ਗੁਰਦੁਆਰਾ

ਗੁਰਦੁਆਰਾ ਇਕ ਅਜਿਹਾ ਸ਼ਬਦ ਹੈ, ਜਿਸਦਾ ਨਾਮ ਜੁਬਾਨ ‘ਤੇ ਆਉਣ ਨਾਲ ਹਰ ਸਿੱਖ ਦਾ ਮਨ ਸ਼ਰਧਾ ਨਾਲ ਝੁਕ ਜਾਂਦਾ ਹੈ। ਗੁਰਦੁਆਰੇ ਦਾ ਸ਼ਾਬਦਿਕਅਰਥ ਹੈ ‘ਗੁਰੂ ਦਾ ਦੁਆਰ’। ਸਿੱਖਾਂ ਵਿੱਚ ਗੁਰਦੁਆਰੇ ਨੂੰ ਗੁਰੂ ਦਾ ਘਰ ਮੰਨਿਆ ਜਾਂਦਾ ਹੈ। ਗੁਰਦੁਆਰਾ ਗੁਰੂ ਅਸਥਾਨ ਹੈ। ਜਦੋਂ ਕਿਸੇ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਂਦਾ ਹੈ ਅਤੇ ਨਿਸ਼ਾਨ ਸਾਹਿਬ ਲਗਾ ਦਿੱਤਾ ਜਾਂਦਾ ਹੈ ਤਾਂ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਮੰਨੀ ਜਾਂਦੀ। ਉਹ ਅਸਥਾਨ ਗੁਰੂ ਦਾ ਘਰ ਬਣ ਜਾਂਦਾ ਹੈ ਅਤੇ ਉਸ ਘਰ ਵਿੱਚ ਕੋਈ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਪ੍ਰਗਟ ਕਰਨ ਲਈ ਆ ਸਕਦਾ ਹੈ। ਸਿੱਖਾਂ ਦੇ ਸ਼੍ਰੋਮਣੀ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖਣ ਪਿੱਛੇ ਗੁਰੂ ਸਾਹਿਬ ਦਾ ਇਹੀ ਤਰਕ ਸੀ ਕਿ ਇੱਥੇ ਬਿਨਾਂ ਕਿਸੇ ਭੇਦਭਾਵ, ਜਾਤ-ਪਾਤ ਅਤੇ ਨਸਲ-ਧਰਮ ਦੇ ਚਾਰੇ ਦਿਸ਼ਾਵਾਂ ਵਿੱਚੋਂ ਕੋਈ ਵੀ ਆ ਸਕਦਾ ਹੈ। ਹੋਰ ਤਾਂ ਹੋਰ ਇੱਥੇ ਤਾਂ ਜਿਸ ਦੇਸ਼ ਦੀ ਫ਼ੌਜ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕੀਤਾ ਸੀ, ਉਸ ਫ਼ੌਜ ਦੇ ਪ੍ਰਮੁੱਖ ਅਤੇ ਹਿੰਦੁਸਤਾਨ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੀ ਅਪ੍ਰੇਸ਼ਨ ਨੀਲਾ ਤਾਰਾ ਤੋਂ ਬਾਅਦ ਆਏ ਸਨ। ਦੇਸ਼ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਿਸਨੇ ਨੀਲਾ ਤਾਰਾ ਲਈ ਹੁਕਮ ਦਿੱਤਾ ਸੀ, ਉਥੇ ਆਈ ਸੀ। ਭਾਵੇਂ ਹਿੰਦੁਸਤਾਨ ਦੇ ਬਹੁਤੇ ਸਿੱਖਾਂ ਦੇ ਮਨਾਂ ਵਿੱਚ ਇਹਨਾਂ ਪ੍ਰਤੀ ਰੋਸ, ਗਿਲਾ ਅਤੇ ਗੁੱਸਾ ਸੀ ਪਰ ਇਸਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ‘ਤੇ ਕਿਸੇ ਨੇ ਇਤਰਾਜ਼ ਨਹੀਂ ਉਠਾਇਆ ਸੀ। ਇਹ ਗੱਲ ਵੀ ਸਪਸ਼ਟ ਸੀ ਕਿ ਉਹ ਕਿਸੇ ਖਾਸ ਸਿਆਸੀ ਉਦੇਸ਼ ਨੂੰ ਲੈ ਕੇ ਉਥੇ ਆਏ ਸਨ ਪਰ ਫ਼ਿਰ ਵੀ ਉਹਨਾਂ ਦੇ ਸ੍ਰੀ ਦਰਬਾਰ ਸਾਹਿਬ ਦੇ ਦਾਖਲੇ ‘ਤੇ ਪਾਬੰਦੀ ਲਈ ਕੋਈ ਅਵਾਜ਼ ਨਹੀਂ ਉਠੀ ਸੀ।
ਮੇਰਾ ਉਕਤ ਤਰਕ ਕੈਨੇਡਾ, ਅਮਰੀਕਾ ਅਤੇ ਬਰਤਾਨੀਆ ਦੇ ਬਹੁਤ ਸਾਰੇ ਗੁਰੂ ਘਰਾਂ ਵੱਲੋਂ ਵਿਦੇਸ਼ਾਂ ਵਿੱਚ ਭਾਰਤੀ ਅਧਿਕਾਰੀਆਂ ਦੇ ਗੁਰਦੁਆਰਿਆਂ ਅਤੇ ਨਗਰ ਕੀਰਤਨਾਂ ਵਿੱਚ ਸ਼ਾਮਲ ਹੋਣ ‘ਤੇ ਪਾਬੰਦੀ ਲਾਏ ਜਾਣ ਦੇ ਸੰਦਰਭ ਵਿੱਚ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ ਪਰ ਗੁਰੂ ਘਰਾਂ ਦੀਆਂ ਗਤੀਵਿਧੀਆਂ ਵਿੱਚ ਦਖਲ ਰੋਕਣਾ ਪ੍ਰਬੰਧਕ ਕਮੇਟੀਆਂ ਦਾ ਅਧਿਕਾਰ ਖੇਤਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਅਜਿਹਾ ਬਿਆਨ ਦਿੱਤਾ ਹੈ ਕਿ ਗੁਰੂ ਘਰ ਜਾਣ ਤੋਂ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ਨਾਲ ਸਹਿਮਤੀ ਪ੍ਰਗਟਾਈ ਹੈ। ਅਕਾਲੀ ਦਲ ਦੇ ਸੁਪਰੀਮੋ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨੀਤੀ ਸਪਸ਼ਟ ਕਰਦੇ ਹੋਏ ਕਿਹਾ ਹੈ ਕਿ ‘ਗੁਰੂ ਘਰ ਸਾਰਿਆਂ ਦਾ ਸਾਂਝਾ ਧਾਰਮਿਕ ਸਥਾਨ ਹੈ ਤੇ ਕਿਸੇ ਨੂੰ ਵੀ ਰੋਕਿਆ ਜਾਣਾ ਗਲਤ ਹੈ। ਦੂਜੇ ਪਾਸੇ ਦਲ ਖਾਲਸਾ ਆਗੂ ਹਰਪਾਲ ਸਿੰਘ ਚੀਮਾ ਤੇ ਕੰਵਰਪਾਲ ਸਿੰਘ ਨੇ ਸਰਕਾਰੀ ਅਧਿਕਾਰੀ ਉਤੇ ਲਗਾਈ ਪਾਬੰਦੀ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਹ ਫ਼ੈਸਲਾ ਸਿੱਖ ਭਾਈਚਾਰੇ ਦੇ ਖਿਲਾਫ਼ 1984 ਤੋਂ ਸ਼ੁਰੂ ਹੋਈਆਂ ਧੱਕੇਸ਼ਾਹੀਆਂ ਅਤੇ ਅੱਨਿਆ ਖਿਲਾਫ਼ ਸਿੱਖ ਵਿਰੋਧ ਦਾ ਹਿੱਸਾ ਹੈ।”
ਜਿਹੜੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਇਕੱਠੇ ਹੋ ਕੇ ਭਾਰਤੀ ਅਫ਼ਸਰਾਂ ਉਤੇ ਪਾਬੰਦੀ ਵਾਲਾ ਮਤਾ ਪਾਸ ਕੀਤਾ ਹੈ, ਉਹਨਾਂ ਦੀ ਦਲੀਲ ਹੈ ਕਿ ਇੰਡੀਅਨ ਕੌਂਸਲੇਟ ਦੇ ਅਧਿਕਾਰੀ ਗੁਰਦੁਆਰਿਆਂ ਜਾਂ ਸਿੱਖਾਂ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਕਰਦੇ ਹਨ। ਕੈਨੇਡਾ ਦੀਆਂ ਕੁਝ ਪ੍ਰਬੰਧਕ ਕਮੇਟੀਆਂ ਦਾ ਇਲਜ਼ਾਮ ਹੈ ਕਿ ਕੈਨੇਡਾ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਲੀਡਰਸ਼ਿਪ ਚੋਣ ਦੌਰਾਨ ਪਾਰਟੀ ਆਗੂ ਚੁਣੇ ਗਏ ਜਗਮੀਤ ਸਿੰਘ ਦੀ ਚੋਣ ਮੁਹਿੰਮ ਦੌਰਾਨ ਇੰਡੀਅਨ ਕੌਂਸਲੇਟ ਦੇ ਅਧਿਕਾਰੀਆਂ ਨੇ ਜਗਮੀਤ ਦੀ ਜਿੱਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਹ ਇਲਜ਼ਾਮ ਵੀ ਲਾਇਆ ਗਿਆ ਹੈ ਕਿ ਆਰ. ਐਸ. ਐਸ. ਸਿੱਖਾਂ ਦੇ ਧਾਰਿਮਕ ਮਾਮਲਿਆਂ ਵਿੱਚ ਦਖਲ ਦੇ ਰਿਹਾ ਹੈ ਅਤੇ ਇਸ ਵਿੱਚ ਇੰਡੀਅਨ ਕੌਂਸਲੇਟ ਦੇ ਅਧਿਕਾਰੀਆਂ ਦੀ ਭੂਮਿਕਾ ਵੀ ਦੱਸੀ ਗਈ ਹੈ। ਇਹ ਵੀ ਚਰਚਾ ਹੈ ਕਿ ਗੁਰਦੁਆਰਾ ਕਮੇਟੀਆਂ ਨਾਲ ਪੈਦਾ ਹੋਈ ਤਾਜ਼ਾ ਕਸ਼ੀਦਗੀ ਵਿੱਚ ਇੰਡੀਅਨ ਕੌਂਸਲੇਟ ਦਫ਼ਤਰ ਦੇ ਕੁਝ ਅਧਿਕਾਰੀ ਵੀ ਜ਼ਿੰਮੇਵਾਰ ਹਨ।
ਵਿਦੇਸ਼ੀ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਭਾਵੇਂ ਕਾਨੂੰਨੀ ਤੌਰ ‘ਤੇ ਇਹ ਅਧਿਕਾਰ ਰੱਖਦੀਆਂ ਹਨ ਕਿ ਉਹ ਕਿਸੇ ਉਪਰ ਪਾਬੰਦੀ ਲਗਾ ਸਕਦੀਆਂ ਹਨ ਪਰ ਸਿੱਖੀ ਸਿਧਾਂਤਾਂ ਦੇ ਨਜ਼ਰੀਏ ਤੋਂ ਇਸ ਵਿਵਾਦਮਈ ਮਸਲੇ ‘ਤੇ ਕੌਮ ਨੂੰ ਚਰਚਾ ਕਰਨੀ ਜ਼ਰੂਰੀ ਹੈ। ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਵਨਾ, ਸਿੱਖੀ ਸਿਧਾਂਤ, ਨੈਤਿਕਤਾ ਅਤੇ ਗੁਰਦੁਆਰਾ ਦੇ ਸੰਕੇਤਕ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਕਿਸੇ ਇਕ ਨੁਕਤੇ ‘ਤੇ ਸਹਿਮਤ ਹੋਣਾ ਜ਼ਰੂਰੀ ਹੈ।
ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਫ਼ੋਟੋ ਦਿੱਲੀ ਸਦਨ ਵਿੱਚ ਲੱਗਣੀ ਕਿਉਂ ਜ਼ਰੂਰੀ
ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਟੀ ਦੇ ਦਿੱਲੀ ਵਿਧਾਨ ਸਭਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਵਿੱਚ ਮੈਸੂਰ ਦੇ ਸ਼ਾਸਕ ਰਹੇ ਫ਼ਤਿਹ ਅਲੀ ਉਰਫ਼ ਟੀਪੂ ਸੁਲਤਾਨ ਦੀ ਤਸਵੀਰ ਨਹੀਂ ਲਗਾਉਣ ਦਿੱਤੀ ਜਾਵੇਗੀ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਟੀਪੂ ਸੁਲਤਾਨ ਮੈਸੂਰ ਰਾਜ ਦੇ ਸੁਲਤਾਨ ਹੈਦਰ ਅਲੀ ਦੇ ਘਰ 10 ਨਵੰਬਰ 1750 ਨੁੰ ਪੈਦਾ ਹੋਇਆ ਅਤੇ 29 ਦਸੰਬਰ 1782 ਵਿੱਚ ਮੈਸੂਰ ਦਾ ਸੁਲਤਾਨ ਬਣਿਆ ਸੀ। ਸ. ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਗਾਇਆ ਕਿ ਟੀਪੂ ਇਕ ਜਾਲਮ ਮੁਸਲਮਾਨ ਸ਼ਾਸਕ ਸੀ, ਜਿਸਨੇ 4 ਲੱਖ ਹਿੰਦੂਆਂ ਅਤੇ ਇਸਾਈਆਂ ਨੂੰ ਜਬਰੀ ਮੁਸਲਮਾਨ ਬਣਾਇਆ ਸੀ। ਸ. ਸਿਰਸਾ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਵੋਟ ਦੀ ਰਾਜਨੀਤੀ ਕਰ ਰਿਹਾ ਹੈ ਅਤੇ ਟੀਪੂ ਸੁਲਤਾਨ ਦੀ ਦਿੱਲੀ ਵਿਧਾਨ ਸਭਾ ਵਿੱਚ ਤਸਵੀਰ ਲਗਾ ਕੇ ਮੁਸਲਮਾਨਾਂ ਨੂੰ ਖੁਸ਼ ਕਰਨਾ ਚਾਹੁੰਦਾ ਹੈ।
ਸਿਰਸਾ ਦਾ ਕਹਿਣਾ ਸੀ ਕਿ ਅਜਿਹੇ ਸ਼ਾਸਕ ਤਸਵੀਰ ਉਹ ਵਿਧਾਨ ਸਭਾ ਵਿੱਚ ਨਹੀਂ ਲੱਗਣ ਦੇਣਗੇ। ਉਧਰ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਦਨ ਵਿੱਚ ਤਸਵੀਰਾਂ ਲਾਉਣ ਤੋਂ ਪਹਿਲਾਂ ਉਹਨਾਂ ਨਾਲ ਸੰਪਰਕ ਨਹੀਂ ਕੀਤਾ।
ਸ. ਸਿਰਸਾ ਨੇ ਕਿਹਾ ਕਿ ਤਸਵੀਰਾਂ ਲਾਉਣ ਦਾ ਫ਼ੈਸਲਾ ਕਰਦੇ ਸਮੇਂ ਦਿੱਲੀ ਦੇ ਮੁੱਖ ਮੰਤਰੀ ਨੂੰ ਪ੍ਰਿਥਵੀ ਰਾਜ ਚੌਹਾਨ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਵਰਗੇ ਯੋਧੇ ਕਿਉਂ ਯਾਦ ਨਹੀਂ ਆਏ। ਉਹਨਾਂ ਕਿਹਾ ਕਿ ਨਵਾਬ ਜੱਸਾ ਸਿੰਘ ਆਹਲੂਵਾਲੀਆ ਸੁਲਤਾਨ-ਉਲ-ਕੌਮ ਦੀ ਅਗਵਾਈ ਵਿੱਚ ਸ. ਜੱਸਾ ਸਿੰਘ ਰਾਮਗੜ੍ਹੀਆ ਅਤੇ ਬਾਬਾ ਬਘੇਲ ਸਿੰਘ ਵਰਗੇ ਜਰਨੈਲਾਂ ਦੇ ਸਹਿਯੋਗ ਨਾਲ ਸਿੱਖਾਂ ਨੇ 8 ਮਾਰਚ 1763 ਵਿੱਚ ਦਿੱਲੀ ਫ਼ਤਿਹ ਕੀਤਾ ਸੀ। ਦਿੱਲੀ ਵਿਧਾਨ ਸਭਾ ਵਿੱਚ ਇਹਨਾਂ ਸਰਦਾਰਾਂ ਦੀਆਂ ਤਸਵੀਰਾਂ ਲੱਗਣੀਆਂ ਚਾਹੀਦੀਆਂ ਹਨ।
ਰਾਜੌਰੀ ਗਾਰਡਨ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦੀ ਦਲੀਲ ਵਿੱਚ ਦਮ ਹੈ। ਜਿਸ ਸਿੱਖ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਅਬਦਾਲੀ ਵੱਲੋਂ ਹਿੰਦੁਸਤਾਨ ਵਿੱਚੋਂ ਲੁੱਟ ਕੇ ਮਾਲ ਦੇ ਨਾਲ ਨਾਲ ਹਜ਼ਾਰਾਂ ਹਿੰਦੂ ਬਹੂ-ਬੇਟੀਆਂ ਨੂੰ ਆਜ਼ਾਦ ਕਰਵਾਇਆ, ਜਿਹਨਾਂ ਸਿੱਖ ਸਰਦਾਰਾਂ ਨੇ ਲਗਾਤਾਰ ਅਫ਼ਗਾਨ ਧਾੜਵੀਆਂ ਦਾ ਮੁਕਾਬਲਾ ਕੀਤਾ। ਜਿਸ ਜਰਨੈਲ ਨੇ ਲਾਹੌਰ ਫ਼ਤਿਹ ਕੀਤਾ ਅਤੇ ਗੁਰੂ ਦੇ ਨਾਮ ਦਾ ਸਿੱਕਾ ਚਲਾਇਟਾ। 11 ਮਾਰਚ 1783 ਨੁੰ ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਦਾ ਪਾਤਸ਼ਾਹ ਐਲਾਨਿਆ ਗਿਆ। ਸਿੱਖ ਕੌਮ ਨੇ ਦਿੱਲੀ ਤਖਤ ‘ਤੇ ਕੇਸਰੀ ਨਿਸ਼ਾਨ ਝੁਲਾਇਆ। ਜਿਸ ਕੌਮ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਜ਼ਿਆਦ ਕੁਰਬਾਨੀਆਂ ਕੀਤੀਆਂ, ਉਸ ਕੌਮ ਦੇ ਜਰਨੈਲਾਂ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ। ਦੂਜੀ ਗੱਲ ਹੋਰ ਵੀ ਮਹੱਤਵਪੂਰਨ ਹੈ ਕਿ ਇਹ ਸਾਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ 300 ਸਾਲਾ ਜਨਮ ਸ਼ਤਾਬਦੀ ਦਾ ਵਰ੍ਹਾ ਹੈ। ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ 3 ਮਈ 1718 ਨੁੰ ਉਹਨਾਂ ਦੀ ਯਾਦ ਵਿੱਚ ਦਿੱਲੀ ਸਦਨ ਵਿੱਚ ਇਕ ਤਸਵੀਰ ਲਗਾਉਣਾ ਕੋਈ ਵੱਡੀ ਗੱਲ ਨਹੀਂ ਹੋਵੇਗੀ। ਚਾਹੀਦਾ ਤਾਂ ਇਹ ਹੈ ਕਿ ਸਿੱਖ ਕੌਮ ਦੇ ਇਸ ਜਰਨੈਲ ਅਤੇ ਹਿੰਦੁਸਤਾਨ ਦੇ ਤਖਤ ‘ਤੇ ਬੈਠਣ ਵਾਲੇ ਸੁਲਤਾਨ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਕੋਈ ਵੱਡੀ ਯਾਦਗਾਰ ਦਿੱਲੀ ਵਿੱਚ ਬਣਾਈ ਜਾਵੇ। ਇਹ ਗੱਲ ਤਸੱਲੀ ਵਾਲੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ ਕੇ ਅਤੇ ਉਹਨਾਂ ਦੀ ਟੀਮ ਇਸ ਪੱਖੋਂ ਕਾਫ਼ੀ ਗੰਭੀਰ ਹੈ। ਇਸ ਮੌਕੇ ‘ਤੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਉਠਾਈ ਆਵਾਜ਼ ਦੀ ਪ੍ਰਸੰਸਾ ਵੀ ਕਰਨੀ ਬਣਦੀ ਹੈ ਅਤੇ ਉਹਨਾਂ ਵੱਲੋਂ ਉਠਾਈ ਮੰਗ ਨੂੰ ਪੂਰੀ ਕਰਾਉਣ ਲਈ ਸਹਿਯੋਗ ਦੇਣਾ ਵੀ ਬਣਦਾ ਹੈ।