‘ਵੰਦੇ ਮਾਤਰਮ’ ਦੇ ਸਿਰਫ਼ ਸ਼ੁਰੂਆਤੀ 2 ਪੈਰੇ ਹੀ ਗਾਏਗੀ ਕਾਂਗਰਸ,

ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਨੂੰ ਕਿਹਾ ਕਿ ਉਹ ‘ਵੰਦੇ ਮਾਤਰਮ’ ਨੂੰ ਲੈ ਕੇ 1937 ’ਚ ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ, ਸਰਦਾਰ ਵੱਲਭਭਾਈ ਪਟੇਲ ਅਤੇ ਉਸ ਸਮੇਂ ਦੇ ਹੋਰ ਪ੍ਰਮੁੱਖ ਨੇਤਾਵਾਂ ਵੱਲੋਂ ਕੀਤੇ ਗਏ ਫੈਸਲੇ ਦਾ ਪੂਰੀ ਤਰ੍ਹਾਂ ਪਾਲਣਾ ਕਰੇਗੀ। ਇਸੇ ਮੁਤਾਬਕ ਪਾਰਟੀ ਵਰਕਰ ਰਾਸ਼ਟਰੀ ਗੀਤ ਦੇ ਸਿਰਫ਼ ਸ਼ੁਰੂਆਤੀ 2 ਪੈਰੇ ਹੀ ਗਾਉਣਗੇ। ਪਾਰਟੀ ਦੀ ਚੋਟੀ ਦੀ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਦੀ ਬੈਠਕ ’ਚ ਇਸ ਨੂੰ ਲੈ ਕੇ ਚਰਚਾ ਹੋਈ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ 1937 ਦੇ ਸੀ. ਡਬਲਿਊ. ਸੀ. ਦੇ ਉਸ ਮਤੇ ਦੇ ਕੁਝ ਅੰਸ਼ ਵੀ ਪੜ੍ਹੇ, ਜੋ ਮਹਾਨ ਨੇਤਾਵਾਂ ਦੀ ਮੌਜੂਦਗੀ ’ਚ ਪਾਸ ਹੋਇਆ ਸੀ ਅਤੇ ਜਿਸ ’ਚ ‘ਵੰਦੇ ਮਾਤਰਮ’ ਦੇ 2 ਅੰਤਰਿਆਂ ਦੇ ਗਾਇਨ ਦਾ ਫੈਸਲਾ ਲਿਆ ਗਿਆ ਸੀ।
ਸਿੱਖਿਆ ਅਦਾਰਿਆਂ ’ਤੇ ਆਰ. ਐੱਸ. ਐੱਸ. ਨਾਲ ਜੁੜੇ ਵਿਅਕਤੀਆਂ ਨੇ ਕਰ ਲਿਆ ਹੈ ਕਬਜ਼ਾ
ਖੜਗੇ ਨੇ ਦੋਸ਼ ਲਾਇਆ ਕਿ ਸਿੱਖਿਆ ਅਦਾਰਿਆਂ ’ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ. ਨਾਲ ਜੁੜੇ ਵਿਅਕਤੀਆਂ ਨੇ ਕਬਜ਼ਾ ਕਰ ਲਿਆ ਹੈ। ਨੌਕਰੀਆਂ ਦੀ ਭਾਲ ’ਚ ਪੜ੍ਹੇ-ਲਿਖੇ ਨੌਜਵਾਨ ਪੇਪਰ ਲੀਕ, ਭਰਤੀ ਪ੍ਰੀਖਿਆਵਾਂ ’ਚ ਕਥਿਤ ਘਪਲਿਆਂ ਤੇ ਨਿਯੁਕਤੀਆਂ ’ਚ ਦੇਰੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਗਰੀਬ ਤੇ ਕਮਜ਼ੋਰ ਵਰਗ ਦੇ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਨੌਜਵਾਨਾਂ ’ਚ ਗੁੱਸਾ ਇਕ ਦਿਨ ਦਾ ਮੁੱਦਾ ਨਹੀਂ। ਸਰਕਾਰ ਕੋਲ ਕਦੇ ਵੀ ਉਨ੍ਹਾਂ ਦੀ ਗੱਲ ਸੁਣਨ ਦਾ ਸਮਾਂ ਨਹੀਂ ਹੈ। ਸਮੱਸਿਆ ਦਾ ਸਥਾਈ ਹੱਲ ਲੱਭਣ ਦੀ ਬਜਾਏ ਸਰਕਾਰ ਨੇ ਹਮੇਸ਼ਾ ਆਰਜ਼ੀ ਹੱਲ ਲੱਭੇ ਹਨ। ਇਸੇ ਕਾਰਨ ਨੌਜਵਾਨਾਂ ਨੂੰ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ। ਕਾਂਗਰਸ ਪਾਰਟੀ ਨੇ ਆਪਣੇ ਏਜੰਡੇ ’ਚ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਸ਼ਾਮਲ ਕੀਤਾ ਹੈ। ਰਾਹੁਲ ਗਾਂਧੀ ਨੇ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਰਾਹੀਂ ਰਾਸ਼ਟਰੀ ਮੰਚ ’ਤੇ ਉਨ੍ਹਾਂ ਦੀ ਆਵਾਜ਼ ਰੱਖੀ ਹੈ।