇ ਤੋਂ ਪਹਿਲੇ ਦਾ ਉਹ ਵੀ ਸਮਾਂ ਬੜਾ ਨੇਕ ਸਮਾਂ ਸੀ ਜਦ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਪ੍ਰੋ ਮੋਹਨ ਸਿੰਘ ਪ੍ਰੋਫ਼ੈਸਰ ਔਫ਼ ਅਮੈਰੀਟਿਸ ਸਨ, ਅਤੇ ਉਹਨਾਂ ਨੇ ਉਸ ਸਮੇਂ ਦੇ ਉਭਰਦੇ ਸ਼ਾਇਰ ਤੇ ਬਾਅਦ ‘ਚ ਪਦਮ ਸ਼੍ਰੀ ਬਣੇ ਸੁਰਜੀਤ ਪਾਤਰ ਨੂੰ ਯੂਨੀਵਰਸਿਟੀ ਖੋਜ ਸਹਾਇਕ ਦੇ ਤੌਰ ‘ਤੇ ਲਿਆਂਦਾ ਸੀ, ਅਤੇ ਫ਼ਿਰ ਪਾਤਰ ਜੀ ਪ੍ਰੋਫ਼ੈਸਰ ਰਿਟਾਇਰ ਹੋਏ ਸਨ। ਇਵੇਂ ਹੀ ਡਾ. ਐੱਮ. ਐੱਸ. ਰੰਧਾਵਾ ਵਾਈਸ ਚਾਂਸਲਰ ਸਨ ਤਾਂ ਉਹ ਸਾਡੇ ਮਾਣਯੋਗ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੂੰ ਸਾਡੀ ਯੂਨੀਵਰਸਿਟੀ ਲੈ ਕੇ ਆਏ। ਇਵੇਂ ਹੀ ਉਘੇ ਕਵੀ ਅਜਾਇਬ ਚਿੱਤਰਕਾਰ ਅਤੇ ਉਰਦੂ ਦੇ ਸ਼ਾਇਰ ਕ੍ਰਿਸ਼ਨ ਅਦੀਬ ਲੇਖਕ ਹੋਣ ਕਰ ਕੇ ਸਾਡੀ PAU ‘ਚ ਵਧੀਆ ਮਾਣ ਸਨਮਾਨ ਨਾਲ ਰਹੇ।
ਨਿੰਦਰ ਘੁਗਿਆਣਵੀ ਦਾ ਹੁਣ ਤੱਕ ਦਾ ਸਾਹਿਤਕ ਸਫ਼ਰ ਬੜੇ ਉਤਰਾਵਾਂ ਚੜ੍ਹਾਵਾਂ ਵਾਲਾ ਅਤੇ ਕਰੜੇ ਸੰਘਰਸ਼ ਨਾਲ ਜੂਝਣ ਵਾਲਾ ਰਿਹਾ ਹੈ। ਅਦਾਲਤਾਂ ਦੇ ਇੱਕ ਪੀਔਨ ਤੋਂ ਲੈ ਕੇ ਭਾਸ਼ਾ ਵਿਭਾਗ ‘ਚ ਮਾਲੀ ਦਾ ਕੰਮ ਵੀ ਉਸ ਨੂੰ ਕਰਨਾ ਪਿਆ ਸੀ। ਹਲਾਤ ਬੰਦੇ ਨੂੰ ਰੋਲ ਦਿੰਦੇ ਨੇ ਪਰ ਅਸ਼ਕੇ ਜਾਈਏ, ਉਹ ਤਾਂ ਆਪਣੀ ਕਲਮ ਦੇ ਮੋਹ ਮਾਣ ਸਦਕਾ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਵੀ ਕਿੰਨੇ ਕਿੰਨੇ ਵਾਰ ਗਾਹ ਆਇਐ। ਇਰਾਦੇ ਪੱਕੇ ਹੋਣ ਤਾਂ ਮਨੁੱਖ ਕੀ ਨਹੀਂ ਕਰ ਸਕਦਾ। ਹਾਲੇ ਬੜਾ ਕੁੱਝ ਕਰਨਾ ਬਾਕੀ ਹੈ। ਬੜੇ ਬੜੇ ਕਲਾਕਾਰਾਂ, ਸਾਹਿਤਕਾਰਾਂ, ਸਭਿਆਚਾਰਕ ਅਤੇ ਕਲਾ ਸੰਸਾਰ ਦੇ ਹੀਰੇ ਬੰਦਿਆਂ ਨਾਲ ਨਿੰਦਰ ਖ਼ੂਬ ਵਿਚਰਿਆ ਤੇ ਆਪਣਾ ਦਾਇਰਾ ਵੱਡਾ ਕਰੀ ਗਿਆ।
ਮੈਨੂੰ ਹਾਲਾਂ ਵੀ ਯਾਦ ਹੈ, ਇਹ ਦੇਰ ਦੀ ਗੱਲ ਹੈ ਕਿ ਸਾਡੇ ਘਰ ਦੇ ਬੂਹੇ ਅੱਗੇ ਇੱਕ ਮੁੰਡਾ ਇੱਕ ਬੈੱਲ ਲਾਉਣ ਆਇਆ। ਗੱਲਾਂ ਕਰਦੇ ਕਰਦੇ ਉਹ ਬੜਾ ਹੁਸ਼ਿਆਰ ਅਤੇ ਪੜ੍ਹਿਆ ਲਿਖਿਆ ਲੱਗਿਆ। ਹਾਲਾਤ ਠੀਕ ਨਹੀ ਸਨ ਅਤੇ ਬੈੱਲਾਂ ਲਾਉਂਦਾ ਫ਼ਿਰ ਰਿਹਾ ਸੀ। ਮੈਂ ਪੜ੍ਹਾਈ ਪੁੱਛੀ ਤਾਂ ਉਸ ਨੇ ਕਈ ਡਿਗਰੀਆਂ ਕਰੀਆਂ ਹੋਈਆਂ ਸਨ। ਮੈਂ ਸਮਝਾਇਆ ਕਿ ਤੂੰ ਬੈਂਕਾਂ ਲਈ ਨੌਕਰੀਆਂ ਭਰ, ਪੱਕਾ ਲਗ ਜਾਏਂਗਾ। ਸੋ, ਉਸ ਦਿਨ ਤੋਂ ਉਹ ਯਤਨ ਕਰਦਾ ਰਿਹਾ। ਬੜੇ ਸਾਲਾਂ ਬਾਅਦ ਮਿਲਣ ਆਇਆ। ਕਹਿੰਦਾ, ਸਰ ਮੈਂ ਅੱਜਕੱਲ੍ਹ ਇੱਕ ਵੱਡੀ ਬੈਂਕ ‘ਚ ਮੈਨੇਜਰ ਹਾਂ, ਓਹੋ ਮੁੰਡਾ ਹਾਂ ਜੋ ਬੈੱਲ ਲਾਉਣ ਆਇਆ ਸੀ, ਸੋ ਲਗਦਾ ਹੈ ਕਿ ਨਿੰਦਰ ਘੁਗਿਆਣਵੀ ਵੀ ਛੇਤੀ ਹੀ ਆਪਣੇ ਜੱਜ ਸਾਹਿਬ ਨੂੰ ਮਿਲਣ ਜਾਏਗਾ ਅਤੇ ਆਖੇਗਾ ਕਿ ਸਰ ਮੈਂ ਆਪ ਦਾ ਅਰਦਲੀ ਨਿੰਦਰ ਹਾਂ, ਅੱਜਕੱਲ੍ਹ ਕੇਂਦਰੀ ਯੂਨਿਵਰਸਿਟੀ ਬਠਿੰਡਾ ‘ਚ ਇੱਕ ਪ੍ਰੋਫ਼ੈਸਰ ਔਫ਼ ਪ੍ਰੈਕਟਿਸ ਹਾਂ। ਮੈਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਆਰ. ਪੀ. ਤਿਵਾੜੀ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਨੇ ਪੰਜਾਬੀ ਬੋਲੀ ਦਾ ਸਤਿਕਾਰ ਕੀਤਾ ਹੈ, ਅਤੇ ਅਜਿਹਾ ਲਗਾਤਾਰ ਹੋਣਾ ਚਾਹੀਦਾ ਹੈ। ਇਸ ਲੇਖ ਦਾ ਅੰਤ ਸੁਰਜੀਤ ਪਾਤਰ ਦੇ ਲਿਖੇ ਸ਼ਬਦਾਂ ਨਾਲ ਢੁਕਵਾਂ ਰਹੇਗਾ:
ਮੈਂ ਤਾਂ ਸੜਕਾਂ ‘ਤੇ ਵਿਛੀ ਬਿਰਖਾਂ ਦੀ ਰੇਤ ਹਾਂ
ਮੈਂ ਨਹੀਂ ਮਿਟਣਾ ਸੌ ਵਾਰੀ ਲੰਘ ਮਸਲ ਕੇ।
8146574487
(ਸਾਬਕਾ ਵਾਈਸ ਚਾਂਸਲਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ)