ਸਿੱਖ-ਨਿਰੰਕਾਰੀ ਮਤਭੇਦਾਂ ਦਾ ਇਤਿਹਾਸਕ ਪਿਛੋਕੜ ਅਤੇ ਅੱਜ ਦੇ ਹਾਲਾਤ

ਸਿਆਸੀ ਪਾਰਟੀਆਂ ਨਫ਼ੇ-ਨੁਕਸਾਨ ਨਾਲੋਂ ਪੰਜਾਬ ਦੀ ਸੁੱਖ ਮੰਗਣ

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਿਰੰਕਾਰੀ ਡੇਰੇ ਉਤੇ ਜਿਹੜਾ ਅਤਿਵਾਦੀ ਹਮਲਾ ਹੋਇਆ ਉਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨੇ 80 ਅਤੇ 90 ਦਹਾਕੇ ਦੇ ਹਿੰਸਕ ਦੌਰ ਦੀ ਯਾਦ ਦਿਵਾ ਦਿੱਤੀ ਜਿਸ ਵਿੱਚ ਅਣਗਿਣਤ ਲੋਕ ਅਤਿਵਾਦ ਅਤੇ ਪੁਲਿਸ ਜ਼ਿਆਦਤੀਆਂ ਦੀ ਭੇਂਟ ਚੜ੍ਹ ਗਏ ਸਨ। ਇਹ ਧਮਾਕਾ ਇਸ ਲਈ ਵੀ ਦਿਲ ਅੰਦਰ ਖੌਫ਼ ਪੈਦਾ ਕਰਦਾ ਹੈ ਕਿਉਂਕਿ ਪਹਿਲਾਂ ਜਿਹੜਾ ਖਾੜਕੂਵਾਦ ਉਭਰਿਆ ਸੀ ਉਹ ਵੀ ਨਿਰੰਕਾਰੀਆਂ ਦਾ ਸਮਾਗਮ ਰੋਕਣ ਤੋਂ ਹੀ ਆਰੰਭ ਹੋਇਆ ਸੀ। ਉਸ ਵਕਤ 13 ਅਪ੍ਰੈਲ 1978 ਨੂੰ 13 ਸਿੰਘ ਨਿਰੰਕਾਰੀਆਂ ਦੀਆਂ ਗੋਲੀਆਂ ਨਾਲ ਮਾਰੇ ਗਏ ਸਨ ਅਤੇ ਇਥੋਂ ਹੀ ਪੰਜਾਬ ਅੰਦਰ ਖਾੜਕੂਵਾਦ ਦਾ ਦੌਰ ਆਰੰਭ ਹੋ ਗਿਆ ਸੀ। ਇਸ ਲਈ ਇਸ ਘਟਨਾ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ। ਪਿਛਲੀਆਂ ਅਤੇ ਮੌਜੂਦਾ ਗ਼ਲਤੀਆਂ ਤੋਂ ਸਬਕ ਸਿੱਖਦਿਆਂ ਹੋਇਆਂ ਪੰਜਾਬ ਵਿੱਚ ਅਮਨ ਸ਼ਾਂਤੀ ਲਈ ਯਤਨ ਹੋਣੇ ਚਾਹੀਦੇ ਹਨ।
80-90 ਦੇ ਦਹਾਕੇ ਦੇ ਟਕਰਾਓ ਦਾ ਪਿਛੋਕੜ ਕੀ?
80 ਦੇ ਦਹਾਕੇ ਤੋਂ ਪਹਿਲਾਂ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਸਿੱਖਾਂ ਸਮਾਨ-ਅੰਤਰ ਆਪਣੇ ਮਿਸ਼ਨ ਨੂੰ ਚਲਾ ਰਿਹਾ ਸੀ। ਉਸ ਉੱਤੇ ਦੋਸ਼ ਸੀ ਕਿ ਉਹ ਗੁਰਬਾਣੀ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਿਹਾ ਸੀ ਅਤੇ ਆਪਣੀ ਦੁਕਾਨਦਾਰੀ ਚਲਾਉਣ ਲਈ ਆਪਣੇ ਆਪ ਨੂੰ ਕਲਯੁਗ ਦਾ ਅਵਤਾਰ ਵੀ ਦੱਸਦਾ ਸੀ। ਗੁਰਬਚਨ ਸਿੰਘ ਤੋਂ ਪਹਿਲਾਂ ਉਸ ਦਾ ਪਿਤਾ ਅਵਤਾਰ ਸਿੰਘ ਨਿਰੰਕਾਰੀ ਮਿਸ਼ਨ ਦਾ ਮੁਖੀ ਸੀ ਜਿਸ ਨੇ ਕਿਰਾਏ ਦੇ ਕਵੀਆਂ ਤੋਂ ਇੱਕ ਅਵਤਾਰ ਬਾਣੀ ਅਤੇ ਯੁੱਗ ਪੁਰਸ਼ ਪੁਸਤਕਾਂ ਲਿਖਵਾਈਆਂ ਜਿਨ੍ਹਾਂ ਵਿੱਚ ਉਸ ਨੂੰ ਇੱਕ ਅਵਤਾਰ ਦੀ ਤਰ੍ਹਾਂ ਹੀ ਪੇਸ਼ ਕੀਤਾ ਗਿਆ। ਉਹ ਆਪਣੇ ਆਪ ਨੂੰ ਹਜ਼ੂਰ ਸ਼ਹਿਨਸ਼ਾਹ ਜਾਂ ਸੱਚਾ ਪਾਤਸ਼ਾਹ ਵੀ ਅਖਵਾਉਂਦਾ ਸੀ। ਉਹ ਆਪਣੇ ਆਪ ਨੂੰ ਰਾਮ, ਅੱਲ੍ਹਾ, ਗੌਡ ਦੇ ਬਰਾਬਰ ਅਖਵਾਉਂਦਾ ਸੀ। ਇਥੋਂ ਤਕ ਕਿ ਅਵਤਾਰ ਸਿੰਘ ਨੇ 27 ਫ਼ਰਵਰੀ 1966 ਵਿੱਚ ਐਲਾਨ ਕੀਤਾ ਕਿ ਉਹ ਸੱਤ ਪਿਆਰੇ ਵੀ ਸਜਾਵੇਗਾ।
ਬਾਅਦ ਵਿੱਚ ਗੁਰਬਚਨ ਸਿੰਘ ਉਨ੍ਹਾਂ ਨੂੰ ਸੱਤ ਸਿਤਾਰੇ ਵੀ ਕਹਿੰਦਾ ਸੀ। ਅਵਤਾਰ ਸਿੰਘ ਜਿਸ ਦੀ ਮੌਤ ਕੈਂਸਰ ਨਾਲ ਹੋਈ ਅਤੇ ਉਸ ਦਾ ਪੁੱਤਰ ਗੁਰਬਚਨ ਸਿੰਘ ਉਤਰਅਧਿਕਾਰੀ ਬਣਿਆ ਨੇ ਆਪਣੇ ਪਿਓ ਦੀ ਤਰ੍ਹਾਂ ਖ਼ੁਦ ਨੂੰ ਰੱਬ ਕਹਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਪਤਨੀ ਆਪਣੇ ਆਪ ਨੂੰ ਰਾਜਮਾਤਾ ਕਹਾਉਂਦੀ ਸੀ ਅਤੇ ਆਪਣੇ ਅਨੁਯਾਈਆਂ ਨੂੰ ਨਿਰੰਕਾਰੀ ਮੁਖੀ ਨੂੰ ਅਵਤਾਰ ਸਮਝਣ ਲਈ ਪ੍ਰੇਰਦੀ ਸੀ। ਭਾਰਤ ਸਰਕਾਰ ਵਲੋਂ ਨਿਰੰਕਾਰੀ ਮੰਡਲ ਨੂੰ ਪੂਰੀ ਸਰਪ੍ਰਸਤੀ ਮਿਲੀ ਹੋਈ ਸੀ ਜਿਥੇ ਵੀ ਉਨ੍ਹਾਂ ਨੇ ਨਿਰੰਕਾਰੀ ਭਵਨ ਬਣਾਉਣਾ ਹੁੰਦਾ ਸੀ ਉਥੇ ਉਨ੍ਹਾਂ ਨੂੰ ਮਹਿੰਗੀਆਂ ਜ਼ਮੀਨਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਸਨ। ਸਫ਼ਾਰਤਖ਼ਾਨਿਆਂ ਵਿੱਚ ਨਿਰੰਕਾਰੀ ਮੁਖੀ ਨੂੰ ਵੀ. ਵੀ. ਆਈ. ਪੀ. ਵਾਲਾ ਆਦਰ ਮਾਣ ਮਿਲਦਾ ਸੀ। ਸਿੱਖ ਵਫ਼ਦ ਕਈ ਵਾਰ ਨਿਰੰਕਾਰੀਆਂ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਗੁਰਬਾਣੀ ਨਾਲ ਖਿਲਵਾੜ ਨਾ ਕਰਨ ਲਈ ਕਿਹਾ ਸੀ। ਗੁਰਬਚਨ ਸਿੰਘ ਨੂੰ ਪੰਜਾਬ ਦੇ ਕਾਂਗਰਸੀ ਲੀਡਰਾਂ ਦੀ ਪੂਰੀ ਸ਼ਹਿ ਪ੍ਰਾਪਤ ਸੀ ਤਾਂ ਜੋ ਅਕਾਲੀ ਦਲ ਨੂੰ ਸਿਆਸੀ ਤੌਰ ‘ਤੇ ਢਾਹ ਲਗਾਈ ਜਾ ਸਕੇ। ਗੁਰਬਚਨ ਸਿੰਘ ਨੂੰ ਇੰਨਾ ਘੁਮੰਡ ਸੀ ਕਿ ਉਹ ਸਿੱਖਾਂ ਨੂੰ ਅੰਮ੍ਰਿਤਸਰ ਵਿੱਚ ਵੀ ਚੁਣੌਤੀ ਦੇਣੋਂ ਨਹੀਂ ਸੀ ਟਲਿਆ।
13 ਅਪ੍ਰੈਲ 1978 ਨੂੰ ਉਥੇ ਇਕੱਠ ਕੀਤਾ ਜਿਸ ਨੂੰ ਸਿੱਖਾਂ ਨੇ ਇੱਕ ਵੱਡੀ ਚੁਣੌਤੀ ਸਮਝਿਆ। ਉਨ੍ਹਾਂ ਨੇ ਇਕੱਠ ਰੋਕਣ ਲਈ ਜਦੋਂ ਉਥੇ ਜਾ ਕੇ ਮੁਜ਼ਾਹਿਰਾ ਕੀਤਾ ਤਾਂ ਉਨ੍ਹਾਂ ਉੱਤੇ ਗੋਲੀ ਚਲਾ ਦਿੱਤੀ ਜਿਸ ਵਿੱਚ 13 ਸਿੰਘ ਸ਼ਹੀਦ ਹੋ ਗਏ। ਇਸ ਘਟਨਾ ਦਾ ਬਦਲਾ ਭਾਈ ਰਣਜੀਤ ਸਿੰਘ ਨੇ 24 ਅਪ੍ਰੈਲ 1980 ਵਿੱਚ ਗੁਰਬਚਨ ਸਿੰਘ ਨੂੰ ਗੋਲੀ ਮਾਰ ਕੇ ਮਾਰ ਲਿਆ, ਅਤੇ ਭਾਈ ਸਾਹਿਬ ਨੂੰ ਉਮਰ ਕੈਦ ਹੋਈ। ਬਾਅਦ ਵਿੱਚ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਥਾਪਿਆ ਗਿਆ। ਖਾੜਕੂਵਾਦ ਦੌਰਾਨ ਕਈ ਨਿਰੰਕਾਰੀ ਹਿੰਸਾ ਦਾ ਸ਼ਿਕਾਰ ਹੋਏ। ਇਸ ਤੋਂ ਬਾਅਦ ਨਿਰੰਕਾਰੀਆਂ ਨੂੰ ਮਹਿਸੂਸ ਹੋਇਆ ਕਿ ਸਿੱਖਾਂ ਨਾਲ ਟਕਰਾਓ ਉਨ੍ਹਾਂ ਨੂੰ ਮਹਿੰਗਾ ਪਵੇਗਾ ਇਸ ਲਈ ਉਨ੍ਹਾਂ ਨੇ ਫ਼ਿਰ ਕਦੇ ਸਿੱਖਾਂ ਨੂੰ ਚੁਣੌਤੀ ਨਹੀਂ ਦਿੱਤੀ। ਹਾਂ, ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨਾਲ ਸਿੱਖਾਂ ਦੇ ਮਤਭੇਦ ਹਾਲੇ ਵੀ ਕਾਇਮ ਹਨ, ਪਰ ਹੁਣ ਸਿੱਖਾਂ ਨੂੰ ਚਿੜ੍ਹਾਉਣ ਦੀ ਉਹ ਹਿਮਾਕਤ ਨਹੀਂ ਕਰਦੇ। ਜ਼ਿਆਦਾਤਰ ਸਰਗਰਮੀਆਂ ਦਿੱਲੀ ਵਿੱਚ ਹੀ ਰਹਿੰਦੀਆਂ ਹਨ।
ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ
ਇਸ ਸਮੇਂ ਪੰਜਾਬ ਵਿੱਚ ਕਾਂਗਰਸ ਸਰਕਾਰ ਕਾਇਮ ਹੈ। ਉਸ ਦੀ ਪ੍ਰਮੁੱਖ ਵਿਰੋਧੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ। ਇਸ ਸਮੇਂ ਅਕਾਲੀ ਦਲ ਬੇਅਦਬੀ ਦੇ ਮਾਮਲੇ ਕਾਰਨ ਬੁਰੀ ਤਰ੍ਹਾਂ ਧਾਰਮਿਕ ਅਤੇ ਸਿਆਸੀ ਤੌਰ ‘ਤੇ ਘਿਰਿਆ ਹੋਇਆ ਹੈ। ਬੇਅਦਬੀ ਦੇ ਮਾਮਲੇ ਉੱਤੇ ਗਰਮ ਖ਼ਿਆਲੀਆਂ ਦੁਆਰਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੀ ਚੁਣੌਤੀ ਦਿੱਤੀ ਹੋਈ ਹੈ। ਵਿਦੇਸ਼ਾਂ ਵਿੱਚ ਵਸਦੇ ਕੱਟੜਪੰਥੀ ਸਿੱਖ ਵੀ ਬਰਗਾੜੀ ਮੋਰਚੇ ਦਾ ਪੂਰਾ ਸਮਰਥਨ ਕਰ ਰਹੇ ਹਨ। ਇਸ ਦਾ ਲਾਭ ਕਾਂਗਰਸ ਨੂੰ ਪੁੱਜ ਰਿਹਾ ਹੈ। ਇਸੇ ਕਾਰਨ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਅੱਗ ਨਾਲ ਨਾ ਖੇਡਣ। ਆਮ ਆਦਮੀ ਪਾਰਟੀ, ਜੋ ਕਿਸੇ ਸਮੇਂ ਪੰਜਾਬ ਵਿੱਚ ਸੱਤਾ ਦੇ ਆਉਣ ਦੇ ਸੁਪਨੇ ਦੇਖ ਰਹੀ ਸੀ, ਉਹ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਵਿੱਚ ਤਾਂ ਨਹੀਂ ਆ ਸਕੀ ਪਰ ਸੱਤਾਧਾਰੀ ਅਕਾਲੀ ਦਲ ਨੂੰ ਤੀਜੇ ਸਥਾਨ ‘ਤੇ ਧੱਕ ਦਿੱਤਾ ਸੀ ਹੁਣ ਦੋਫ਼ਾੜ ਹੋ ਚੁੱਕੀ ਹੈ। ਬਾਗ਼ੀ ਧੜੇ ਦੀ ਅਗਵਾਈ ਸੁਖਪਾਲ ਸਿੰਘ ਖਹਿਰਾ ਕਰ ਰਹੇ ਹਨ ਅਤੇ ਉਹ ਬਰਗਾੜੀ ਮੋਰਚੇ ਨਾਲ ਵੀ ਖੜ੍ਹੇ ਹਨ ਅਤੇ ਰੈਫ਼ਰੰਡਮ 2020 ਵਾਲਿਆਂ ਦਾ ਵੀ ਸਮੱਰਥਨ ਕਰ ਰਹੇ ਹਨ। ਅਜਿਹੇ ਵਿੱਚ ਗਰਮਖ਼ਿਆਲੀਆਂ ਨੂੰ ਪੂਰੀ ਸ਼ਹਿ ਮਿਲ ਰਹੀ ਹੈ। ਅਕਾਲੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਆਪ ਵਲੋਂ ਗਰਮਖ਼ਿਆਲੀਆਂ ਨੂੰ ਸਮੱਰਥਨ ਦੇਣਾ ਪੰਜਾਬ ਨੂੰ ਮਹਿੰਗਾ ਪੈ ਸਕਦਾ ਹੈ।
ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਅਕਾਲੀ ਦਲ ਦੀ ਹੀ ਭਵਿੱਖਬਾਣੀ ਸਹੀ ਹੋਈ ਹੈ, ਪਰ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤੀ ਸਿੰਘ ਬਿੱਟੂ ਨੇ ਸੁਖਬੀਰ ਸਿੰਘ ਬਾਦਲ ਦੀ ਤਰ੍ਹਾਂ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਿਰੰਕਾਰੀ ਘਟਨਾ ਦਾ ਅਸਿੱਧੇ ਰੂਪ ਵਿੱਚ ਦੋਸ਼ੀ ਠਹਿਰਾ ਦਿੱਤਾ ਹੈ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅਜਿਹੀਆਂ ਘਟਨਾਵਾਂ ਤੋਂ ਚਿੰਤਤ ਨਜ਼ਰ ਆ ਰਹੇ ਹਨ ਕਿਉਂਕਿ ਸੂਬੇ ਦੀ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਇਸ ਲਈ ਹੁਣ ਉਨ੍ਹਾਂ ਨੂੰ ਕੱਟੜਪੰਥੀਆਂ ਪ੍ਰਤੀ ਆਪਣੀ ਨੀਤੀ ਉੱਤੇ ਵੀ ਨਜ਼ਰਸਾਨੀ ਕਰਨੀ ਪਵੇਗੀ। ਕੱਟੜਪੰਥੀਆਂ ਪ੍ਰਤੀ ਲਗਾਓ ਇੱਕ ਤਰ੍ਹਾਂ ਨਾਲ ਦੋਧਾਰੀ ਤਲਵਾਰ ਹੈ ਜੋ ਕਿ ਵਿਰੋਧੀ ਨੂੰ ਤਾਂ ਨੁਕਸਾਨ ਪਹੁੰਚਾਉਂਦੀ ਹੀ ਹੈ, ਪਰ ਕਈ ਵਾਰ ਉਲਟਾ ਉਸ ਨੂੰ ਚਲਾਉਣ ਵਾਲੇ ਨੂੰ ਜ਼ਖ਼ਮੀ ਕਰ ਸਕਦੀ ਹੈ। ਉਹੀ ਕੁੱਝ ਹੋ ਵੀ ਰਿਹਾ ਹੈ।
ਵਿਦੇਸ਼ਾਂ ਵਸਦੀ ਨੌਜਵਾਨ ਪੀੜ੍ਹੀ ਨੂੰ ਸਿਰਫ਼ ਤੇ ਸਿਰਫ਼ ਓਹੀ ਕੁੱਝ ਦੱਸਿਆ ਜਾ ਰਿਹਾ ਹੈ ਜੋ 80 ਜਾਂ 90 ਦੇ ਦਹਾਕੇ ਵਿੱਚ ਹੋਇਆ ਸੀ, ਪਰ ਉਨ੍ਹਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਨਹੀਂ ਹੋ ਰਹੀ ਕਿ ਹੁਣ ਪੰਜਾਬ ਦੇ ਲੋਕ ਖ਼ਾਸ ਕਰ ਕੇ ਸਿੱਖ ਹਿੰਸਕ ਲਹਿਰ ਦਾ ਸਮਰਥਨ ਨਹੀਂ ਕਰਦੇ ਕਿਉਂਕਿ ਬੀਤੇ ਵਿੱਚ ਸਿੱਖ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਲਈ ਵਿਦੇਸ਼ਾਂ ਵਿੱਚ ਕਈ ਨੌਜਵਾਨ ਪੰਜਾਬ ਪੁੱਜ ਕੇ ਹਿੰਸਕ ਵਾਰਦਾਤਾਂ ਵਿੱਚ ਸ਼ਾਮਿਲ ਹੋਣ ਦੀਆਂ ਰਿਪੋਰਟਾਂ ਆਈਆਂ ਹਨ ਅਤੇ ਕੁੱਝ ਧਾਰਮਿਕ ਤੇ ਸਿਆਸੀ ਕਤਲ ਵੀ ਹੋਏ ਹਨ। ਵਿਦੇਸ਼ਾਂ ਵਿੱਚ ਵੱਸਦੇ ਗਰਮਖ਼ਿਆਲੀਆਂ ਦੀ ਸੋਚ ਦਾ ਲਾਭ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਵੀ ਉਠਾਉਣਾ ਚਾਹ ਰਹੀ ਹੈ ਅਤੇ ਉਹ ਪੰਜਾਬ ਵਿੱਚ ਰਹਿੰਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਸੂਬੇ ‘ਚ ਹਿੰਸਕ ਵਾਰਦਾਤਾਂ ਕਰਨ ਲਈ ਉਕਸਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਪਾਕਿ ਖ਼ੁਫ਼ੀਆ ਏਜੰਸੀ ਨੂੰ ਅਜਿਹੇ ਮੌਕੇ ਨਹੀਂ ਦੇ ਸਕਦੀ ਕਿਉਂਕਿ ਇਸ ਨਾਲ ਸੂਬੇ ਦਾ ਹੀ ਨੁਕਸਾਨ ਹੁੰਦਾ ਹੈ। ਇਸ ਲਈ ਇਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਮੁੱਦੇ ‘ਤੇ ਸਿਆਸਤ ਨਾ ਕਰਨ ਜਿਸ ਨਾਲ ਸੂਬੇ ਦੇ ਨੌਜਵਾਨ ਹਥਿਆਰ ਚੁੱਕ ਕੇ ਪੰਜਾਬ ਦਾ ਹੀ ਨੁਕਸਾਨ ਕਰਨ।