ਦੋਸਤ ਨੇ ਹੀ ਮਾਰ’ਤਾ ਗੈਂਗਸਟਰ ! 8 ਮਾਮਲਿਆਂ ‘ਚ ਵਾਂਟੇਡ ਸੀ ਟੂਨਾ ਬਦਮਾਸ਼

ਬ੍ਰਹਮਪੁਰ – ਓਡੀਸ਼ਾ ਦੇ ਬ੍ਰਹਮਪੁਰ ’ਚ ਸ਼ਰਾਬ ਦੇ ਨਸ਼ੇ ’ਚ ਹੋਏ ਝਗੜੇ ਦੌਰਾਨ 28 ਸਾਲਾ ਗੈਂਗਸਟਰ ਦਾ ਉਸ ਦੇ ਦੋਸਤ ਨੇ ਕਥਿਤ ਤੌਰ ’ਤੇ ਗਲਾ ਵੱਢ ਕੇ ਕਤਲ ਕਰ ਦਿੱਤਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਸ਼ਨੀਵਾਰ ਰਾਤ ਨਿਮਾਖੰਡੀ ’ਚ ਵਾਪਰੀ, ਜਿੱਥੇ ਦੋਵੇਂ 2 ਹੋਰ ਲੋਕਾਂ ਨਾਲ ਸ਼ਰਾਬ ਪੀ ਰਹੇ ਸਨ। ਪੁਲਸ ਮੁਤਾਬਕ, ਕਤਲ ਅਤੇ ਕਤਲ ਦੀ ਕੋਸ਼ਿਸ਼ ਸਮੇਤ ਘੱਟੋ-ਘੱਟ 8 ਅਪਰਾਧਕ ਮਾਮਲਿਆਂ ’ਚ ਲੋੜੀਂਦੇ ਟੂਨਾ ਨਾਇਕ ਅਤੇ ਉਸ ਦੇ ਦੋਸਤ ਤੇ ਫਾਸਟ ਫੂਡ ਦੁਕਾਨ ਦੇ ਮਾਲਕ ਬਿੱਟੂ ਸਾਹੂ (28) ਉਰਫ਼ ਰਾਘਵ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਨਾਇਕ ਨੇ ਸਾਹੂ ਨੂੰ ਥੱਪੜ ਮਾਰ ਦਿੱਤਾ।
ਬ੍ਰਹਮਪੁਰ ਦੇ ਪੁਲਸ ਸੁਪਰਡੈਂਟ (ਐੱਸ. ਪੀ.) ਅਭਿਨਵ ਸੋਨਕਰ ਨੇ ਦੱਸਿਆ ਕਿ ਅਚਾਨਕ ਥੱਪੜ ਮਾਰੇ ਜਾਣ ਤੋਂ ਨਾਰਾਜ਼ ਬਿੱਟੂ ਸਾਹੂ ਨੇ ਆਪਣੇ ਸਕੂਟਰ ਦੀ ਡਿੱਗੀ ’ਚ ਰੱਖਿਆ ਚਾਕੂ ਕੱਢਿਆ ਅਤੇ ਟੂਨਾ ਨਾਇਕ ਦਾ ਗਲਾ ਵੱਢ ਦਿੱਤਾ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਐੱਸ. ਪੀ. ਨੇ ਕਿਹਾ, ‘‘ਮੁਲਜ਼ਮ ਸਕੂਟਰ ’ਤੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਵਾਹਨ ਚੈਕਿੰਗ ਮੁਹਿੰਮ ਦੌਰਾਨ ਪੁਲਸ ਮੁਲਾਜ਼ਮਾਂ ਨੇ ਉਸ ਦੇ ਖ਼ੂਨ ਨਾਲ ਲੱਥਪੱਥ ਕੱਪੜੇ ਦੇਖ ਕੇ ਉਸ ਨੂੰ ਰੋਕ ਲਿਆ। ਪੁੱਛਗਿੱਛ ਦੌਰਾਨ ਉਸ ਨੇ ਕਤਲ ਕਰਨ ਦੀ ਗੱਲ ਕਬੂਲ ਕਰ ਲਈ।’’