ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1331

ਸਾਡੇ ਖ਼ਿਆਲ ਵਿੱਚ ਸਾਡੇ ਨਾਇਕ ਅਤੇ ਨਾਇਕਾਵਾਂ ਬਹੁਤ ਘੱਟ ਹੀ ਕੁਝ ਗ਼ਲਤ ਕਰਦੇ ਹਨ। ਇੱਕ ਵਾਰ ਜਦੋਂ ਅਸੀਂ ਉਨ੍ਹਾਂ ਨੂੰ ਆਪਣੀਆਂ ਉਮੀਦਾਂ ਵਿੱਚ ਉੱਪਰ ਚਾੜ੍ਹ ਦਿੰਦੇ ਹਾਂ ਤਾਂ ਫ਼ਿਰ ਅਸੀਂ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਹੇਠਾਂ ਡੇਗਣ ਤੋਂ ਬਹੁਤ ਸੰਕੋਚ ਕਰਦੇ ਹਾਂ। ਇਸੇ ਤਰ੍ਹਾਂ ਹੀ ਅਸੀਂ ਆਪਣੇ ਦੋਸਤਾਂ, ਸਾਥੀਆਂ ਅਤੇ ਪਰਿਵਾਰਿਕ ਮੈਂਬਰਾਂ ਪ੍ਰਤੀ ਵੀ ਅਜਿਹੇ ਰੋਮੈਂਟਿਕ ਖ਼ਿਆਲ ਪਾਲ ਸਕਦੇ ਹਾਂ। ਜੇਕਰ ਅਸੀਂ ਇੱਕ ਵਾਰ ਉਨ੍ਹਾਂ ਦੀ ਇੱਜ਼ਤ ਕਰਨੀ ਸ਼ੁਰੂ ਕਰ ਦੇਈਏ, ਅਸੀਂ ਸਾਰੀ ਉਮਰ ਫ਼ਿਰ ਉਨ੍ਹਾਂ ਦੀ ਇੱਜ਼ਤ ਕਰਦੇ ਰਹਿੰਦੇ ਹਾਂ। ਅਸੀਂ ਸਾਰੇ ਮਨੁੱਖ ਹੀ ਤਾਂ ਹਾਂ। ਸਾਡੇ ਵਿੱਚੋਂ ਕੋਈ ਵੀ ਤਰੁਟੀਰਹਿਤ ਜਾਂ ਅਸਫ਼ਲਤਾਵਾਂ ਤੋਂ ਮੁਕਤ ਨਹੀਂ। ਤੁਹਾਡੀ ਪ੍ਰਸਿੱਧੀ ਜਿਹੜੀ ਪਹਿਲਾਂ ਬਿਲਕੁਲ ਬੇਦਾਗ਼ ਸੀ, ਅੱਜ ਉਸ ਨੂੰ ਦਰਪੇਸ਼ ਚੁਣੌਤੀਆਂ ਨੂੰ ਦੇਖ ਕੇ ਘਬਰਾਓ ਨਾ। ਉਨ੍ਹਾਂ ਨੂੰ ਸਮਝੋ ਅਤੇ ਕਬੂਲੋ। ਅਜਿਹਾ ਕਰਨ ਨਾਲ ਤੁਸੀਂ ਨਵੀਆਂ ਉਪਲਬਧੀਆਂ ਹਾਸਿਲ ਕਰੋਗੇ।

”ਲਗਭਗ ਹਰ ਚੀਜ਼ ਜੋ ਤੁਸੀਂ ਕਰਦੇ ਹੋ ਉਸ ਦਾ ਕੋਈ ਮਹੱਤਵ ਨਹੀਂ ਹੁੰਦਾ, ਪਰ ਇਹ ਮਹੱਤਵਪੂਰਨ ਹੈ ਕਿ ਤੁਸੀਂ ਉਸ ਨੂੰ ਕਰੋ।” ਅਜਿਹਾ ਕਹਿਣਾ ਸੀ ਮਹਾਤਮਾ ਗਾਂਧੀ ਦਾ। ਜਦੋਂ ਅਸੀਂ ਛੋਟੇ ਬੱਚੇ ਹੁੰਦੇ ਹਾਂ ਤਾਂ ਸਾਡਾ ਸਾਹਮਣਾ ਅਕਸਰ ਅਜਿਹੇ ਬਾਲਗਾਂ ਨਾਲ ਹੋ ਜਾਂਦੈ ਜਿਹੜੇ ਸਾਨੂੰ ਉਸ ਤੋਂ ਵੀ ਛੋਟਾ ਮਹਿਸੂਸ ਕਰਾਉਂਦੇ ਹਨ ਜਿੰਨੇ ਅਸੀਂ ਪਹਿਲਾਂ ਹੀ ਹਾਂ। ਸਾਨੂੰ ਇਹ ਹਮੇਸ਼ਾ ਚੇਤੇ ਰਹਿੰਦਾ ਹੈ ਅਤੇ, ਬਾਲਗ ਹੋਣ ਤੋਂ ਬਾਅਦ ਵੀ, ਅਸੀਂ ਕਈ ਲੋਕਾਂ ਨੂੰ ਆਪਣੇ ਨਾਲੋਂ ਵੱਡਾ ਸਮਝਦੇ ਹਾਂ। ਅਸੀਂ ਇਹ ਧਾਰਣਾ ਬਣਾ ਲੈਂਦੇ ਹਾਂ ਕਿ ਉਨ੍ਹਾਂ ਕੋਲ ਕੁਝ ਅਜਿਹੇ ਅਧਿਕਾਰ ਹਨ ਜਿਹੜੇ ਅਸੀਂ ਕਦੇ ਵੀ ਹਾਸਿਲ ਨਹੀਂ ਕਰ ਸਕਾਂਗੇ। ਸ਼ਾਇਦ ਕਿਸੇ ਕੋਲ ਤੁਹਾਡੇ ਉੱਪਰ ਸੱਚਮੁੱਚ ਦਾ ਕੰਟਰੋਲ ਹੋਵੇ। ਫ਼ਿਰ ਵੀ, ਤੁਹਾਨੂੰ ਉਸ ਵਿਅਕਤੀ ਨੂੰ ਆਪਣੇ ਬਰਾਬਰ ਸਮਝਣਾ, ਅਤੇ ਖ਼ੁਦ ਦੇ ਫ਼ੈਸਲਿਆਂ ਨੂੰ ਚੁਣੌਤੀ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ!

ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਸਾਨੂੰ ਸਪਲਾਈ ਕਰਨ ਜਾਂ ਸਿਰਜਣ ਦੀ ਲੋੜ ਨਹੀਂ ਪੈਂਦੀ। ਇਹ ਕੁਦਰਤਨ ਹੀ ਬਹੁਤਾਤ ਵਿੱਚ ਸਾਨੂੰ ਮਿਲ ਜਾਂਦੀਆਂ ਹਨ। ਦਬਾਅ, ਉਦਾਹਰਣ ਦੇ ਤੌਰ ‘ਤੇ, ਖ਼ੁਦ-ਬ-ਖ਼ੁਦ ਪੈਦਾ ਹੁੰਦਾ ਹੈ ਅਤੇ ਖ਼ਤਮ ਹੋਣ ਉਪਰੰਤ ਫ਼ਿਰ ਖ਼ੁਦ ਹੀ ਆਪਣੇ ਆਪ ਨੂੰ ਮੁੜ ਭਰ ਲੈਂਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਸਾਡੇ ਕੋਲ ਕਿੰਨੀ ਜ਼ਿਆਦਾ ਮਾਤਰਾ ਵਿੱਚ ਹੈ ਕਿਉਂਕਿ ਅਸੀਂ ਹਮੇਸ਼ਾ ਇਸ ਨੂੰ ਹੋਰ ਸਹੇੜ ਸਕਦੇ ਹਾਂ। ਇਸ ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਸਾਡੇ ਕੋਲ ਕਿੰਨਾ ਘੱਟ ਹੈ ਕਿਉਂਕਿ ਇਹ ਨਿਸ਼ਚਿਤ ਹੈ ਕਿ ਬਹੁਤਾ ਸਮਾਂ ਲੰਘਣ ਤੋਂ ਪਹਿਲਾਂ ਕੁਝ ਹੋਰ ਸਾਡੇ ਵੱਲ ਆ ਹੀ ਜਾਵੇਗਾ। ਸਭਨਾਂ ਵਾਂਗ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੀ ਜ਼ਿਆਦਾ ਮਾਤਰਾ ਵਿੱਚ ‘ਗਤੀਸ਼ੀਲ ਤਨਾਅ’ (ਘਟਦਾ-ਵਧਦਾ) ਮੌਜੂਦ ਹੈ। ਪੂਰੀ ਕੋਸ਼ਿਸ਼ ਕਰੋ ਕਿ ਤੁਹਾਡੇ ਵਲੋਂ ਇਸ ਵਿੱਚ ਹੋਰ ਵਾਧਾ (ਇਜ਼ਾਫ਼ਾ) ਨਾ ਕੀਤਾ ਜਾਵੇ! ਤੁਸੀਂ ਇਸ ਵੇਲੇ ਇੱਕ ਅਜਿਹੀ ਯਾਤਰਾ ‘ਤੇ ਹੋ ਜਿਹੜੀ ਆਹਿਸਤਾ ਆਹਿਸਤਾ ਤੁਹਾਨੂੰ ਪੇਚੀਦਾ ਖੇਤਰ ਵਿੱਚੋਂ ਕੱਢ ਕੇ ਲਾਹੇਵੰਦ ਜ਼ਮੀਨ ‘ਤੇ ਲੈ ਜਾਵੇਗੀ। ਇਸ ਦੌਰਾਨ ਬਹੁਤੀ ਚਿੰਤਾ ਨਾ ਕਰੋ ਅਤੇ ਤਨਾਅ ਮੁਕਤ ਹੋਣ ਦੀ ਕੋਸ਼ਿਸ਼ ਕਰੋ।

ਕੰਪਿਊਟਰਾਂ ਤੋਂ ਪਹਿਲਾਂ ਦੇ ਦਿਨਾਂ ਵਿੱਚ ਹਰ ਦਫ਼ਤਰ ਦੇ ਡੈੱਸਕ ‘ਤੇ ਤਿੰਨ ਤਰ੍ਹਾਂ ਦੀਆਂ ਟਰੇਆਂ ਪਈਆਂ ਹੁੰਦੀਆਂ ਸਨ: ਇੱਕ ਟਰੇਅ ਦਫ਼ਤਰ ਨੂੰ ਵਸੂਲ ਹੋਣ ਵਾਲੀਆਂ ਫ਼ਾਈਲਾਂ ਦੀ ਹੁੰਦੀ ਸੀ; ਦੂਸਰੀ ਦਫ਼ਤਰੋਂ ਬਾਹਰ ਭੇਜੀਆਂ ਜਾਣ ਵਾਲੀਆਂ ਦੀ; ਅਤੇ ਤੀਜੀ ਪੈਂਡਿੰਗ ਫ਼ਾਈਲਾਂ ਦੀ, ਉਹ ਜਿਨ੍ਹਾਂ ‘ਤੇ ਹਾਲੇ ਕੰਮ ਹੋਣਾ ਬਾਕੀ ਹੁੰਦਾ ਸੀ। ਖ਼ੈਰ, ਤੁਹਾਡੀ ਭਾਵਨਾਤਮਕ ਪੈਂਡਿੰਗ ਫ਼ਾਈਲ ਵਿੱਚ ਇਸ ਵਕਤ ਕੀ ਪਿਐ? ਤੁਸੀਂ ਕਿਸ ਕੰਮ ਨੂੰ ਪਿੱਛੇ ਪਾਈ ਜਾ ਰਹੇ ਹੋ? ਉਹ ਕਿਹੜੀ ਜਗ੍ਹਾ ਹੈ ਜਿੱਥੇ ਤੁਹਾਨੂੰ ਲੱਗਦੈ ਕਿ ਓਦੋਂ ਤਕ ਕੋਈ ਐਕਸ਼ਨ ਨਹੀਂ ਲਿਆ ਜਾ ਸਕਦਾ ਜਦੋਂ ਤਕ ਕੁਝ ਹੋਰ ਨਹੀਂ ਵਾਪਰ ਜਾਂਦਾ? ਉਹ ਕੀ ਹੈ ਜਿਸ ਨਾਲ ਨਿੱਬੜਨਾ ਤੁਸੀਂ ਪਸੰਦ ਨਹੀਂ ਕਰ ਰਹੇ ਕਿਉਂਕਿ ਉਹ ਬਹੁਤ ਮੁਸ਼ਕਿਲ ਹੈ? ਬਹਾਦਰ ਬਣੋ। ਮਸਲੇ ਨੂੰ ਹੱਲ ਕਰੋ। ਜੇਕਰ ਤੁਹਾਨੂੰ ਕੋਈ ਹੱਲ ਨਹੀਂ ਵੀ ਦਿਖਾਈ ਦੇ ਰਿਹਾ, ਘੱਟੋਘੱਟ ਇਸ ਤੱਥ ਤੋਂ ਤਾਂ ਸਭ ਨੂੰ ਜਾਣੂ ਕਰਾ ਦਿਓ ਕਿ ਇਸ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ। ਇਹ ਤਸਦੀਕ, ਦਰਅਸਲ, ਜਾਦੂ ਵਾਂਗ ਕੰਮ ਕਰੇਗੀ।

ਕੁਝ ਅਜਿਹੇ ਭੇਦ ਹੁੰਦੇ ਹਨ ਜਿਨ੍ਹਾਂ ਦਾ ਲੁਕਿਆ ਰਹਿਣਾ ਹੀ ਬਿਹਤਰ ਹੁੰਦੈ। ਤੁਹਾਨੂੰ ਦੋ ਚੀਜ਼ਾਂ ਵਿੱਚ ਫ਼ਰਕ ਕਰਨਾ ਪੈਣੈ ਕਿ ਤੁਹਾਨੂੰ ਸੱਚਮੁੱਚ ਕੀ ਜਾਣਨ ਦੀ ਲੋੜ ਹੈ … ਅਤੇ ਉਹ ਕੀ ਹੈ ਜਿਸ ਬਾਰੇ ਜਾਣਨ ਲਈ ਤੁਸੀਂ ਕੇਵਲ ਉਤਸੁਕ ਹੋ। ਤੁਹਾਨੂੰ ਪਤਾ ਹੀ ਹੈ ਕਿ ਉਤਸੁਕਤਾ ਨੇ ਤਾਂ ਕਹਾਣੀਆਂ ਵਿਚਲੀ ਉਸ ਮਸ਼ਹੂਰ ਬਿੱਲੀ ਦੀ ਵੀ ਜਾਨ ਲੈ ਲਈ ਸੀ ਜਿਹੜੀ ਡੱਬੇ ‘ਚੋਂ ਬਾਹਰ ਨਿਕਲ ਕੇ ਦੇਖਣਾ ਚਾਹੁੰਦੀ ਸੀ ਕਿ ਬਾਹਰ ਕੀ ਹੈ। ਖ਼ੈਰ, ਤੁਹਾਡੀ ਉਤਸੁਕਤਾ ਦਾ ਤੁਹਾਡੇ ਉੱਤੇ ਇੰਨਾ ਭੈੜਾ ਪ੍ਰਭਾਵ ਤਾਂ ਨਹੀਂ ਪੈਣ ਲੱਗਾ, ਪਰ ਇਹ ਉਸ ਦੇ ਆਲੇ-ਦੁਆਲੇ ਪਸਰੇ ਸਾਰੇ ਜਾਦੂ ਅਤੇ ਰੋਮਾਂਚ ਨੂੰ ਜ਼ਰੂਰ ਖ਼ਤਮ ਕਰ ਦੇਵੇਗੀ ਜਿਹੜਾ ਇਸ ਵਕਤ ਇੱਕ ਗੁੰਝਲਦਾਰ ਪਰ ਖ਼ੁਸ਼ਗਵਾਰ ਬੁਝਾਰਤ ਬਣਿਆ ਹੋਇਐ। ਤੁਹਾਡੀ ਭਾਵਨਾਤਮਕ ਜ਼ਿੰਦਗੀ ਵਿੱਚ ਉਨ੍ਹਾਂ ਸਵਾਲਾਂ ਨੂੰ ਹੀ ਪੁੱਛਣ ਵਿੱਚ ਤੁਹਾਡਾ ਫ਼ਾਇਦੈ ਜਿਨ੍ਹਾਂ ਦੇ ਜਵਾਬ ਤੁਹਾਨੂੰ ਸੱਚਮੁੱਚ ਦਰਕਾਰ ਹਨ।