ਆਈ.ਪੀ.ਐੱਲ ਦਾ ਫਾਈਨਲ ਬੰਗਲੌਰ ਅਤੇ ਹੈਦਰਾਬਾਦ ਵਿਚਾਲੇ ਐਤਵਾਰ ਨੂੰ

8ਬੰਗਲੁਰੂ : ਆਈ.ਪੀ.ਐੱਲ-9 ਆਪਣੇ ਆਖਰੀ ਮੁਕਾਮ ਉਤੇ ਪਹੁੰਚ ਚੁੱਕਾ ਹੈ। ਇਸ ਟੂਰਨਾਮੈਂਟ ਵਿਚ ਹੁਣ ਕੇਵਲ ਦੋ ਹੀ ਟੀਮਾਂ ਰਾਇਲ ਚੈਲੰਜਰਸ ਬੰਗਲੌਰ ਅਤੇ ਸਨਰਾਈਜਸ ਹੈਦਰਾਬਾਦ, ਜਿਹਨਾਂ ਵਿਚਾਲੇ ਭਲਕੇ ਐਤਵਾਰ ਨੂੰ ਬੰਗਲੌਰ ਦੇ ਚਿਨਾਸਵਾਮੀ ਸਟੇਡੀਅਮ ਵਿਚ ਮੁਕਾਬਲਾ ਹੋਵੇਗਾ। ਇਹ ਮੈਚ ਰਾਤ 8 ਵਜੇ ਖੇਡਿਆ ਜਾਵੇਗਾ। ਬੀਤੀ ਰਾਤ ਕੁਆਲੀਫਾਈ-2 ਵਿਚ ਹੈਦਰਾਬਾਦ ਨੇ ਗੁਜਰਾਤ ਨੂੰ 6 ਵਿਕਟਾਂ ਨਾਲ ਮਾਤ ਦੇ ਕੇ ਫਾਈਨਲ ਵਿਚ ਜਗਾ ਪੱਕੀ ਕੀਤੀ, ਜਿਥੇ ਉਸ ਦਾ ਮੁਕਾਬਲਾ ਰਾਇਲ ਚੈਲੰਜਰਸ ਬੰਗਲੌਰ ਨਾਲ ਹੋਵੇਗਾ।
ਜ਼ਿਕਰਯੋਗ ਹੈ ਕਿ ਫਾਈਨਲ ਮੁਕਾਬਲੇ ਲਈ ਦੋਵੇਂ ਟੀਮਾਂ ਬੇਹੱਦ ਮਜਬੂਤ ਹਨ, ਪਰ ਇਸ ਮੈਚ ਵਿਚ ਪਲੜਾ ਮੇਜ਼ਬਾਨ ਟੀਮ ਬੰਗਲੌਰ ਦਾ ਭਾਰੀ ਹੈ। ਵਿਰਾਟ ਕੋਹਲੀ ਅਤੇ ਏ.ਬੀ. ਡਿਵੀਲੀਅਰਸ ਇਹ ਦੋ ਅਜਿਹੇ ਖਿਡਾਰੀ ਹਨ, ਜੋ ਕੇਵਲ ਆਪਣੇ ਦਮ ‘ਤੇ ਟੀਮ ਨੂੰ ਫਾਈਨਲ ਤੱਕ ਲੈ ਕੇ ਆਏ ਹਨ। ਇਹ ਖਿਡਾਰੀ ਹਰ ਵਿਰੋਧੀ ਟੀਮ ਲਈ ਸਿਰਦਰਦੀ ਬਣੇ ਹੋਏ ਹਨ। ਬੰਗਲੌਰ ਦੀ ਟੀਮ ਜੇਕਰ ਜਿੱਤਦੀ ਹੈ ਤਾਂ ਇਹ ਉਸ ਦੀ ਪਹਿਲੀ ਖ਼ਿਤਾਬੀ ਜਿੱਤ ਹੋਵੇਗੀ। ਇਸ ਤੋਂ ਪਹਿਲਾਂ ਬੰਗਲੌਰ ਦੀ ਟੀਮ ਪਹਿਲਾਂ ਕਦੇ ਵੀ ਆਈ.ਪੀ.ਐਲ ਦਾ ਫਾਈਨਲ ਨਹੀਂ ਜਿੱਤੀ।
ਦੂਸਰੇ ਪਾਸੇ ਬੇਸ਼ੱਕ ਡੇਵਿਡ ਵਾਰਨਰ ਵੀ ਆਪਣੀ ਸ਼ਾਨਦਾਰ ਫਾਰਮ ਵਿਚ ਹਨ। ਕੇਵਲ ਡੇਵਿਡ ਵਾਰਨਰ ਹੀ ਹੈ, ਜੋ ਆਪਣੀ ਟੀਮ ਨੂੰ ਫਾਈਨਲ ਤੱਕ ਲੈ ਕੇ ਆਇਆ ਹੈ, ਪਰ ਦੂਸਰੇ ਖਿਡਾਰੀ ਜਿਵੇਂ ਕਿ ਸ਼ਿਖਰ ਧਵਨ, ਨਮਨ ਓਝਾ ਦਾ ਖਰਾਬ ਪ੍ਰਦਰਸ਼ਨ ਟੀਮ ਲਈ ਪ੍ਰੇਸ਼ਾਨੀ ਬਣਿਆ ਹੋਇਆ ਹੈ। ਗੇਂਦਬਾਜ਼ੀ ਪੱਖੋਂ ਹਾਲਾਂਕਿ ਹੈਦਰਾਬਾਦ ਦੀ ਟੀਮ ਬੰਗਲੌਰ ਨਾਲੋਂ ਜ਼ਿਆਦਾ ਬਿਹਤਰ ਹੈ, ਪਰ ਜੇਕਰ ਉਸ ਨੇ ਇਹ ਮੈਚ ਜਿੱਤਣਾ ਹੈ ਤਾਂ ਡੇਵਿਡ ਵਾਰਨਰ ਦੇ ਨਾਲ-ਨਾਲ ਦੂਸਰੇ ਖਿਡਾਰੀਆਂ ਨੂੰ ਵੀ ਡਟ ਕੇ ਖੇਡਣਾ ਹੋਵੇਗਾ।