ਰੇਡੀਓ ਦੀਆਂ ਯਾਦਾਂ – 32

ਡਾ. ਦੇਵਿੰਦਰ ਮਹਿੰਦਰੂ
ਜਲੰਧਰ ਰੇਡੀਓ ਦੀ ਲਾਇਬ੍ਰੇਰੀ – 2
ਪੰਜਾਬੀ ਗੀਤਾਂ ਦੀ ਸਕਰੀਨਿੰਗ ਜਲੰਧਰ ਰੇਡੀਓ ਕਰਦਾ ਸੀ ਜਿਸ ਤਰ੍ਹਾਂ ਮਰਾਠੀ ਗੀਤਾਂ ਦੀ ਮੁੰਬਈ ਅਤੇ ਗੁਜਰਾਤੀ ਗੀਤਾਂ ਦੀ ਅਹਿਮਦਾਬਾਦ, ਗੱਲ ਕੀ ਹਰ ਪ੍ਰਦੇਸ਼ ਦਾ ਕੈਪੀਟਲ ਰੇਡੀਓ ਸਟੇਸ਼ਨ ਉਸ ਪ੍ਰਦੇਸ਼ ਦੀ ਭਾਸ਼ਾ ਦੇ ਗੀਤ, ਫ਼ਿਲਮੀ ਅਤੇ ਗ਼ੈਰ ਫ਼ਿਲਮੀ ਦੋਹਾਂ ਦੀ। ਇਸ ਕੰਮ ਲਈ ਇੱਕ ਕਮੇਟੀ ਬਣਾਈ ਜਾਂਦੀ ਸੀ ਜਿਸ ਵਿੱਚ ਉਸ ਭਾਸ਼ਾ ਦੇ ਪ੍ਰਸਾਰਣਾਂ ਦੇ ਇੰਚਾਰਜ ਅਫ਼ਸਰਾਂ ਤੋਂ ਇਲਾਵਾ ਸੰਗੀਤ ਵਿਭਾਗ ਦੇ ਇੰਚਾਰਜ ਵੀ ਸ਼ਾਮਿਲ ਹੁੰਦੇ ਸਨ, ਅਤੇ ਉਨ੍ਹਾਂ ਦੇ ਨਾਲ-ਨਾਲ ਲਾਇਬ੍ਰੇਰੀ ਇੰਚਾਰਜ ਵੀ ਕਮੇਟੀ ਦੇ ਮੈਂਬਰ ਹੁੰਦੇ ਸਨ। ਇੱਕ ਰੈਜਿਸਟਰ ‘ਚ ਪੂਰਾ ਰਿਕਾਰਡ ਰੱਖਿਆ ਜਾਂਦਾ ਸੀ, ਗੀਤ ਕਿਸ ਨੇ ਲਿਖਿਐ, ਕਿਸ ਨੇ ਗਾਇਆ, ਗੀਤ ਕਿਸ ਫ਼ਿਲਮ ਦਾ ਹੈ, ਅਤੇ ਉਸ ਦਾ ਸਾਰਾ ਵੇਰਵਾ। ਜੇ ਗੀਤ ਫ਼ਿਲਮ ਦਾ ਨਹੀਂ ਸੀ ਹੁੰਦਾ ਤਾਂ ਇਹ ਵੀ ਲਿਖਿਆ ਜਾਂਦਾ ਸੀ, ਅਤੇ ਇਹ ਵੀ ਕਿ ਉਸ ਨੂੰ ਪ੍ਰਸਾਰਣ ਯੋਗ ਕਿਉਂ ਮੰਨਿਆ ਗਿਆ ਹੈ। ਜੇ ਨਹੀਂ ਮੰਨਿਆ ਗਿਆ ਤਾਂ ਉਸ ਦੇ ਕਾਰਨਾਂ ਦਾ ਵੇਰਵਾ ਵੀ ਦਿੱਤਾ ਜਾਂਦਾ ਸੀ। ਫ਼ਿਰ ਇਹ ਸਕਰੀਨਿੰਗ ਰਿਪੋਰਟ ਸਾਰੇ ਸਟੇਸ਼ਨਾਂ ਨੂੰ ਭੇਜੀ ਜਾਂਦੀ ਤਾਂ ਕਿ ਉਹ ਕਿਸੇ ਪ੍ਰੋਗਰਾਮ ਵਿੱਚ ਕੋਈ ਗਾਣਾ ਸੁਣਾਉਣ ਤੋਂ ਪਹਿਲਾਂ ਪੱਕਾ ਕਰ ਲੈਣ ਕਿ ਇਹ ਪ੍ਰਸਾਰਣ ਯੋਗ ਹੈ ਕਿ ਨਹੀਂ। ਮੈਨੂੰ ਯਾਦ ਹੈ ਕਿ ਇੱਕ ਵਾਰ ਕਿਸੇ ਸਰੋਤੇ ਨੇ ਸ਼ਿਕਾਇਤ ਕੀਤੀ ਸੀ ਕਿ ਇਹ ਗਾਣਾ ਰੇਡੀਓ ‘ਤੇ ਕਿਉਂ ਵਜਾਇਆ ਜਾਂਦਾ ਹੈ:
ਕਿ ਮੁੰਡੇ ਵਾਲੀ ਕੰਮ ਨਾ ਕਰੇ
ਤੇ ਕੁੜੀ ਵਾਲੀ ਡੁੱਬ ਕੇ ਮਰੇ
ਇੱਕ ਸਰੋਤੇ ਨੇ ਲਿਖਿਆ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੁੰਡੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਹੁੰਦਾ, ਦੂਜੇ ਪਾਸੇ ਅਜਿਹੇ ਗੀਤ ਵਜਾਉਂਦੇ ਹੋ ਰੇਡੀਓ ਤੋਂ। ਇਸ ਸ਼ਿਕਾਇਤ ‘ਤੇ ਗ਼ੌਰ ਕੀਤਾ ਗਿਆ। ਦੁਬਾਰਾ ਤੋਂ ਉਸ ਗੀਤ ਨੂੰ ਸਕਰੀਨਿੰਗ ਕਮੇਟੀ ਅੱਗੇ ਰੱਖਿਆ ਗਿਆ ਅਤੇ ਉਸ ਦਾ ਪ੍ਰਸਾਰਣ ਬੰਦ ਕਰ ਦਿੱਤਾ ਗਿਆ। ਰੇਡੀਓ ‘ਚ ਗੀਤਾਂ ਦੀ ਰੌਇਲਟੀ ਦਾ ਵੀ ਪੂਰਾ ਪੂਰਾ ਹਿਸਾਬ ਰੱਖਿਆ ਜਾਂਦਾ ਅਤੇ ਕਿਹੜਾ ਗੀਤ ਕਿੰਨੀ ਵਾਰ ਵਜਾਇਆ ਗਿਐ, ਉਹਦਾ ਪੂਰਾ ਵੇਰਵਾ ਅੱਗੇ ਭੇਜਿਆ ਜਾਂਦਾ ਹੈ ਤਾਂ ਕਿ ਇੱਕ ਥਾਂ ‘ਤੇ ਪੂਰਾ ਹਿਸਾਬ-ਕਿਤਾਬ ਕਰ ਕੇ ਸੰਬੰਧਿਤ ਕੰਪਨੀ ਨੂੰ ਭੁਗਤਾਨ ਕੀਤਾ ਜਾ ਸਕੇ। ਫ਼ਰਮਾਇਸ਼ ‘ਤੇ ਤਾਂ ਹਰ ਰੇਡੀਓ ਸਟੇਸ਼ਨ ਗਾਣੇ ਸੁਣਾਉਂਦਾ ਹੀ ਸੁਣਾਉਂਦਾ ਸੀ। ਕੁਝ ਹੋਰ ਕਾਰਨ ਵੀ ਹੁੰਦੇ ਸਨ ਕਿ ਕਿਸੇ ਖ਼ਾਸ ਮੌਕੇ ‘ਤੇ ਕੋਈ ਖ਼ਾਸ ਗਾਣਾ ਚਲਾਉਣ ਪਿੱਛੇ। ਕਿਸੇ ਦਾ ਜਨਮ ਦਿਨ ਹੈ, ਕਿਸੇ ਦੀ ਵਿਆਹ ਹੈ, ਸ਼ਾਦੀ ਹੈ ਜਾਂ ਬਰਸੀ ਹੈ, ਐਨਾਊਂਸਰ, ਕੰਪੀਅਰਰ, ਐਂਕਰ ਯਾਨੀ ਪੇਸ਼ਕਰਤਾ ਇੰਨੀ ਕੁ ਮਰਜ਼ੀ ਤਾਂ ਚਲਾ ਹੀ ਸਕਦਾ ਹੈ ਕਿ ਆਪਣੇ ਕਿਸੇ ਖ਼ਾਸ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਮੌਕੇ ਦੇ ਮੁਤਾਬਿਕ ਗੀਤ ਲਾ ਦੇਵੇ। ਮੈਂ ਤੁਹਾਨੂੰ ਇੱਕ ਹੋਰ ਦਿਲਚਸਪ ਗੱਲ ਸੁਣਾਉਂਦੀ ਹਾਂ। ਵਿਆਹ ਤੋਂ ਪਹਿਲਾਂ ਜਦੋਂ ਵੀ ਪਿੰਡ ਤੋਂ ਜਲੰਧਰ ਆਉਂਦੀ, ਮਾਂ ਨੂੰ ਕਹਿ ਕੇ ਆਉਂਦੀ ਕਿ ਫ਼ੌਜੀ ਭਰਾਵਾਂ ਦਾ ਪ੍ਰੋਗਰਾਮ ਲਾ ਲੈਣਾ ਰੇਡੀਓ ‘ਤੇ, ਜਾਂਦੇ ਹੀ ਫ਼ਲਾਣਾ ਗੀਤ ਦੇ ਦੇਵਾਂਗੀ ਅਨਾਊਂਸਰ ਨੂੰ ਚਲਾਉਣ ਲਈ, ਸਮਝ ਲੈਣਾ ਮੈਂ ਰੇਡੀਓ ਸਟੇਸ਼ਨ ਪਹੁੰਚਗੀ ਹਾਂ ਠੀਕ ਠਾਕ। ਫ਼ੋਨ ਤਾਂ ਘਰ ‘ਚ ਕਿਤੇ-ਕਿਤੇ ਹੁੰਦੇ ਸਨ। ਪੂਰੇ ਪਿੰਡ ‘ਚ ਨਹੀਂ ਸੀ ਕਿਸੇ ਦੇ ਘਰ ‘ਚ ਕੋਈ ਫ਼ੋਨ। ਜੇ ਹੁੰਦਾ ਵੀ ਕਿਸੇ ਦੇ ਘਰ ਤਾਂ ਦਫ਼ਤਰ ਦੇ ਫ਼ੋਨ ਤੋਂ ਟਰੰਕ ਕਾਲ ਬੁੱਕ ਕਰਨੀ ਪੈਂਦੀ ਸੀ। ਉਹਦੇ ਲਈ ਪੈਸੇ ਕਿੱਥੋਂ ਲਿਆਉਣੇ ਸਨ। ਵੈਸੇ ਵੀ ਟਾਂਵੇ-ਟਾਂਵੇ ਘਰ ਹੀ ਟੈਲੀਫ਼ੋਨ ਹੁੰਦਾ ਸੀ ਜਲੰਧਰ ‘ਚ ਵੀ। ਉਹ ਗਾਣਾ ਵੀ ਬਹੁਤ ਮਸ਼ਹੂਰ ਸੀ ਉਨ੍ਹਾਂ ਦਿਨਾਂ ਵਿੱਚ: ਮੇਰੇ ਪੀਆ ਗਏ ਰੰਗੂਨ, ਵਹਾਂ ਸੇ ਆਇਆ ਟੈਲੀਫ਼ੋਨ, ਕਿ ਤੇਰੀ ਯਾਦ ਸਤਾਤੀ ਹੈ। ਇਸ ਗੀਤ ਦਾ ਉਪਯੋਗ ਯਾ ਕਹੋ ਦੁਰਉਪਯੋਗ ਵੀ ਬਹੁਤ ਹੁੰਦਾ ਸੀ ਰੇਡੀਓ ‘ਤੇ। ਸੋਚ ਹੀ ਸਕਦੇ ਹੋ ਤੁਸੀਂ।
ਵੈਸੇ ਵੀ ਐਨਾਊਂਸਰ ਕੋਲ ਇੰਨੀਆਂ ਸ਼ਕਤੀਆਂ ਹੁੰਦੀਆਂ ਸਨ ਕਿ ਵੱਡੇ ਵੱਡੇ ਅਫ਼ਸਰ ਰੇਡੀਓ ਵਾਲਿਆਂ ਤੋਂ ਪਰੇਸ਼ਾਨ ਹੋ ਜਾਂਦੇ ਸਨ। ਸਾਡੇ ਇੱਕ ਸਹਾਇਕ ਡਾਇਰੈਕਟਰ ਸੁਣਾਉਂਦੇ ਹੁੰਦੇ ਸਨ ਕਿ UPSC ਤੋਂ ਜਦੋਂ ਉਹ ਚੁਣ ਜਿੱਤ ਕੇ ਆਏ ਤਾਂ ਆਪਣੇ ਮਾਤਾ ਜੀ ਨੂੰ ਫ਼ੋਨ ਕਰ ਕੇ ਆਪਣੀ ਸਫ਼ਲਤਾ ਬਾਰੇ ਦੱਸਿਆ। ਮਾਤਾ ਜੀ ਨੇ ਪੁੱਛਿਆ ਕਿ ਹੁਣ ਤੂੰ ਕੀ ਬਣ ਗਿਐਂ? ਉਨ੍ਹਾਂ ਦਾ ਜਵਾਬ ਸੁਣਕੇ ਮਾਤਾ ਜੀ ਨੇ ਉਨ੍ਹਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਕੋਈ ਨਾ ਮਿਹਨਤ ਕਰਦਾ ਰਹਿ ਇੱਕ ਦਿਨ ਐਨਾਊਂਸਰ ਵੀ ਬਣ ਜਾਵੇਂਗਾ। ਬਹੁਤ ਸਾਰੇ ਪੇਸ਼ਕਰਤਾ ਆਪਣਾ ਪ੍ਰੋਗਰਾਮ ਅੱਛਾ ਤੋ ਹਮ ਚਲਤੇ ਹੈਂ ਗੀਤ ਨਾਲ ਖ਼ਤਮ ਕਰਦੇ ਜਿਸ ਤਰ੍ਹਾਂ ਇਹ ਉਨ੍ਹਾਂ ਦਾ ਤਕੀਆ ਕਲਾਮ ਹੋਵੇ। ਕਿਸੇ ਨੇ ਲੰਬੀ ਛੁੱਟੀ ਜਾਣਾ ਹੁੰਦਾ ਤਾਂ ਸਵੇਰੇ ਵਾਲੀ ਗਾੜੀ ਸੇ ਚਲੇ ਜਾਏਂਗੇ ਗਾਣਾ ਸੁਣਾ ਕੇ ਵਿਦਾ ਲੈਂਦਾ। ਹੋਰ ਕਿੰਨਾ ਕੁਝ ਕੌਣ ਕਿਸ ਨੂੰ ਸੁਣਾਉਂਦਾ, ਕੀ ਪਤਾ? ਇਹ ਤਾਂ ਸੁਣਾਉਣ ਵਾਲਿਆਂ ਨੂੰ ਪਤਾ ਹੋਵੇਗਾ ਯਾ ਸੁਣਨ ਵਾਲਿਆਂ ਨੂੰ। ਫ਼ਰਮਾਇਸ਼ ਕਰਨ ਵਾਲਿਆਂ ਦੇ ਨਾਂ ਪੜ੍ਹਦਿਆਂ ਇੱਕ-ਦੋ ਆਪਣੇ ਚਹੇਤਿਆਂ ਦੇ ਨਾਂ ਵੀ ਆਪਣੇ ਵੱਲੋਂ ਜੋੜ ਦੇਣ ਨੂੰ ਤਾਂ ਗੁਨਾਹ ਨਹੀਂ ਮੰਨਿਆ ਜਾਣਾ ਚਾਹੀਦਾ। ਗਰਾਮੋਫ਼ੋਨ ਰਿਕਾਰਡ ਖ਼ਰੀਦਣ ਦਾ ਆਰਡਰ ਵੀ ਮੈਂ ਹੀ ਕਰਦੀ ਸੀ। ਰਿਕਾਰਡ ਨਹੀਂ ਸਨ ਆ ਰਹੇ। ਨਾ ਕੋਈ ਜਵਾਬ। ਕਲਕੱਤਾ ਭੇਜੇ ਕਿੰਨੇ ਆਰਡਰ ਪੈਂਡਿੰਗ ਪਏ ਸਨ। ਦਿੱਲੀ, ਚੰਡੀਗੜ੍ਹ ਤੋਂ ਵੀ ਕੋਈ ਜਵਾਬ ਨਹੀਂ ਸੀ ਆ ਰਿਹਾ। ਘਸੇ ਹੋਏ ਰਿਕਾਰਡ ਪਾਸੇ ਰੱਖ ਦਿੱਤੇ ਜਾਂਦੇ ਸਨ। ਉਨ੍ਹਾਂ ਗੀਤਾਂ ਦੀ ਫ਼ਰਮਾਇਸ਼ ਪੂਰੀ ਨਹੀਂ ਸੀ ਹੋ ਰਹੀ ਜਿਹੜੇ ਵਜਾਉਣ ਦੇ ਕਾਬਿਲ ਨਹੀਂ ਸਨ। ਇੱਕ ਦਿਨ ਜਲੰਧਰ ਮਾਰਕੀਟ GT ਰੋਡ ਗਈ ਕਿ ਉੱਥੋਂ ਸ਼ਾਇਦ ਕੁਝ ਲੱਭ ਜਾਵੇ। ਮਾਲਕ ਮੇਰੀ ਗੱਲ ਸੁਣ ਕੇ ਕਹਿੰਦੇ, ”ਕਿੱਥੋਂ ਆਏ ਹੋਂ?”
”ਰੇਡੀਓ ਸਟੇਸ਼ਨ ਤੋਂ ਆਈ ਆ, ”ਮੈਂ ਜਵਾਬ ਦਿੱਤਾ।”
ਅੱਗੋ ਸਵਾਲ ਮਿਲਿਆ, ”ਕਿਹੜੇ ਜ਼ਮਾਨੇ ‘ਚ ਰਹਿ ਰਹੇ ਹੋ ਮੈਡਮ, ਅਜੇ ਤੱਕ ਰਿਕਾਰਡ ਚੱਲ ਰਹੇ ਨੇ ਤੁਹਾਡੇ ਉੱਥੇ?”
ਬਹਿਸ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ। ਉਨ੍ਹਾਂ ਨੇ ਕੈਸੇਟਾਂ ਵੇਚਣੀਆਂ ਸਨ ਜਿੰਨ੍ਹਾਂ ਨੂੰ ਚਲਾਉਣ ਦਾ ਸਾਡੇ ਕੋਲ ਕੋਈ ਸਾਧਨ ਨਹੀਂ ਸੀ। ਬਹੁਤ ਸਾਲਾਂ ਬਾਅਦ CDs ਚੱਲਣ ਲੱਗੀਆਂ ਰੇਡੀਓ ਸਟੇਸ਼ਨਾਂ ‘ਤੇ। ਇਸ ਵਿਚਕਾਰ ਦੇ ਸਮੇਂ ਵਿੱਚ ਕਿੱਥੋਂ ਕਿੱਥੋਂ ਰਿਕਾਰਡ ਲੱਭ ਕੇ ਖ਼ਰੀਦੇ ਅਤੇ ਸੁਣਨ ਵਾਲਿਆਂ ਦੀਆਂ ਫ਼ਰਮਾਇਸ਼ਾਂ ਦੇ ਗੀਤ ਉਨ੍ਹਾਂ ਨੂੰ ਸੁਣਾਏ . . . ਜ਼ਿਆਦਾਤਰ ਦਿੱਲੀ ਦੇ ਬਾਜ਼ਾਰਾਂ ਦੇ ਚੱਕਰ ਲੱਗਾ ਕੇ। ਦਿੱਲੀ ਵਾਲੀ ਖ਼ਰੀਦਾਰੀ ਇੱਕ ਬਿਲਕੁਲ ਅਲੱਗ ਕਹਾਣੀ ਹੈ, ਕਦੇ ਮੌਕਾ ਲੱਗਿਆ ਤਾਂ ਦੱਸਾਂਗੀ।
ਚੱਲਦ