6.1 ਤੀਬਰਤਾ ਦੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਘਰਾਂ ਤੋਂ ਬਾਹਰ ਭੱਜੇ ਲੋਕ

ਟੋਕੀਓ : ਜਪਾਨ ਦੇ ਪੂਰਬੀ ਤੱਟ ‘ਤੇ ਸ਼ੁੱਕਰਵਾਰ (6 ਨਵੰਬਰ 2026) ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਜੀਓਲੋਜੀਕਲ ਸਰਵੇ (USGS) ਅਨੁਸਾਰ ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 6.1 ਮਾਪੀ ਗਈ।
ਭੂਚਾਲ ਦਾ ਕੇਂਦਰ ਜਪਾਨ ਦੇ ਹਾਸਾਕੀ (Hasaki) ਸ਼ਹਿਰ ਤੋਂ ਲਗਭਗ 156 ਕਿਲੋਮੀਟਰ ਦੱਖਣ-ਪੂਰਬ ਵੱਲ ਸਮੁੰਦਰ ਦੇ ਅੰਦਰ ਸੀ। ਜ਼ਮੀਨ ਦੇ ਅੰਦਰ ਇਸ ਦੀ ਡੂੰਘਾਈ ਲਗਭਗ 10 ਕਿਲੋਮੀਟਰ ਦਰਜ ਕੀਤੀ ਗਈ। ਸਥਾਨਕ ਸਮੇਂ ਅਨੁਸਾਰ ਭੂਚਾਲ ਦੇ ਇਹ ਝਟਕੇ ਸ਼ਾਮ ਨੂੰ ਲਗਭਗ 7:39 ਵਜੇ ਹੋਨਸ਼ੂ (Honshu) ਟਾਪੂ ਦੇ ਪੂਰਬੀ ਤੱਟ ਨੇੜੇ ਕਾਂਟੋ (Kanto) ਖੇਤਰ ਵਿੱਚ ਮਹਿਸੂਸ ਕੀਤੇ ਗਏ।
ਜਪਾਨ ਮੌਸਮ ਵਿਗਿਆਨ ਏਜੰਸੀ ਵੱਲੋਂ ਇਸ ਭੂਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇਸ ਭੂਚਾਲ ਨਾਲ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਹਾਲਾਂਕਿ ਕੁਝ ਇਲਾਕਿਆਂ ਵਿੱਚ ਝਟਕੇ ਜ਼ਰੂਰ ਮਹਿਸੂਸ ਕੀਤੇ ਗਏ।
ਜ਼ਿਕਰਯੋਗ ਹੈ ਕਿ ਜਪਾਨ ਪ੍ਰਸ਼ਾਂਤ ਮਹਾਸਾਗਰ ਦੇ ‘ਰਿੰਗ ਆਫ਼ ਫ਼ਾਇਰ’ ਖੇਤਰ ਵਿੱਚ ਸਥਿਤ ਹੈ, ਜਿੱਥੇ ਕਈ ਟੈਕਟੋਨਿਕ ਪਲੇਟਾਂ ਆਪਸ ਵਿੱਚ ਮਿਲਦੀਆਂ ਹਨ। ਇਨ੍ਹਾਂ ਪਲੇਟਾਂ ਦੀ ਆਪਸੀ ਟੱਕਰ ਅਤੇ ਹਲਚਲ ਕਾਰਨ ਜਪਾਨ ਵਿੱਚ ਅਕਸਰ ਭੂਚਾਲ ਦੇ ਝਟਕੇ ਆਉਂਦੇ ਰਹਿੰਦੇ ਹਨ।