ਰੇਡੀਓ ਦੀਆਂ ਯਾਦਾਂ – 10

ਡਾ.ਦੇਵਿੰਦਰ ਮਹਿੰਦਰੂ
ਪ੍ਰੀਤਲੜੀ ਨਾਲ ਜੁੜ ਕੇ
ਬਹੁਤ ਛੋਟੀ ਸਾਂ ਜਦੋਂ ਪ੍ਰੀਤਲੜੀ ਪੜ੍ਹਨ ਲੱਗ ਪਈ ਸਾਂ। ਗੁਰਬਖਸ਼ ਸਿੰਘ ਆਦਰਸ਼ ਬਣ ਗਏ ਸਨ। ਕੋਈ ਸਮੱਸਿਆ ਹੁੰਦੀ, ਚਿੱਠੀ ਲਿਖ ਦਿੰਦੀ ਅਤੇ ਦਾਰ ਜੀ ਵੀ ਆਪਣੇ ਹੱਥੀਂ ਚਿੱਠੀ ਲਿਖ ਕੇ ਜਵਾਬ ਦੇ ਦਿੰਦੇ। ਫ਼ੇਰ ਕਹਾਣੀ ਲਿਖਣ ਪੜ੍ਹਨ ਦੇ ਸ਼ੌਕ ਨੇ ਨਵਤੇਜ ਹੋਰਾਂ ਨਾਲ ਸਾਂਝ ਪੁਆ ਦਿੱਤੀ। ਪ੍ਰੀਤਲੜੀ ਦੀ ਪਾਠਕ ਰਹੀ ਹਾਂ ਹਮੇਸ਼ਾ। ਸੁਮੀਤ ਦਾ ਜਾਣਾ ਬਹੁਤ ਪਰੇਸ਼ਾਨ ਕਰ ਗਿਆ ਸੀ ਅਤੇ ਪੂਨਮ ਨੂੰ ਸੁਮੀਤ ਦੇ ਜਾਣ ‘ਤੇ ਅਫ਼ਸੋਸ ਦਾ ਪੱਤਰ ਲਿਖਿਆ ਅਤੇ ਰੇਡੀਓ ‘ਤੇ ਪ੍ਰੀਤਲੜੀ ਦੇ ਸੰਪਾਦਕ ਦੇ ਤੌਰ ‘ਤੇ ਆਉਣ ਲਈ ਕਿਹਾ। ਉਹ ਆਈ। ਨਾਲ ਕਾਂਤੀ ਪਾਲ ਸੀ। ਪੂਰੇ ਦਿਨਾਂ ‘ਤੇ ਸੀ ਉਹ। ਮੈਨੂੰ ਉਹਦੇ ਕਾਂਤੀ ਨਾਲ ਵਿਆਹ ਦੀ ਕੋਈ ਜਾਣਕਾਰੀ ਨਹੀਂ ਸੀ। ਬਹੁਤ ਗੱਲਾਂ ਕੀਤੀਆਂ ਅਸੀਂ ਬੈਠ ਕੇ। ਉਹਨੇ ਹੱਸ ਕੇ ਕਿਹਾ, ”ਮੈਨੂੰ ਚਿੱਠੀ ਪੜ੍ਹ ਕੇ ਲੱਗਿਆ ਸੀ ਕਿ ਤੁਸੀਂ ਉਮਰ ‘ਚ ਕਾਫ਼ੀ ਵੱਡੇ ਹੋਵੋਗੇ।”
ਮੈਂ ਆਖਿਆ, ”ਤੇਰੇ ਨਾਲੋਂ ਤਾਂ ਵੱਡੀ ਹੀ ਆਂ।”
”ਨਹੀਂ ਮੈਨੂੰ ਲੱਗਿਆ ਸੀ ਬਹੁਤ ਵੱਡੇ ਹੋਵੋਗੇ, ”ਉਸ ਆਖਿਆ।
ਪਹਿਲੀ ਮੁਲਾਕਾਤ ਨੇ ਹੀ ਸਾਨੂੰ ਸਹੇਲੀਆਂ ਬਣਾ ਦਿੱਤਾ ਸੀ। ਆਪਸ ‘ਚ ਫ਼ੋਨ ‘ਤੇ ਗੱਲ ਹੁੰਦੀ ਰਹਿੰਦੀ ਹੈ। ਹਮੇਸ਼ਾ ਅੱਛੀ ਲੱਗਦੀ ਹੈ, ਉਹ ਮੈਨੂੰ। ਮੈਨੂੰ ਬਹੁਤ ਦੇਰ ਬਾਦ ਪਤਾ ਲੱਗਾ ਸੀ ਕਿ ਉਹ ਮਦਨ ਵੀਰੇ ਅਤੇ ਸ਼ੀਲਾ ਦੀ ਧੀ ਹੈ। ਉਹਦੇ ਮਾਂ-ਪਿਓ ਦੀ ਵਿਚਾਰਧਾਰਾ ਪਸੰਦ ਹੈ ਮੈਨੂੰ। ਪ੍ਰੇਮ ਪ੍ਰਕਾਸ਼ ਤੋਂ ਸਤ ਕੇ ਮੈਂ ਆਤੰਕਵਾਦ ‘ਤੇ ਲਿਖੀ ਆਪਣੀ ਇੱਕ ਕਹਾਣੀ ਪੂਨਮ ਨੂੰ ਪ੍ਰੀਤਲੜੀ ਵਿੱਚ ਛਪਣ ਲਈ ਭੇਜ ਦਿੱਤੀ। ਉਹਦੇ ਉੱਪਰ ਪ੍ਰੇਮ ਪ੍ਰਕਾਸ਼ ਦੀ ਹੱਥੀਂ ਲਿਖੀ ਚਿਟ ਮੈਂ ਜਾਣਬੁੱਝ ਕੇ ਨਾਲ ਹੀ ਰਹਿਣ ਦਿੱਤੀ ਜਿਸ ‘ਚ ਲਿਖਿਆ ਸੀ ਕਿ ਉਹ ਇਹ ਕਹਾਣੀ ਨਹੀਂ ਛਾਪ ਸਕਦੇ, ਮੈਂ ਕਿਸੇ ਤਕੜੇ ਸੰਪਾਦਕ ਦੇ ਪਰਚੇ ‘ਚ ਛਪਵਾ ਲਵਾਂ ਉਸ ਨੂੰ। ਕਹਾਣੀ ਉਨ੍ਹਾਂ ਦੋ ਸਾਲ ਕੋਲ ਰੱਖ ਕੇ ਵਾਪਿਸ ਕਰ ਦਿੱਤੀ ਮੈਨੂੰ।
ਰੇਡੀਓ ‘ਚ ਨੌਕਰੀਦੇ ਫ਼ਾਇਦੇ ਵੀ ਸਨ ਅਤੇ ਨੁਕਸਾਨ ਵੀ। ਪ੍ਰੇਮ ਪ੍ਰਕਾਸ਼ ਜੀ ਨੂੰ ਲੱਗਿਆ ਹੋਵੇਗਾ ਕਿ ਇਹਦੀ ਕਹਾਣੀ ਛਾਪਾਂਗਾ ਤਾਂ ਲੱਗੇਗਾ ਕਿ ਜਾਣਬੁੱਝ ਕੇ ਫ਼ੇਵਰ ਕੀਤੀ ਹੈ ਕਿਉਂਕਿ ਰੇਡੀਓ ਦੀ ਅਫ਼ਸਰ ਹੈ, ਸੋ ਉਹ ਬਚ ਕੇ ਨਿੱਕਲ ਗਏ, ਪਰ ਪੂਨਮ ਨੇ ਕਹਾਣੀ ਅਗਲੇ ਅੰਕ ‘ਚ ਹੀ ਛਾਪ ਦਿੱਤੀ। ਉੱਪਰ ਜੋ ਚਿਟ ‘ਚ ਲਿਖਿਆ ਸੀ ਉਹ ਵੀ ਛਾਪ ਦਿੱਤਾ ਪਰ ਉੱਨ੍ਹਾਂ ਦਾ ਨਾਂ ਲੁਕਾ ਲਿਆ। ਇਸ ਗੱਲੋਂ ਉਹ ਤਕੜੀ ਵੀ ਹੈ ਅਤੇ ਸਿਆਣੀ ਵੀ।
ਇੱਕ ਵਾਰ ਉਹਨੇ ਪ੍ਰੀਤਲੜੀ ਵਿੱਚ ਗਿੱਲ ਦੀ ਕਹਾਣੀ ਛਾਪੀ। ਵਧੀਆ ਕਹਾਣੀ ਸੀ। ਮੈਂ ਉਹਨੂੰ ਫ਼ੋਨ ਕੀਤਾ ਕਿ ਗਿੱਲ ਨੇ ਕਹਾਣੀ ਲਿਖਣੀ ਕਦੋਂ ਸ਼ੁਰੂ ਕਰ ਦਿੱਤੀ। ਪੂਨਮ ਨੂੰ ਗੱਲ ਝੱਟ ਹੀ ਸਮਝ ਆ ਗਈ ਅਤੇ ਉਹਨੇ ਮੈਨੂੰ ਦਰੁਸਤ ਕਰਦਿਆਂ ਕਿਹਾ ਕਿ ਜੀਹਦੀ ਗੱਲ ਤੁਸੀਂ ਕਰ ਰਹੇ ਹੋਂ ਇਹ ਉਹਦਾ ਭਰਾ ਹੈ।
ਅਸਲ ਵਿੱਚ ਜਲੰਧਰ ਰੇਡੀਓ ਸਟੇਸ਼ਨ ਹਰ ਸਾਲ ਨੈਸ਼ਨਲ ਸਿੰਪੋਜ਼ੀਅਮ ਔਫ਼ ਪੋਇਟਸ ਲਈ ਪੰਜਾਬੀ ਦੀਆਂ ਕਵਿਤਾਵਾਂ ਭੇਜਦਾ ਹੈ। ਜਿਸ ਤਰ੍ਹਾਂ ਮੁੰਬਈ ਮਰਾਠੀ ਦੀਆਂ, ਭੁਵਨੇਸ਼ਵਰ ਉੜੀਆ ਦੀਆਂ ਅਤੇ ਕੋਲਕਾਤਾ ਬੰਗਲਾ ਦੀਆਂ ਅਤੇ ਬਾਕੀ ਕੈਪੀਟਲ ਸਟੇਸ਼ਨ ਆਪੋ ਆਪਣੀਆਂ। ਹੁੰਦਾ ਕੀ ਹੈ ਕਿ ਹਰ ਭਾਸ਼ਾ ਦੀ ਇੱਕ ਕਵਿਤਾ ਚੁਣੀ ਜਾਂਦੀ ਹੈ ਅਤੇ ਇੱਕ ਨੈਸ਼ਨਲ ਲੈਵਲ ਦੇ ਪ੍ਰੋਗਰਾਮ ਵਿੱਚ ਚੁਣੇ ਹੋਏ ਕਵੀ ਆਪਣੀ ਉਸੇ ਕਵਿਤਾ ਦਾ ਪਾਠ ਕਰਦੇ ਹਨ ਅਤੇ ਇਹ ਰਿਕਾਰਡਿੰਗ 25 ਜਨਵਰੀ ਨੂੰ ਰਾਤ ਦਸ ਵਜੇ ਇੱਕੋ ਵਕਤ ‘ਤੇ ਸਾਰੇ ਕੈਪੀਟਲ ਸਟੇਸ਼ਨ ਪ੍ਰਸਾਰਿਤ ਕਰਦੇ ਹਨ। ਤੁਸੀਂ ਸੋਚੋਗੇ ਕਿ ਗੱਲ ਤਾਂ ਗਿੱਲ ਦੀ ਹੋ ਰਹੀ ਸੀ ਅਤੇ ਪੂਨਮ ਦੀ, ਇਹ ਨੈਸ਼ਨਲ ਸਿੰਪੋਜੀਅਮ ਕਿੱਥੋਂ ਆ ਗਿਆ ਵਿੱਚ? ਉੱਥੇ ਹੀ ਆ ਰਹੀ ਹਾਂ।
ਰੇਡੀਓ ਦੇ ਕੁੱਝ ਮਹੱਤਵਪੂਰਨ ਪ੍ਰਸਾਰਣਾਂ ‘ਚੋਂ ਹੁੰਦਾ ਹੈ ਇਹ ਪ੍ਰਸਾਰਣ ਅਤੇ ਇਹ ਰਿਵਾਇਤ ਅੱਜ ਤਕ ਚੱਲੀ ਆ ਰਹੀ ਹੈ। ਹਰ ਕੈਪੀਟਲ ਸਟੇਸ਼ਨ ਨੂੰ ਕਿਹਾ ਜਾਂਦੈ ਕਿ ਉਹ ਹਰ ਭਾਸ਼ਾ ਦੀ ਕਵਿਤਾ ਦਾ ਆਪਣੀ ਭਾਸ਼ਾ ‘ਚ ਅਨੁਵਾਦ ਕਰਾਉਣ। ਫ਼ੀਸ ਵੀ ਡਬਲ ਹੁੰਦੀ ਹੈ। ਪੰਜਾਬੀ ਕਵੀ ਕਿਉਂਕਿ ਦਿੱਲੀ ‘ਚ ਵੀ ਬਹੁਤ ਹਨ ਅਤੇ ਦਿੱਲੀ ਤੋਂ ਵੀ ਪੰਜਾਬੀ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਹਨ ਅਤੇ ਫ਼ਾਈਨਲ ਸਿਲੈਕਸ਼ਨ ਵੀ ਦਿੱਲੀ ਦੇ ਹੈੱਡ ਆਫ਼ਿਸ ‘ਚ ਹੀ ਹੋਣੀ ਹੁੰਦੀ ਹੈ ਤਾਂ ਇਸ ਸਿੰਪੋਜ਼ੀਅਮ ਵਿੱਚ ਦਿੱਲੀ ‘ਚ ਰਹਿੰਦੇ ਪੰਜਾਬੀ ਕਵੀ ਨੂੰ ਚੁਣ ਲਿਆ ਜਾਂਦਾ ਹੈ, ਅਕਸਰ ਅਤੇ ਅਸੀਂ ਜਲੰਧਰ ਵਾਲੇ ਕਵਿਤਾਵਾਂ ਭੇਜਦੇ ਰਹਿ ਜਾਂਦੇ ਹਾਂ। ਇਹ ਇਤਰਾਜ਼ ਮੈਂ ਦਿੱਲੀ ਸਟੇਸ਼ਨ ਨੂੰ ਲਿਖ ਕੇ ਵੀ ਭੇਜਿਆ ਅਤੇ ਇੱਕ ਬੜੀ ਪਿਆਰੀ ਜਿਹੀ ਕਵਿਤਾ ਗਿੱਲ ਦੇ ਸਿੰਪੋਜ਼ੀਅਮ ਲਈ ਭੇਜੀ। ਗਿੱਲ ਦੀ ਕਵਿਤਾ ਚੁਣ ਲਈ ਗਈ ਅਤੇ ਉਹਨੂੰ ਇਸ ਪ੍ਰੋਗਰਾਮ ਲਈ ਬੁਲਾਇਆ ਗਿਆ। ਪੂਨਮ ਤੋਂ ਦੋਵਾਂ ਭਰਾਵਾਂ ਦੇ ਫ਼ੋਨ ਨੰਬਰ ਲੈ ਕੇ ਗੱਲ ਕੀਤੀ। ਬਹੁਤ ਸਾਲ ਸ਼ਿਮਲਾ ਰਹਿ ਕੇ ਬਹੁਤ ਸੰਪਰਕ ਪੰਜਾਬ ਦੇ ਖੋਅ ਚੁੱਕੀ ਹਾਂ। ਅਜਿਹੇ ਵੇਲੇ ਪੂਨਮ ਯਾਦ ਆਉਂਦੀ ਹੈ ਹਮੇਸ਼ਾ ਅਤੇ ਉਹ ਮੇਰੇ ਬਿੱਖਰੇ ਸੂਤਰ ਜੋੜ ਦਿੰਦੀ ਰਹੀ ਹੈ।
ਸ਼ੁਕਰੀਆ ਤੇਰਾ ਪੂਨਮ
ਰੇਡੀਓ ਦੇ ਕਥਾਲੋਕ ਪ੍ਰੋਗਰਾਮ ਨਾਲ ਜੁੜੀ ਰਹੀ ਹਾਂ ਜਲੰਧਰ ਰਹਿੰਦਿਆਂ ਬਹੁਤ ਸਾਲ। ਕਹਾਣੀ ਨੂੰ ਡਰਾਮਾਟਾਈਜ਼ ਕੀਤਾ ਜਾਂਦਾ ਸੀ। ਇਹ ਪ੍ਰੋਗਰਾਮ ਕੇਂਦਰ ਨਿਰਦੇਸ਼ਕ ਐੱਸ.ਕੇ.ਸ਼ਰਮਾ ਨੇ ਸ਼ੁਰੂ ਕਰਵਾਇਆ ਸੀ। ਉਹ ਸਾਹਿਤ ਨਾਲ ਜੁੜਿਆ ਅਜਿਹਾ ਪ੍ਰੋਗਰਾਮ ਸੀ ਜਿਹੜਾ ਸਾਰਿਆਂ ਨੂੰ ਹੀ ਪਸੰਦ ਸੀ। ਬਹੁਤ ਸਾਰੇ ਪਾਤਰਾਂ ਦਾ ਰੋਲ ਅਦਾ ਕੀਤਾ ਇਸ ਨਾਲ ਜੁੜ ਕੇ।
ਗੁਰਬਖਸ਼ ਸਿੰਘ ਦੀ ਕਹਾਣੀ ਮੈਨਾ ਭਾਬੀ ਤੋਂ ਭਾਬੀ ਮੈਨਾ ਤਕ ਪ੍ਰਸਾਰਿਤ ਕੀਤੀ। ਆਪਣੇ ਵਕਤਾਂ ਦੀ ਕਾਫ਼ੀ ਬੋਲਡ ਕਹਾਣੀ ਸੀ। ਨਵਤੇਜ ਸਿੰਘ ਦੀਆਂ ਬਹੁਤ ਸਾਰੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ। ਬਸ਼ੀਰਾ ਅਤੇ ਘਰ ਵਾਪਸੀ, ਦੋਹਾਂ ਨੇ ਰੁਆਇਆ ਬਹੁਤ। ਨਵਤੇਜ ਪੰਜਾਬੀ ਕਹਾਣੀ ਦਾ ਚਮਕਦਾ ਸਿਤਾਰਾ ਸੀ। ਇੰਨੀਆਂ ਭਾਵਪੂਰਨ ਕਹਾਣੀਆਂ ਲਿਖਣ ਵਾਲੇ ਘੱਟ ਹੀ ਮਿਲਦੇ ਨੇ। ਅਜ ਉਨ੍ਹਾਂ ਸਭਨਾਂ ਨੂੰ ਚੇਤੇ ਕਰ ਕੇ ਮਨ ਭਰ ਆਇਆ ਹੈ ਮੇਰਾ। ਰੱਬ ਖ਼ੈਰ ਕਰੇ!