ਡਾਇਰੀ ਦਾ ਪੰਨਾ

ਨਿੰਦਰ ਘੁਗਿਆਣਵੀ
ਵਿਨੀ ਯਾਰ, ਕਿੱਥੇ ਹੈਂ ਤੂੰ – 2
ਤਿੰਨ ਕੁ ਮਹੀਨਿਆਂ ਬਾਅਦ ਵੈਨਕੂਵਰ ਤੋਂ ਮੁੜਦਾ ਮੈਂ ਕੈਲਗਰੀ, ਐਡਮੰਟਨ, ਵਿਨੀਪੈੱਗ ਵੀ ਰੁਕਦਾ ਆਇਆ ਅਤੇ ਟੋਰੌਂਟੋ ਆ ਗਿਆ। ਇੰਡੀਆ ਮੁੜਨ ਦਾ ਵੇਲਾ ਵੀ ਨੇੜੇ ਆ ਰਿਹਾ ਸੀ। ਵਾਪਿਸ ਆਉਣ ‘ਤੇ ਏਅਰਪੋਰਟ ਲੈਣ ਆਏ ਵਿਨੀ ਨੇ ਦੱਸਿਆ ਕਿ ਡੈਡੀ ਜੀ ਨੇ ਤੇਰੀ PR ਵਾਸਤੇ ਪੇਪਰ ਰੈਡੀ ਕਰਵਾਉਣ ਨੂੰ ਕਿਹਾ ਏ ਅਤੇ ਵਕੀਲ ਨਾਲ ਵੀ ਗੱਲ ਕਰ ਲਈ ਏ, ਤੂੰ ਹੁਣ ਸਾਡੇ ਅਖ਼ਬਾਰ ਵਿੱਚ ਈ ਜੌਬ ਕਰੇਂਗਾ ਘੁੱਗੀ, ਲੋਕ ਲੱਖਾਂ ਰੁਪੱਈਆ ਖ਼ਰਚ ਕਰ ਕੇ ਕੈਨੇਡਾ ਆਉਂਦੇ ਨੇ, ਤੇ ਤੇਰਾ ਕੰਮ ਮੁਫ਼ਤ ‘ਚ ਈ ਬਣਨ ਲੱਗਾ ਏ। ਮੌਕਾ ਨਾ ਗੁਆਵੀਂ, ਵੀਰੇ। ਇਹ ਸੁਣਦਿਆਂ ਠੰਢੀ ਬੀਅਰ ਦੀ ਚੁਸਕੀਆਂ ਬੇਸੁਆਦੀਆਂ ਹੋ ਗਈਆਂ। ਉਦਾਸ ਹੋ ਗਿਆ ਮੈਂ ਉਹਦੀ ਗੱਲ ਸੁਣਦਿਆਂ ਹੀ। ਖ਼ਾਲੀ ਹੋਇਆ ਬੀਅਰ ਦਾ ਕੈਨ ਚਲਦੀ ਕਾਰ ਚੋਂ ਬਾਹਰ ਸੁੱਟਣ ਨੂੰ ਦਿਲ ਕਰੇ, ਪਰ ਏਹ ਕੈਨੇਡਾ ਸੀ, ਘੁਗਿਆਣਾ ਨਹੀਂ। ਐਨੇ ਲੰਬੇ ਸਮੇਂ ਵਾਸਤੇ ਪਹਿਲੀ ਵਾਰੀ ਘਰੋਂ ਨਿਕਲਿਆ ਸਾਂ। ਘਰਦਿਆਂ ਦੀ ਯਾਦ ਬਹੁਤ ਆਉਂਦੀ ਸੀ, ਘੁੰਮਦਾ ਫ਼ਿਰਦਾ ਠੰਢੇ ਥਾਂ ਸਾਂ ਪਰ ਮਨ ਤਪ ਰਿਹਾ ਸੀ। ਸਭ ਤੋਂ ਵਧੇਰੇ ਮਾਂ ਦੀ ਯਾਦ ਸਤਾਉਂਦੀ ਸੀ। ਓਦੋਂ ਫ਼ੋਨ ਹਾਲੇ ਆਮ ਵਾਂਗ ਨਹੀਂ ਸਨ ਕਿ ਜਦੋਂ ਮਰਜ਼ੀ, ਜਿਥੋਂ ਮਰਜ਼ੀ ਗੱਲ ਕਰ ਲਵੋ। ਕਾਰਡ ਵੀ ਮਹਿੰਗੇ ਮਿਲਦੇ ਸਨ ਅਤੇ ਕੋਈ ਕੋਈ ਹੀ ਕਦੇ ਆਖਦਾ ਕਿ ਘਰ ਗੱਲ ਕਰਨੀ ਹੈ ਤਾਂ ਸਾਡੇ ਫ਼ੋਨ ਤੋਂ ਕਰ ਲਵੋ। ਖ਼ੈਰ!
ਕਾਰ ਡਰਾਈਵ ਕਰ ਰਹੇ ਵਿਨੀ ਨੇ ਵੇਖਿਆ ਕਿ ਮੈਂ ਉਦਾਸ ਹੋ ਗਿਆ ਹਾਂ।”ਕੀ ਗੱਲ ਉਏ ਘੁੱਗੀ? ”ਉਹਦੇ ਇਹ ਪੁੱਛਣ ‘ਤੇ ਮੇਰੀਆਂ ਅੱਖਾਂ ਵਗਣ ਲੱਗੀਆਂ। ਆਖਿਰ ਘਰ ਆਣ ਕੇ ਅੰਕਲ ਦਰਸ਼ਨ ਸਿੰਘ ਬੈਂਸ ਹੁਰਾਂ ਨਾਲ ਗੱਲ ਕੀਤੀ ਕਿ ਮੈਂ ਕਿਸੇ ਵੀ ਕੀਮਤ ‘ਤੇ ਏਥੇ (ਕੈਨੇਡਾ) ਨਹੀਂ ਰਹਿ ਸਕਾਂਗਾ, ਪਿਛੇ ਘਰ ਦੀਆਂ ਜਿੰਮੇਵਾਰੀਆਂ ਬਹੁਤ ਨੇ। ਕਰ ਕਰਾ ਕੇ ਮੈਂ ਵਾਪਿਸ ਇੰਡੀਆ ਪਰਤਣ ਅਤੇ ਬਾਰ ਬਾਰ ਕੈਨੇਡਾ ਗੇੜਾ ਮਾਰਦੇ ਰਹਿਣ ਅਤੇ ਅਖਬਾਰ ਨਾਲ ਵੀ ਲਗਾਤਾਰ ਜੁੜੇ ਰਹਿਣ ਦਾ ਵਾਅਦਾ ਕਰ ਕੇ ਇੰਡੀਆ ਦੀ ਵਾਪਸੀ ਟਿਕਟ ਓਕੇ ਕਰਵਾ ਲਈ।
****
ਵਿਨੀ ਨਾਲ ਦੂਜੇ-ਚੌਥੇ ਦਿਨ ਫ਼ੋਨ ‘ਤੇ ਗੱਲ ਹੁੰਦੀ ਰਹਿੰਦੀ ਸੀ। ਉਨਾਂ ਦੇ ਅਖ਼ਬਾਰ ‘ਚ ਮੇਰਾ ਵੀਕਲੀ ਕਾਲਮ ਬਾਵਾ ਬੋਲਦਾ ਹੈ ਛਪਣ ਲੱਗਿਆ ਸੀ ਅਤੇ ਚਰਚਿਤ ਵੀ ਵਾਹਵਾ ਹੋ ਗਿਆ ਸੀ। ਇੱਕ ਦਿਨ ਉਸ ਦਾ ਫ਼ੋਨ ਆਇਆ ਕਿ ਉਹ ਇੰਡੀਆ ਆ ਰਿਹਾ ਹੈ ਅਤੇ ਜਲੰਧਰ ਰੁਕਣਾ ਹੈ।”ਤੂੰ ਜਲੰਧਰ ਆ ਜਾਵੀਂ।”ਮੈਨੂੰ ਬੜੀ ਖ਼ੁਸ਼ੀ ਹੋਈ ਕਿ ਮੇਰਾ ਯਾਰ ਆ ਰਿਹੈ। ਮਿੱਥੇ ਦਿਨ ਮੈਂ ਜਲੰਧਰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰ ਜਾ ਮਿਲਿਆ। ਅਸੀਂ ਏਧਰ ਓਧਰ ਕਾਫ਼ੀ ਸ਼ਖ਼ਸੀਅਤਾਂ ਨੂੰ ਮਿਲੇ। ਮੈਂ ਉਹਨੂੰ ਲੁਧਿਆਣੇ ਬਾਪੂ ਜਗਦੇਵ ਸਿੰਘ ਜੱਸੋਵਾਲ ਕੋਲ ਲੈ ਗਿਆ। ਬੜਾ ਖ਼ੁਸ਼ ਹੋਇਆ ਮਿਲ ਕੇ ਵਿਨੀ ਬਾਪੂ ਨੂੰ ਅਤੇ ਫ਼ੋਨ ‘ਤੇ ਆਪਣੇ ਪਿਤਾ ਨਾਲ ਬਾਪੂ ਜਸੋਵਾਲ ਜੀ ਦੀ ਗੱਲ ਵੀ ਕਰਵਾਈ। ਡਾ.ਸਾਹਬ ਆਖਣ ਲੱਗੇ ਕਿ ਮੇਰੀ ਤਰਫ਼ੋਂ ਬਾਪੂ ਜੀ ਨੂੰ ਕੁਛ ਮਾਇਆ ਵੀ ਭੇਂਟ ਕਰੋ। ਗਿਆਰਾਂ ਹਜ਼ਾਰ ਦੇ ਖੜਕਦੇ ਸੌ ਸੌ ਦੇ ਨੋਟਾਂ ਦੀ ਦੱਥੀ ਦੇਖ ਬਾਪੂ ਬਾਗੋ-ਬਾਗ ਹੋ ਗਿਆ। ਅਸੀਂ ਰਾਤ ਬਾਪੂ ਕੋਲ ਹੀ ਰਹੇ। ਵਿਨੀ ਦੇ ਰਿਸ਼ਤੇਦਾਰਾਂ ਦੇ ਘਰ ਕਪੂਰਥਲੇ ਵੀ ਗੇੜਾ ਮਾਰ ਆਏ। ਵਿਨੀ ਨੇ ਬੰਬੇ ਜਾਣਾ ਸੀ, ਆਖਣ ਲੱਗਾ ਕਿ ਚੱਲ ਨਾਲ, ਤੈਨੂੰ ਬੰਬਈ ਵਿਖਾਵਾਂ, ਵੱਡੇ ਵੱਡੇ ਐਕਟਰ ਐਕਟਰਨੀਆਂ ਮਿਲਾਵਾਂ। ਮੈਨੂੰ ਪਤਾ ਸੀ ਕਿ ਟੋਰੌਂਟੋ ਸ਼ੋਅ ਕਰਨ ਆਉਂਦੇ ਰਹੇ ਕਈ ਨਾਮੀਂ ਕਲਾਕਾਰ ਉਸ ਦੇ ਬੇਲੀ ਬਣ ਚੁੱਕੇ ਸਨ ਅਤੇ ਸਭਨਾਂ ਨਾਲ ਉਹਦੀਆਂ ਤਸਵੀਰਾਂ ਵੀ ਸਨ। ਉਹਦੇ ਨਾਲ ਮੈਂ ਬੰਬਈ ਨਾ ਜਾ ਸਕਿਆ। ਉਹ ਬੰਬਈ ਤੋਂ ਟੋਰੌਂਟੋ ਮੁੜ ਗਿਆ।
***
2003 ਦੀਆਂ ਗਰਮੀਆਂ ਦੇ ਦਿਨ ਸਨ। ਮੈਨੂੰ ਅਮਰੀਕਾ ਤੋਂ ਉਸਤਾਦ ਯਮਲਾ ਜੱਟ ਦੇ ਚੇਲੇ ਰਜਿੰਦਰ ਬਰਾੜ ਮੱਲਕਿਆਂ ਵਾਲੇ ਨੇ ਸਪੌਂਸਰਸ਼ਿਪ ਘੱਲੀ। ਉਹ ਉਸਤਾਦ ਜੀ ਦੀ ਯਾਦ ‘ਚ ਸਲਾਨਾ ਮੇਲਾ ਲਾ ਰਿਹਾ ਸੀ। ਜਦ ਮੈਂ ਪੇਪਰ ਵਰਕ ਕਰ ਕੇ ਦਿੱਲੀ ਅਮੈਰੀਕਨ ਅੰਬੈਸੀ ਵੀਜ਼ਾ ਲੈਣ ਗਿਆ ਤਾਂ ਵੀਜ਼ੇ ਤੋਂ ਨਾਂਹ ਹੋ ਗਈ। ਕੈਨੇਡਾ ਦਾ ਵੀਜ਼ਾ ਪਹਿਲਾਂ ਲੈ ਚੁੱਕਾ ਸਾਂ। ਵਿਨੀ ਨੂੰ ਫ਼ੋਨ ‘ਤੇ ਦੱਸਿਆ ਕਿ ਇੰਝ ਹੋਇਆ ਹੈ, ਹੁਣ ਕਿਵੇਂ ਕਰੀਏ? ਉਹ ਆਖਣ ਲੱਗਾ ਕਿ ਇੱਕ ਵਾਰ ਟੋਰੌਂਟੋ ਆ ਜਾ, ਏਥੋਂ ਤੈਨੂੰ ਅਮਰੀਕਾ ਦਾ ਵੀਜ਼ਾ ਦਿਲਵਾ ਦਿਆਂਗੇ। ਮੈਂ ਆ ਵੱਜਿਆ ਟੋਰੌਂਟੋ। ਵਿਨੀ ਨੇ ਆਪਣੇ ਇੱਕ ਵਕੀਲ ਮਿੱਤਰ ਹਰਬੰਸ ਸਿੱਧੂ ਨਾਲ ਗੱਲ ਕੀਤੀ। ਸਿੱਧੂ ਨੇ ਆਪਣੇ ਇੱਕ ਵਕੀਲ ਜਾਣਕਾਰ ਕਾਸਿਮ ਅਲੀ ਨੂੰ ਫ਼ੋਨ ਲਾਇਆ। ਕਾਸਿਮ ਆਪਣੇ ਘਰ ‘ਚ ਸੀ ਅਤੇ ਅਸੀਂ ਦੂਰ ਫ਼ਾਰਮਾਂ ‘ਚ ਜਾ ਅੱਪੜੇ। ਘਰ ਦੇ ਬਾਹਰ ਕਈ ਗੱਡੀਆਂ ਖੜ੍ਹੀਆਂ ਸਨ। ਜਦ ਕਾਸਮ ਦੇ ਘਰ ਅੰਦਰ ਗਏ ਤਾਂ ਗੱਦਿਆਂ ‘ਤੇ ਚਿੱਟੀਆਂ ਚਾਦਰਾਂ ਵਿਛਾਈ ਬੈਠੇ ਮੁਸਲਿਮ ਭਰਾ ਮੀਟ ਚੌਲ ਛਕ ਰਹੇ ਸਨ। ਘਰ ‘ਚ ਕੋਈ ਸੋਗ ਦਾ ਸਮਾਗਮ ਹੋ ਕੇ ਹਟਿਆ ਸੀ, ਪਰ ਫ਼ਿਰ ਵੀ ਕਾਸਿਮ ਅਲੀ ਨੇ ਮਿਲਣ ਤੋਂ ਟਾਲਾ ਨਹੀਂ ਸੀ ਵੱਟਿਆ ਅਤੇ ਸਾਨੂੰ ਝਟਪਟ ਆਣ ਮਿਲਿਆ।
ਅਪਣਤ ਨਾਲ ਬਿਠਾ ਕੇ ਮੀਟ ਚਾਵਲ ਖੁਵਾਉਣ ਬਾਅਦ ਉਹ ਘਰ ‘ਚ ਬਣੇ ਸ਼ਾਨਦਾਰ ਦਫ਼ਤਰ ਵਿੱਚ ਲੈ ਗਿਆ ਅਤੇ ਸਾਡੀ ਗੱਲ ਸੁਣ ਕੇ ਉਸ ਨੇ ਅਮੈਰੀਕਨ ਐਮਬੈਸੀ ਤੋਂ ਤਾਰੀਕ ਲੈਣ ਵਾਸਤੇ ਲੈਂਡ ਲਾਈਨ ਫ਼ੋਨ ਲਗਾ ਲਿਆ ਜੋ ਐਂਮਬੈਸੀ ਨੇ ਕਾਫ਼ੀ ਚਿਰ ਹੋਲਡ ‘ਤੇ ਪਾਈ ਰੱਖਿਆ। ਡੇਟ ਮਿਲੀ। ਕਾਸਿਮ ਅਲੀ ਬੋਲਿਆ, ”ਮੈਂ ਚੱਲਾਂਗਾ ਨਾਲ, ਵੀਜ਼ਾ ਲੈ ਕੇ ਰਹਾਂਗਾ ਆਪਾਂ।”ਵਿਨੀ ਦਾ ਇੱਕ ਦੋਸਤ ਕਹਿੰਦਾ ਕਿ ਕਿਓਂ ਟੱਕਰਾਂ ਮਾਰ ਰਹੇ ਓ, ਏਥੋਂ ਵੀਜ਼ਾ ਨਹੀਂ ਮਿਲਣਾ। ਜਦ ਹੋਮ ਕੰਟਰੀ ਤੋਂ ਰਿਫ਼ਿਊਜ਼ ਹੋਇਐ, ਏਥੋਂ DGP ਮਹਿਲ ਸਿੰਘ ਭੁੱਲਰ ਨੂੰ ਵੀ ਨਹੀਂ ਸੀ ਮਿਲਿਆ ਵੀਜ਼ਾ ਅਤੇ ਨਾ ਹੀ ਪ੍ਰਧਾਨ ਮੰਤਰੀ ਦੇਵੇਗੌੜਾ ਦੇ ਮੁੰਡੇ ਨੂੰ, ਇਹ ਘੁਗਿਆਣਵੀ ਉਨਾਂ ਤੋਂ ਕੋਈ ਸਪੈਸ਼ਲ ਤਾਂ ਹੈ ਨਹੀਂ। ਵਿਨੀ ਕਹਿੰਦਾ, ”ਏਹ ਉਨ੍ਹਾਂ ਤੋਂ ਸਪੈਸ਼ਲ ਹੀ ਐ, ਇਹ ਇੱਕ ਰਾਈਟਰ ਐ, ਉਹ ਸਿਆਸਤਦਾਨ ਨੇ, ਏਹਨੂੰ ਮਿਲੇਗਾ ਵੀਜ਼ਾ। ਸੋ, ਹਫ਼ਤੇ ਕੁ ਬਾਅਦ ਵੀਜ਼ਾ ਲੈ ਹੀ ਲਿਆ ਅਸੀਂ। ਕੈਲੇਫ਼ੋਰਨੀਆ ਨੂੰ ਉਡਣ ਵਾਲੇ ਅਮੈਰੀਕਨ ਜਹਾਜ਼ ਵੱਲ ਤੋਰ ਕੇ ਬਾਏ-ਬਾਏ ਆਖਦਾ ਵਿਨੀ ਉਦਾਸ ਹੋ ਗਿਆ।