ਪਰਿਣਿਤੀ ਦੀਆਂ ਫ਼ਿਲਮਾਂ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਅਸਫ਼ਲ ਹੋ ਰਹੀਆਂ ਹਨ। ਸੁਭਾਵਿਕ ਹੈ ਇਸ ਦਾ ਅਸਰ ਉਸ ਦੇ ਕਰੀਅਰ ‘ਤੇ ਪੈ ਰਿਹਾ ਹੈ। ਇਸੇ ਕਾਰਨ ਉਸ ਦੀ ਅਗਲੀ ਫ਼ਿਲਮ ਵੀ ਰਿਲੀਜ਼ ਲਈ ਅਗਲੇ ਸਾਲ ਤਕ ਟਾਲ ਦਿੱਤੀ ਗਈ ਹੈ …
ਫ਼ਿਲਮ ਇੰਡਸਟਰੀ ‘ਚ ਬੌਕਸ ਆਫ਼ਸ ਦੇ ਨਤੀਜਿਆਂ ਤੋਂ ਹੀ ਸਿਤਾਰਿਆਂ ਦੀ ਕੀਮਤ ਵਧਦੀ ਜਾਂ ਘਟਦੀ ਹੈ। ਪਰਿਣੀਤੀ ਚੋਪੜਾ ਪਿਛਲੇ ਸਮੇਂ ਤੋਂ ਅਸਫ਼ਲ ਹੋ ਰਹੀਆਂ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਕਾਫ਼ੀ ਚਿੰਤਤ ਹੈ ਕਿਉਂਕਿ ਇਸ ਦਾ ਮਾੜਾ ਅਸਰ ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ਅਤੇ ਉਸ ਦੀ ਕਰੀਅਰ ‘ਤੇ ਵੀ ਪੈ ਰਿਹਾ ਹੈ। ਹਾਲ ਹੀ ‘ਚ ਪਰਿਣੀਤੀ ਅਤੇ ਅਰਜੁਨ ਕਪੂਰ ਦੀ ਫ਼ਿਲਮ ਨਸਮਤੇ ਇੰਗਲੈਂਡ ਨੇ ਸਿਨੇਮਾ ਖਿੜਕੀ ‘ਤੇ ਪਾਣੀ ਵੀ ਨਹੀਂ ਮੰਗਿਆ।
ਸਮੱਸਿਆ ਇਹ ਹੈ ਕਿ ਇਸ ਜੋੜੀ ਦੀ ਇੱਕ ਹੋਰ ਫ਼ਿਲਮ ਸੰਦੀਪ ਔਰ ਪਿੰਕੀ ਫ਼ਰਾਰ ਵੀ ਰਿਲੀਜ਼ ਲਈ ਬਿਲਕੁਲ ਤਿਆਰ ਹੈ। ਨਮਸਤੇ ਇੰਗਲੈਂਡ ਦਾ ਮਾੜਾ ਪ੍ਰਦਰਸ਼ਨ ਦੇਖ ਕੇ ਇਸ ਫ਼ਿਲਮ ਦੇ ਪ੍ਰੋਡਿਊਸਰ ਸੋਚੀਂ ਪੈ ਗਏ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾ ਕਦਮ ਇਹ ਚੁੱਕਿਆ ਹੈ ਕਿ ਇਸ ਫ਼ਿਲਮ ਨੂੰ 2018 ਦੀ ਬਜਾਏ 2019 ‘ਚ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ। ਸੂਤਰਾਂ ਅਨੁਸਾਰ, ਨਿਰਮਾਤਾ ਹੁਣ ਇਹ ਸੋਚ ਰਹੇ ਹਨ ਕਿ ਅਰਜੁਨ ਤੇ ਪਰਿਣੀਤੀ ਦੀ ਫ਼ਲੌਪ ਜੋੜੀ ਵਾਲੀ ਇਸ ਫ਼ਿਲਮ ਨੂੰ ਕਿਸ ਨਵੇਂ ਢੰਗ ਨਾਲ ਪ੍ਰਮੋਟ ਕੀਤਾ ਜਾਵੇ ਕਿ ਲੋਕਾਂ ਦੀ ਇਸ ਫ਼ਿਲਮ ਨੂੰ ਵੇਖਣ ‘ਚ ਦਿਲਚਸਪੀ ਬਣ ਸਕੇ ਤਾਂ ਕਿ ਇਹ ਫ਼ਿਲਮ ਫ਼ਲੌਪ ਨਾ ਹੋਵੇ।
ਇੰਡਸਟਰੀ ਦੇ ਜਾਣਕਾਰਾਂ ਦੀ ਮੰਨੀਏ ਤਾਂ ਨਮਸਤੇ ਇੰਗਲੈਂਡ ਦੇ ਫ਼ਲੌਪ ਹੋਣ ਅਤੇ ਸੰਦੀਪ ਔਰ ਪਿੰਕੀ ਫ਼ਰਾਰ ਅੱਗੇ ਵਧਣ ਨਾਲ ਪਰਿਣੀਤੀ ਨੂੰ ਜ਼ਿਆਦਾ ਨੁਕਸਾਨ ਹੈ ਕਿਉਂਕਿ ਅਰਜੁਨ ਬੌਲੀਵੁਡ ਇੰਡਸਟਰੀ ਨਾਲ ਜੁੜੇ ਹੋਏ ਪਰਿਵਾਰ ‘ਚੋਂ ਹੈ ਅਤੇ ਉਸ ਦੇ ਪਿਤਾ ਬੋਨੀ ਕਪੂਰ ਇੱਕ ਨਾਮੀ ਪ੍ਰੋਡਿਊਸਰ ਹਨ। ਪਰਿਣੀਤੀ ਚੋਪੜਾ ਦਾ ਆਪਣਾ ਕੋਈ ਖ਼ਾਸ ਇੰਡਸਟਰੀ ‘ਚ ਨਹੀਂ। ਇਸ਼ਕਜ਼ਾਦੇ ਅਤੇ ਸ਼ੁੱਧ ਦੇਸੀ ਰੋਮਾਂਸ ਵਰਗੀਆਂ ਚੰਗੀਆਂ ਫ਼ਿਲਮਾਂ ਨਾਲ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਪਰਿਣੀਤੀ ਦਾ ਕਰੀਅਰ ਗ੍ਰਾਫ਼ ਹੰਸੀ ਤੋ ਫ਼ਸੀ ਫ਼ਿਲਮ ਤੋਂ ਬਾਅਦ ਹੇਠਾਂ ਆਉਣਾ ਸ਼ੁਰੂ ਹੋ ਗਿਆ ਸੀ।
ਕਿਲ ਦਿਲ ਅਤੇ ਮੇਰੀ ਪਿਆਰੀ ਬਿੰਦੂ ਮੂਵੀਆਂ ਨਾਲ ਉਸ ਨੇ ਇੱਕ ਤੋਂ ਦੂਸਰੀ ਫ਼ਲੌਪ ਫ਼ਿਲਮ ਦਿੱਤੀ। ਭਾਵੇਂ ਉਸ ਦੀ ਫ਼ਿਲਮ ਗੋਲਮਾਲ ਅਗੇਨ ਸਫ਼ਲ ਰਹੀ ਪਰ ਇਸ ਦੀ ਸਫ਼ਲਤਾ ਦਾ ਸਿਹਰਾ ਪਰਿਣੀਤੀ ਨੂੰ ਨਹੀਂ ਜਾਂਦਾ ਕਿਉਂਕਿ ਇਹ ਇੱਕ ਮਲਟੀਸਟਾਰਰ ਫ਼ਿਲਮ ਸੀ। ਜਾਣਕਾਰੀ ਮਿਲੀ ਹੈ ਕਿ ਪਰਿਣੀਤੀ ਨੂੰ ਅਨੁਰਾਗ ਬਾਸੂ ਦੀ ਲਾਈਫ਼ ਇਨ ਏ ਮੈਟਰੋਂ ਤੋਂ ਵੀ ਹੱਥ ਧੋਣੇ ਪੈ ਗਏ ਹਨ ਹਾਲਾਂਕਿ ਪਰਿਣੀਤੀ ਨੇ ਇਸ ਗੱਲ ਨੂੰ ਗ਼ਲਤ ਦੱਸਿਆ ਹੈ।
ਪਰਿਣੀਤੀ ਦੀਆਂ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ
ਪਿਛਲੇ ਕੁੱਝ ਸਮੇਂ ਤੋਂ ਪਰਿਣੀਤੀ ਦੀਆਂ ਕੁੱਝ ਫ਼ਿਲਮਾਂ ਫ਼ਲੌਪ ਰਹੀਆਂ ਹਨ। ਉਸ ਦੀ ਵਧੀਆ ਅਦਾਕਾਰੀ ਵਾਲੀਆਂ ਕਈ ਫ਼ਿਲਮਾਂ ਅਜੇ ਰਿਲੀਜ਼ ਲਈ ਤਿਆਰ ਪਈਆਂ ਹਨ। ਇਨ੍ਹਾਂ ਵਿੱਚ ਸੰਦੀਪ ਔਰ ਪਿੰਕੀ ਫ਼ਰਾਰ, ਜਬਰੀਆ ਜੋੜੀ, ਕੇਸਰੀ, ਆਦਿ ਮੁੱਖ ਹਨ। ਕੇਸਰੀ ਇਤਿਹਾਸ ‘ਤੇ ਆਧਾਰਿਤ ਇੱਕ ਫ਼ਿਲਮ ਹੈ ਅਤੇ ਇਸ ਵਿੱਚ ਅਕਸ਼ ਕੁਮਾਰ ਦੀ ਮੁੱਖ ਭੂਮਿਕਾ ਹੈ।











