ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1470

ਕੀ ਤੁਹਾਡੇ ਕੋਲ ਮਾਣ ਮਹਿਸੂਸ ਕਰਨ ਦਾ ਕੋਈ ਕਾਰਨ ਹੈ? ਬਿਲਕੁਲ ਹੈ। ਜਦੋਂ ਕਿ ਤੁਹਾਡੇ ਸੰਸਾਰ ‘ਚ ਸਭ ਕੁਝ ਉੱਤਮ ਤਾਂ ਨਹੀਂ, ਪਰ ਤੁਸੀਂ ਇੱਕ ਚੀਜ਼ ਬਹੁਤ ਸਿਆਣੀ ਕੀਤੀ ਹੈ। ਜੇਕਰ ਤੁਸੀਂ ਸਪੱਸ਼ਟ ਫ਼ੈਸਲਾ ਨਾ ਲਿਆ ਹੁੰਦਾ ਤਾਂ ਹਾਲਾਤ ਇਸ ਤੋਂ ਵੀ ਬਹੁਤ ਜ਼ਿਆਦਾ ਬਦਤਰੀਨ ਹੋਣੇ ਸਨ। ਤੁਸੀਂ ਇਹ ਭਲੀ ਪ੍ਰਕਾਰ ਜਾਣਦੇ ਹੋ, ਪਰ ਤੁਸੀਂ ਫ਼ਿਰ ਵੀ ਖ਼ੁਦ ਨਾਲ ਸਖ਼ਤੀ ਕਰਨ ਦੇ ਮੂਡ ‘ਚ ਹੋ। ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਤੁਸੀਂ ਕਿਸੇ ਅਜਿਹੀ ਸਥਿਤੀ ‘ਤੇ ਆਪਣੀ ਪਕੜ ਢਿੱਲੀ ਨਹੀਂ ਪੈਣ ਦੇਣੀ ਚਾਹੁੰਦੇ ਜਿਸ ‘ਚ ਹਾਲੇ ਬਹੁਤ ਕੁਝ ਸੁਲਝਾਉਣ ਦੀ ਲੋੜ ਹੈ। ਤਾਂ ਚਲੋ, ਸੁਲਝਾਓ ਫ਼ਿਰ। ਪਰ ਅਜਿਹਾ ਕਰਦੇ ਹੋਏ ਪੂਰੀ ਤਰ੍ਹਾਂ ਨਿਸ਼ਚਿੰਤ ਅਤੇ ਤਨਾਅ ਮੁਕਤ ਰਹਿਆ ਜੇ। ਕਿਉਂਕਿ ਤੁਸੀਂ ਪਹਿਲਾਂ ਹੀ ਇਹ ਸਾਬਿਤ ਕਰ ਚੁੱਕੇ ਹੋ ਕਿ ਤੁਹਾਡੇ ਕੋਲ ਤਾਕਤ ਹੈ। ਹੁਣ ਸਵਾਲ ਕੇਵਲ ਉਸ ਨੂੰ ਪੂਰੀ ਸਿਆਣਪ ਨਾਲ ਵਰਤਣ ਦਾ ਹੈ। ਅਤੇ ਉਹ, ਤੁਸੀਂ ਆਸਾਨੀ ਨਾਲ ਕਰ ਸਕਦੇ ਹੋ।
ਜੇਕਰ ਲੋਕਾਂ ਵਲੋਂ ਉਨ੍ਹਾਂ ਨਾਲ ਸਹਿਮਤ ਹੋਣ ਤੋਂ ਪਹਿਲਾਂ ਹੀ ਯਕੀਨਾਂ ਦਾ ਤਰਕਸ਼ੀਲ ਹੋਣਾ ਲਾਜ਼ਮੀ ਹੁੰਦਾ ਤਾਂ ਉਨ੍ਹਾਂ ਨੂੰ ਯਕੀਨ ਕਹੇ ਜਾਣ ਦੀ ਕੋਈ ਲੋੜ ਹੀ ਨਾ ਪੈਂਦੀ। ਯਕੀਨ ਹੋਂਦ ‘ਚ ਉਸ ਵਕਤ ਹੀ ਤਾਂ ਆਉਂਦੇ ਨੇ ਜਦੋਂ ਕਿਸੇ ਕਿਸਮ ਦੇ ਰਿਵਾਇਤੀ ਸਬੂਤ ਆਸਾਨੀ ਨਾਲ ਨਾ ਲੱਭੇ ਜਾ ਸਕਦੇ ਹੋਣ। ਯਕੀਨਾਂ ਬਾਰੇ ਸਬੂਤ ਦੀ ਕਮੀ ਹੋਣਾ ਖ਼ੁਦ-ਬ-ਖ਼ੁਦ ਉਨ੍ਹਾਂ ਨੂੰ ਗ਼ਲਤ ਨਹੀਂ ਬਣਾ ਦਿੰਦਾ। ਇਹ ਸਿਰਫ਼ ਇਸ ਗੱਲ ਦਾ ਸੰਕੇਤ ਹੈ ਕਿ ਭਾਵਨਾਤਮਕ ਸ਼ਕਤੀਆਂ ਕੰਮੇ ਲੱਗੀਆਂ ਹੋਈਆਂ ਹਨ। ਮੈਂ ਇਸ ਸਭ ਦੀ ਚਰਚਾ ਆਪਣੇ ਉਸ ਡੂੰਘੇ ਯਕੀਨ ਦੀ ਵਜ੍ਹਾ ਤੋਂ ਕਰ ਰਿਹਾਂ ਕਿ ਇਸ ਵਕਤ ਤੁਹਾਡਾ ਯਕੀਨ ਹੀ ਕਿਸੇ ਸੰਵੇਦਨਸ਼ੀਲ ਸਥਿਤੀ ਦੇ ਅਨੁਕੂਲ ਤੁਹਾਡੇ ਦ੍ਰਿਸ਼ਟੀਕੋਣ ਨੂੰ ਢਾਲੇਗਾ। ਕਿਰਪਾ ਕਰ ਕੇ ਇਸ ਗੱਲ ਨੂੰ ਧਿਆਨ ਗੋਚਰੇ ਰੱਖਣਾ ਕਿ ਇਹ ਕੇਵਲ ਇੱਕ ਯਕੀਨ ਹੈ, ਨਾ ਕਿ ਕੋਈ ਅਟੱਲ ਸੱਚਾਈ। ਦਿਲ-ਓ-ਦਿਮਾਗ਼ ਨੂੰ ਰਲਗਡ ਨਾ ਕਰੋ।
ਲੋਕ ਕਹਿੰਦੇ ਨੇ ਕਿ ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵਜਦੀ। ਉਨ੍ਹਾਂ ਦੇ ਕਹਿਣ ਤੋਂ ਮੁਰਾਦ ਹੈ ਕਿ ਕੁਝ ਚੀਜ਼ਾਂ ਕਰਨ ਲਈ ਦੋ ਦੀ ਲੋੜ ਹੁੰਦੀ ਹੈ। ਜਿਵੇਂ ਦੋ ਜੋੜੇ ਕਾਠੀਆਂ ਅਤੇ ਦੋ ਜੋੜੇ ਪੈਡਲਾਂ ਵਾਲੇ ਇੱਕ ਟੈਂਡਮ ਸਾਈਕਲ ਨੂੰ ਚਲਾਉਣ ਲਈ ਦੋ ਵਿਅਕਤੀਆਂ ਦੀ ਲੋੜ ਪੈਂਦੀ ਹੈ। ਅਤੇ ਬਹਿਸ ਕਰਨ ਲਈ ਵੀ। ਜੇਕਰ ਇੱਕ ਵਿਅਕਤੀ ਅਣਉਚਿਤ ਹੈ ਅਤੇ ਦੂਸਰਾ ਉਚਿਤ, ਕਦੇ ਨਾ ਕਦੇ, ਗ਼ੈਰ-ਵਾਜਿਬ ਵਿਹਾਰ ਵਾਲਾ ਥੋੜ੍ਹਾ ਪਿੱਛੇ ਹੱਟ ਹੀ ਜਾਏਗਾ। ਪਰ ਜੇ ਦੋਹੇਂ ਇਹ ਸੋਚਦੇ ਹਨ ਕਿ ਉਹ ਬਿਲਕੁਲ ਸਹੀ ਹਨ, ਪਰ ਦਰਅਸਲ ਉਹ ਦੋਹੇਂ ਗ਼ਲਤ ਹਨ, ਕਿਸੇ ਵੀ ਪ੍ਰਗਤੀ ਦੀ ਕੋਈ ਗੁੰਜਾਇਸ਼ ਨਹੀਂ। ਵਾਜਿਬ ਹੋਣ ਦਾ ਅਰਥ ਆਖ਼ਿਰ ਹੈ ਕੀ? ਚਲੋ, ਸ਼ੁਰੂ ਇੱਥੋਂ ਹੀ ਕਰ ਲੈਂਦੇ ਹਾਂ … ਇਸ ‘ਚ ਸ਼ਾਮਿਲ ਹੈ ਕਦੇ ਵੀ ਇਹ ਦ੍ਰਿੜ ਧਾਰਣਾ ਨਾ ਬਣਾਉਣਾ ਕਿ ਤੁਹਾਡੇ ਖ਼ੁਦ ਦੇ ਐਕਸ਼ਨ ਅਤੇ ਖ਼ਿਆਲਾਤ ਹਰ ਐਂਗਲ ਤੋਂ ਬਿਲਕੁਲ ਜਾਇਜ਼ ਹਨ। ਇੱਥੋਂ ਆਰੰਭ ਕਰੋ ਅਤੇ ਤੁਸੀਂ ਆਪਣੇ ਭਾਵਨਾਤਮਕ ਜੀਵਨ ‘ਚ ਖ਼ੁਦ ਨੂੰ ਇੱਕ ਸਰਬਉੱਤਮ ਸਥਾਨ ‘ਤੇ ਪਾਓਗੇ!
ਮਜ਼ਬੂਤ ਬਣਨ ਦੀ ਕੋਸ਼ਿਸ਼ ਕਰੋ, ਬਹਾਦਰ ਬਣੋ ਅਤੇ, ਸਭ ਤੋਂ ਵੱਧ, ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰੋ। ਤੁਸੀਂ ਇਸ ਦੇ ਹੱਕਦਾਰ ਹੋ … ਅਤੇ ਤੁਹਾਡੇ ਕੋਲ ਅਜਿਹਾ ਕਰਨ ਦਾ ਹਰ ਕਾਰਨ ਮੌਜੂਦ ਹੈ। ਤੁਹਾਡੇ ਸੰਸਾਰ ‘ਚ ਜੋ ਕੁਝ ਵੀ ਗ਼ਲਤ ਹੈ ਜਾਂ ਜੋ ਤੁਹਾਨੂੰ ਆਪਣੇ ਕਾਬੂ ਤੋਂ ਬਾਹਰ ਜਾਪਦੈ, ਉਸ ਸਭ ਦੇ ਬਾਵਜੂਦ, ਇੱਕ ਰੱਖਿਆ ਦੂਤ ਅਦ੍ਰਿਸ਼ ਤੌਰ ‘ਤੇ ਤੁਹਾਡੀ ਭਲਾਈ ਖ਼ਾਤਿਰ ਕੰਮੇ ਲੱਗਾ ਹੋਇਐ। ਉਹ ਹਮਦਰਦ ਆਤਮਾ ਇਹ ਸੁਨਿਸ਼ਚਿਤ ਕਰਨ ਲਈ ਦ੍ਰਿੜ ਹੈ ਕਿ ਅੰਤ ਨੂੰ ਸਭ ਕੁਝ ਠੀਕ ਹੋਵੇ। ਸ਼ਾਇਦ, ਹੁਣ ਤਕ, ਤੁਸੀਂ ਬਹੁਤ ਹੀ ਘੱਟ ਇਸ ਗੱਲ ਦਾ ਕੋਈ ਵੀ ਸਬੂਤ ਦੇਖਿਆ ਹੋਣੈ। ਪਰ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ, ਤੁਸੀਂ ਜ਼ਰੂਰ ਕੁਝ ਦੇਖਿਐ। ਉਸ ‘ਤੇ ਹੀ ਆਪਣਾ ਸਾਰਾ ਧਿਆਨ ਕੇਂਦ੍ਰਿਤ ਕਰੋ।
ਜਦੋਂ ਵੀ ਸੱਚਾਈ ਇੱਕ ਦੂਸਰੇ ਤੋਂ ਛੁਪਾਈ ਜਾਂਦੀ ਹੈ, ਆਪਸੀ ਸਮਝ ਦੇ ਮਾਰਗ ‘ਚ ਗੰਭੀਰ ਰੁਕਾਵਟ ਖੜ੍ਹੀ ਹੋ ਜਾਂਦੀ ਹੈ। ਬੇਸ਼ੱਕ ਸਾਵਧਾਨ ਹੋਣ ਦੇ ਸਾਡੇ ਕੋਲ ਕਿੰਨੇ ਵੀ ਜਾਇਜ਼ ਕਾਰਨ ਕਿਉਂ ਨਾ ਹੋਣ, ਅਸੀਂ ਉਸ ਦੂਸਰੇ ਵਿਅਕਤੀ, ਜਿਸ ਨੂੰ ਕੁਝ ਹੱਦ ਤਕ ਬਹਿਕਾਇਆ ਗਿਆ ਹੁੰਦੈ, ਨੂੰ ਭੰਬਲਭੂਸੇ ‘ਚ ਪਾ ਦਿੰਦੇ ਹਾਂ। ਅੰਤਰਪ੍ਰੇਰਣਾ ਖ਼ੁਦ-ਬ-ਖ਼ੁਦ ਵਿਵੇਕ ਨਾਲ ਹੱਥ ਨਹੀਂ ਮਿਲਾ ਸਕਦੀ। ਜੋ ਅਚੇਤ ਮਨ ਮਹਿਸੂਸ ਕਰਦਾ ਹੋਵੇ, ਉਹ ਉਸ ਨਾਲ ਮੇਲ ਨਹੀਂ ਖਾ ਸਕਦਾ ਜੋ ਸ਼ਰੇਆਮ ਕਿਹਾ ਜਾ ਰਿਹਾ ਹੋਵੇ। ਤੁਹਾਡੇ ਸੰਸਾਰ ‘ਚ ਇਸ ਵਕਤ ਕਿਤੇ ਕੋਈ ਗ਼ਲਤ ਜਾਣਕਾਰੀ ਮੌਜੂਦ ਹੈ। ਜੀਵਨ ਇਸ ਵਕਤ ਤੁਹਾਡੇ ਲਈ ਉਸ ਨੂੰ ਕੁਝ ਹੱਦ ਤਕ, ਕੋਮਲਤਾ ਪਰ ਸਥਿਰਤਾਪੂਰਵਕ, ਘਟਾਉਣ ਦਾ ਇੱਕ ਮੌਕਾ ਲਿਆਇਆ ਹੈ ਤਾਂ ਕਿ ਸਪੱਸ਼ਟ ਤਸਵੀਰ ਦੇਖ ਕੇ ਸਭ ਦਾ ਫ਼ਾਇਦਾ ਹੋਵੇ।