ਰਾਜੌਰੀ ਤੇ ਊਧਮਪੁਰ ’ਚ ਸ਼ੱਕੀ ਅੱਤਵਾਦੀ ਸਰਗਰਮੀਆਂ ਤੋਂ ਬਾਅਦ ਫ਼ੌਜ ਦਾ ਸਰਚ ਆਪ੍ਰੇਸ਼ਨ ਸ਼ੁਰੂ

ਰਾਜੌਰੀ- ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ’ਚ ਸੁਰੱਖਿਆ ਫੋਰਸਾਂ ਨੇ ਐਤਵਾਰ ਨੂੰ ਰਾਜੌਰੀ ਅਤੇ ਊਧਮਪੁਰ ਜ਼ਿਲ੍ਹਿਆਂ ਦੇ ਜੰਗਲੀ ਖੇਤਰਾਂ ’ਚ ਸ਼ੱਕੀ ਅੱਤਵਾਦੀ ਸਰਗਰਮੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਰਾਜੌਰੀ ਦੇ ਸੁੰਦਰਬਨੀ ਸੈਕਟਰ ਦੇ ਅੱਪਰ ਲਾਰਡੀਆ ’ਚ ਇਕ ਪਿੰਡ ਵਾਸੀ ਅਨਿਲ ਸੂਡਾਨ ਨੂੰ ਉਸ ਦੇ ਘਰ ਦੇ ਨੇੜਿਓਂ 3 ਸ਼ੱਕੀ ਅੱਤਵਾਦੀਆਂ ਨੇ ਕਥਿਤ ਤੌਰ ’ਤੇ ਅਗਵਾ ਕਰ ਲਿਆ। ਹਾਲਾਂਕਿ, ਸਵੇਰੇ ਲੱਗਭਗ 3.15 ਵਜੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ, ਕਿਉਂਕਿ ਤਿੰਨੇ ਉਸ ਦੀ ਗਾਈਡ ਵਜੋਂ ਵਰਤੋਂ ਕਰ ਕੇ ਦੁਆ ਖੱਡ ਜੰਗਲ ਤੱਕ ਪਹੁੰਚ ਗਏ ਸਨ।
ਸੂਚਨਾ ਮਿਲਦਿਆਂ ਹੀ ਪੁਲਸ ਤੇ ਫ਼ੌਜ ਤੁਰੰਤ ਇਲਾਕੇ ’ਚ ਪਹੁੰਚੀ ਅਤੇ ਸ਼ੱਕੀ ਅੱਤਵਾਦੀਆਂ ਦਾ ਪਤਾ ਲਾਉਣ ਲਈ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਸ਼ੱਕੀਆਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਕਾਲੇ ਕੱਪੜੇ ਪਹਿਨੇ ਅਤੇ ਬੈਗ ਤੇ ਹਥਿਆਰ ਲੈ ਕੇ ਜਾ ਰਹੇ 2 ਵਿਅਕਤੀਆਂ ਦੀ ਸਰਗਰਮੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਰਾਜੌਰੀ ਦੇ ਮੰਦੂਗਾਲਾ ਧੋਕ ਜੰਗਲ ਨੂੰ ਵੀ ਘੇਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਊਧਮਪੁਰ ਦੇ ਚਿਗਲੀ ਕੀਆ ਪਿੰਡ ’ਚ ਇਕ ਹੋਰ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ।