ਸ਼ਾਹਰੁਖ਼ ਨੇ ਜਲੰਧਰ ਦੀ ਨਵਪ੍ਰੀਤ ਕੌਰ ਨੂੰ ਪਿਜ਼ਾ ਬਣਾ ਕੇ ਖੁਆਇਆ

ਬੌਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਆਪਣੀਆਂ ਫ਼ਿਲਮਾਂ ਦੇ ਨਾਲ ਨਾਲ ਨਰਮ ਵਤੀਰੇ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਅਜਿਹੀ ਹੀ ਕਹਾਣੀ ਜਲੰਧਰ ਨੇੜਲੇ ਆਦਮਪੁਰ ਦੀ ਰਹਿਣ ਵਾਲੀ ਅਤੇ ਪੇਸ਼ੇ ਤੋਂ ਇੱਕ ਮਾਡਲ ਨਵਪ੍ਰੀਤ ਕੌਰ ਨੇ ਵੀ ਬਿਆਨੀ ਹੈ। ਦਰਅਸਲ, ਨਵਪ੍ਰੀਤ ਕੌਰ ਕੁੱਝ ਦਿਨ ਪਹਿਲਾਂ ਸ਼ਾਹਰੁਖ਼ ਦੇ ਘਰ ਮੰਨਤ ਗਈ ਸੀ ਜਿੱਥੇ ਉਸ ਨੇ ਸ਼ਾਹਰੁਖ਼ ਤੇ ਉਸ ਦੇ ਪਰਿਵਾਰ ਨਾਲ ਸਮਾਂ ਬਿਤਾਇਆ ਅਤੇ ਸ਼ਾਹਰੁਖ਼ ਨੇ ਵੀ ਆਪ ਪੀਜ਼ਾ ਬਣਾ ਕੇ ਨਵਪ੍ਰੀਤ ਕੌਰ ਨੂੰ ਖੁਆਇਆ। ਨਵਪ੍ਰੀਤ ਨੇ ਇਨਸਟਾਗ੍ਰੈਮ ‘ਤੇ ਕਿੰਗ ਖ਼ਾਨ ਨਾਲ ਇੱਕ ਸੈੱਲਫ਼ੀ ਵੀ ਸਾਂਝੀ ਕੀਤੀ ਹੈ।
ਨਵਪ੍ਰੀਤ ਨੇ ਲਿਖਿਆ, ”ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਮੈਂ ਸ਼ਾਹਰੁਖ਼ ਨਾਲ ਸੈਲਫ਼ੀ ਨੂੰ ਕਦੇ ਵੀ ਪੋਸਟ ਨਹੀਂ ਕਰਾਂਗੀ, ਪਰ ਇਹ ਯਾਦ ਬਹੁਤ ਕੀਮਤੀ ਹੈ, ਇਸ ਕਰ ਕੇ ਮੈਂ ਆਪਣਾ ਵਾਅਦਾ ਨਿਭਾ ਨਾ ਸਕੀ। ਮੈਂ ਜਦੋਂ ਮੰਨਤ ਵਿੱਚ ਪੁੱਜੀ ਤਾਂ ਸੋਚਿਆ ਕਿ ਮੈਂ ਸੁਫ਼ਨਾ ਦੇਖ ਰਹੀ ਹਾਂ ਅਤੇ ਕੋਈ ਜਲਦੀ ਹੀ ਮੈਨੂੰ ਜਗਾਉਣ ਵਾਲਾ ਹੈ ਪਰ ਮੈਂ ਆਪਣਾ ਸ਼ਾਂਤ ਅਤੇ ਸੰਜਮ ਰਹੀ। ਅਸੀਂ ਸਾਰੇ ਡਾਇਨਿੰਗ ਟੇਬਲ ‘ਤੇ ਬੈਠੇ ਤੇ ਖਾਣਾ ਖਾਧਾ ਪਰ ਉਸ ਦਿਨ ਮੈਨੂੰ ਭੁੱਖ ਹੀ ਨਾ ਲੱਗੀ ਕਿਉਂਕਿ ਸ਼ਾਹਰੁਖ਼ ਦੇ ਘਰ ਦੇਖਣ ਦੇ ਚਾਅ ਨਾਲ ਮੇਰੀ ਭੁੱਖ ਮਿਟ ਗਈ ਸੀ। ਉਸ ਤੋਂ ਬਾਅਦ ਮੈਂ ਵਾਸ਼ਰੂਮ ਦਾ ਰਸਤਾ ਪੁੱਛਿਆ ਤਾਂ ਖ਼ਾਨ ਇੱਕ ਨਿੱਘੇ ਮੇਜ਼ਬਾਨ ਦੀ ਤਰ੍ਹਾਂ ਮੈਨੂੰ ਆਪ ਵਾਸ਼ਰੂਮ ਦੇ ਦਰਵਾਜ਼ੇ ਤਕ ਛੱਡਣ ਗਏ। ਮੈਂ ਵਾਸ਼ਰੂਮ ਦੇ ਅੰਦਰ ਜਾ ਕੇ ਇਸ ਸੁਫ਼ਨਮਈ ਘਟਨਾ ‘ਤੇ ਚੁੱਪਚਾਪ ਉੱਚੀ ਆਵਾਜ਼ ‘ਚ ਅੰਦਰੋਂ ਅੰਦਰ ਚੀਕੀ। ਮਗਰੋਂ ਉਹ ਮੈਨੂੰ ਬਾਹਰ ਕਾਰ ਤਕ ਛੱਡਣ ਆਏ।”