ਯਾਦਾਂ ਦਾ ਝਰੋਖਾ – 27

ਡਾ. ਕੇਵਲ ਅਰੋੜਾ (94176 95299)
ਮੇਲਾ ਮੁਕਤਸਰ ਦਾ
ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ‘ਚ ਬਹੁਤ ਪੁਰਾਣਾ ਲੱਗਦਾ ਹੈ, ਮੇਰੀ ਸੁਰਤ ‘ਚ ਸਾਡੇ ਪਿੰਡਾਂ ਦੇ ਲੋਕ ਇਸ ਮੇਲੇ ਦੀ ਉਡੀਕ ਕਰਦੇ ਰਹਿੰਦੇ ਸਨ। ਮੇਲਾ ਵੇਖਣ ਦੇ ਲਾਲਚ ਕਾਰਨ ਆਪਣੇ ਕੰਮ-ਕਾਰ ਦੀ ਵਿਉਂਤ ਪਹਿਲਾਂ ਹੀ ਬਣਾ ਲੈਂਦੇ ਸਨ। ਸੀਰੀ ਸਾਂਝੀ ਵੀ ਕੰਮ-ਕਾਜ ਕਰ ਕੇ ਸੀਰ ‘ਤੇ ਲੱਗਦੇ ਸੀ ਕਿ ਪੰਜ ਛੁੱਟੀਆਂ ਮੇਲੇ ਦੀਆਂ ਕਰੋਂਗੇ ਤਾਂ ਸੀਰ ਪੱਕੈ। ਓਦੋਂ ਖੇਤੀ ਵੀ ਬਹੁਤੀ ਨਹੀਂ ਸੀ ਹੁੰਦੀ ਬੇਸ਼ੱਕ ਲੋਕ ਬਲਦਾਂ ਅਤੇ ਊਠਾਂ ਨਾਲ ਵਾਹੀ ਕਰਦੇ ਸਨ। ਟਾਂਵੇ-ਟਾਂਵੇ ਟਿਊਬਵੈੱਲ ਸਨ ਓਦੋਂ। ਦੋ ਤਿੰਨ ਖੂਹ ਸਾਰੇ ਪਿੰਡ ‘ਚ ਤਏ ਬਹੁਤੀ ਖੇਤੀ ਬਰਾਨੀ ਹੀ ਹੁੰਦੀ। ਕਣਕ ਅਤੇ ਛੋਲੇ ਇਕੱਠੇ ਬੀਜੇ ਜਾਂਦੇ ਜੋ ਪਿੜ ‘ਚ ਗਾਹ ਕੇ ਛਾਨਣੇ ਨਾਲ ਅੱਡੋ-ਅੱਡ ਕਰ ਲੈਣੇ। ਬਹੁਤੀ ਖੇਤੀ ਸਾਂਵੀਂ ਭਾਵ ਇੱਕੋ ਫ਼ਸਲ ਵਾਲੀ ਸੀ। ਮੁਕਤਸਰ ਦੇ ਨੇੜਲੇ ਪਿੰਡਾਂ ‘ਚ ਰਿਸ਼ਤੇਦਾਰਾਂ ਨੇ ਆ ਠਹਿਰਣਾ, ਕਈ ਕਈ ਦਿਨ ਲਾ ਜਾਣੇ, ਲੋਕਾਂ ਨੇ ਖ਼ੁਸ਼ੀ ਖ਼ੁਸ਼ੀ ਰੱਖਣੇ ਤੇ ਖ਼ੂਬ ਸੇਵਾ ਕਰਨੀ। ਮਾਨ ਸਿੰਘ ਵਾਲੇ ਤੋਂ ਸਾਡਾ ਪਰਿਵਾਰ ਵੀ ਮੇਲਾ ਵੇਖਣ ਜਾਂਦਾ ਸੀ, ਪਰ ਅਸੀਂ ਆਮ ਤੌਰ ‘ਤੇ ਸੱਤ ਅੱਠ ਮਾਘ ਨੂੰ ਜਾਂਦੇ। ਓਦੋਂ ਸਰਕਸ ਦੀ ਬਹੁਤ ਖਿੱਚ ਹੁੰਦੀ ਸੀ। ਸਿਆਣੇ, ਸੁਲਝੇ ਅਤੇ ਧਾਰਮਿਕ ਬੰਦੇ ਸੁਭ੍ਹਾ ਚਾਰ ਵਜੇ ਹੀ ਸਰੋਵਰ ‘ਚੋਂ ਟੁੱਭੀ ਲਾ ਕੇ ਪਿੰਡ ਨੂੰ ਮੁੜ ਪੈਂਦੇ ਸਨ। ਉਹ ਮੇਲੇ ‘ਚ ਹੁੰਦੇ ਨਾਚ ਗਾਣੇ, ਰੌਣਕਾਂ ਜਾਂ ਹੋ ਰਹੀ ਖ਼ਰੀਦੋ ਫ਼ਰੋਖ਼ਤ ਨਾਲ ਕੋਈ ਵਾਹ-ਵਾਸਤਾ ਨਾ ਰੱਖਦੇ। ਰਾਗੀ, ਢਾਡੀ ਅਤੇ ਕਵੀਸ਼ਰ ਮੇਲੇ ਨੂੰ ਧਾਰਮਿਕ ਰੰਗ ਪ੍ਰਦਾਨ ਕਰਦੇ, ਜੋ ਉਹ ਅਜ ਵੀ ਕਰਦੇ ਹਨ, ਅਤੇ ਇਤਹਾਸ ਨਾਲ ਜੋੜਦੇ। ਕੁੱਝ ਲੋਕੀਂ ਟੁੱਟੀ ਗੰਢੀ ਗੁਰੂਦੁਆਰਾ ਸਾਹਿਬ ਤੋਂ ਹੀ ਮੁੜ ਆਉਂਦੇ ਅਤੇ ਕੁੱਝ ਸਾਰੇ ਗੁਰੂਦੁਆਰਿਆਂ ਦੇ ਦਰਸ਼ਨ ਕਰ ਕੇ ਆਉਂਦੇ। ਭਾਈ ਮਹਾਂ ਸਿੰਘ ਅਤੇ ਚਾਲੀ ਸਿੰਘਾਂ ਦਾ ਮੁਗ਼ਲਾਂ ਨਾਲ ਲੜਦੇ ਸ਼ਹੀਦ ਹੋਣਾ, ਗੁਰੂ ਗੋਬਿੰਦ ਸਿੰਘ ਦੁਆਰਾ ਜ਼ਖ਼ਮੀ ਹੋਏ ਭਾਈ ਮਹਾਂ ਸਿੰਘ ਨੂੰ ਬੁੱਕਲ਼ ‘ਚ ਲੈ ਕੇ ਬੇਦਾਵਾ ਪਾੜਨਾ, ਇੱਥੋਂ ਦੀ ਮੁੱਖ ਘਟਣਾ ਹੈ ਇਹ, ਅਤੇ ਓਦੋਂ ਇਸ ਨੂੰ ਖਿਦਰਾਣੇ ਦੀ ਢਾਬ ਨਾਲ ਜਾਣਿਆਂ ਜਾਂਦਾ ਸੀ।
ਜਦੋਂ ਸ੍ਰੀ ਮੁਕਤਸਰ ‘ਚ ਸਾਡੇ ਕੌਮੀ ਪਸ਼ੂ-ਧਨ ਮੁਕਾਬਲੇ ਹੋਏ ਤਾਂ ਮੈਨੂੰ ਇਸ ਸੰਬੰਧੀ ਲਿਖੀਆਂ ਸਤਰਾਂ ਯਾਦ ਆ ਗਈਆਂ: ਇੱਥੇ ਗੁਰੂ ਗੋਬਿੰਦ ਸਿੰਘ ਆਏ ਸੀ, ਵੈਰੀ ‘ਤੇ ਤੀਰ ਵਰ੍ਹਾਏ ਸੀ। ਸਿੰਘ ਰੁੱਸੇ ਵਾਪਿਸ ਆਏ ਸੀ। ਜਦੋਂ ਟੁੱਟੀ ਗੰਢੀ ਗੁਰ ਦਸਵੇਂ ਅਤੇ ਮਹਾਂ ਸਿੰਘ ਨਿਮਾਣੇ ਦੀ। ਓਦੋਂ ਮੁਕਤਸਰ ‘ਚ ਬਦਲ ਗਈ, ਧਰਤੀ ਖਿਦਰਾਣੇ ਦੀ। ਇਹ ਪਸ਼ੂ-ਧਨ ਮੇਲਾ ਮਾਘੀ ਦੇ ਮੇਲੇ ਤੋਂ ਚਾਰ ਪੰਜ ਦਿਨ ਪਹਿਲਾਂ ਹੀ ਸ਼ੁਰੂ ਹੁੰਦਾ ਜਿਸ ਨਾਲ ਇਸ ਦੀਆਂ ਰੌਣਕਾਂ ਹੋਰ ਵੱਧ ਜਾਂਦੀਆਂ। ਸੋਹਣੇ ਸੁਨੱਖੇ ਜਾਨਵਰਾਂ ਦੀ ਖਿੱਚ ਜਿਵੇਂ ਅੰਬਰਾਂ ਤੋਂ ਉਤਰ ਕੇ ਧਰਤ ‘ਤੇ ਆਏ ਹੋਣ। ਮੇਲੇ ‘ਚ ਹੁੰਦੇ ਕਈ ਸਟੇਟਾਂ ਦੇ ਲੋਕ ਨਾਚ ਪਹੁੰਚੇ ਦਰਸ਼ਕਾਂ ਦਾ ਮਨੋਰੰਜਨ ਕਰਦੇ।
ਮਾਘੀ ਮੇਲੇ ‘ਤੇ ਬਾਹਰੋਂ ਆ ਕੇ ਇੱਕ ਬਹੁਤ ਵੱਡਾ ਬਾਜ਼ਾਰ ਵੀ ਲੱਗਦਾ ਜੋ ਸ਼ਹਿਰ ਦੇ ਬਾਜ਼ਾਰ ਨੂੰ ਫ਼ਿੱਕਾ ਲੱਗਣ ਲਾ ਦਿੰਦਾ। ਖਜਲਾ ਮਿੱਠਆਈ ਦੀਆਂ ਬਹੁਤ ਸਾਰੀਆਂ ਦੁਕਾਨਾਂ ਲੱਗਦੀਆਂ, ਨਿਰੀ ਖੰਡ ਪਰ ਬਹੁਤ ਆਕਰਸ਼ਕ, ਲੋਕ ਸੈਂਕੜੇ ਕੁਇੰਟਲ ਪਤਾ ਨਹੀਂ ਕਿਵੇਂ ਖਾ ਜਾਂਦੇ ਸਨ। ਵਣਜਾਰੇ, ਖਿਡੌਣਿਆਂ ਵਾਲੇ ਅਤੇ ਹੋਰ ਬਹੁਤ ਕੁੱਝ ਬਾਜ਼ਾਰ ਦੀ ਸ਼ੋਭਾ ਹੁੰਦੇ।
ਮਾਘੀ ਵਾਲੇ ਦਿਨ ਰਾਜਨੀਤਕ ਕਾਨਫ਼ਰੰਸਾਂ ਹੁੰਦੀਆਂ, ਪਿੰਡਾਂ ਦੇ ਮੋਹਤਬਰ ਬੰਦੇ ਇਹਨਾਂ ‘ਚ ਸ਼ਾਮਿਲ ਹੁੰਦੇ। ਪਿੰਡ ਵਾਪਿਸ ਆਇਆਂ ਨੂੰ ਲੋਕਾਂ ਨੇ ਪੁੱਛਣਾ: ਕੀ ਬੋਲ ਗਏ ਤੁਹਾਡੇ ਲੀਡਰ? ਅਕਾਲੀ ਦਲ ਦੀ ਕਾਨਫ਼ਰੰਸ ‘ਚ ਬਹੁਤ ਭੀੜ ਹੰਦੀ। ਪ੍ਰਕਾਸ਼ ਸਿੰਘ ਬਾਦਲ ਦਾ ਅਪਣਾ ਇਲਾਕਾ ਹੋਣ ਕਰ ਕੇ ਲੋਕ ਉਨ੍ਹਾਂ ਨੂੰ ਧਿਆਨ ਨਾਲ ਸੁਣਦੇ। ਸੱਚੀ ਗੱਲ ਇਹ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਦਾ ਬਜਟ ਜਿਵੇਂ ਮਾਘੀ ਮੇਲੇ ਦੀ ਸਟੇਜ ‘ਤੇ ਹੀ ਐਨਾਊਂਸ ਹੋ ਜਾਂਦਾ … ਬਾਕੀ ਸੱਤਰਵਿਆਂ ‘ਚ ਜਿਵੇਂ ਕਹਿੰਦੇ ਉਵੇਂ ਕਰ ਕੇ ਵੀ ਵਿਖਾਉਂਦੇ … ਭਾਈ ਪਰਿਵਾਰ ਦਾ ਰਸੂਖ਼ ਵੀ ਕਾਫ਼ੀ ਅੱਛਾ ਸੀ। ਸਰਦਾਰ ਹਰਚਰਨ ਸਿੰਘ ਬਰਾੜ ਦਾ ਇਲਾਕੇ ਦੇ ਵੱਡੇ ਬੰਦਿਆਂ ਨਾਲ ਕਾਫ਼ੀ ਮੇਲ਼-ਜੋਲ ਸੀ, ਅਤੇ ਉਹਨਾਂ ਦੇ ਕਹਿਣੇ ‘ਚ ਗ਼ਰੀਬ ਲੋਕ, ਸੋ ਇਸ ਤਰ੍ਹਾਂ ਉਹਨਾਂ ਦੀ ਰਾਜਸੀ ਪਕੜ ਵੀ ਮਜ਼ਬੂਤ ਸੀ। ਹਰਚੰਦ ਸਿੰਘ ਫ਼ੱਤਣ ਵਾਲਾ ਨੇ ਜਦੋਂ ਬਾਜ਼ੀ ਮਾਰੀ ਤਾਂ ਲੋਕ ਹੈਰਾਨ ਰਹਿ ਗਏ … ਓਦੋਂ ਵੋਟਾਂ ਦੀ ਵੇਚ ਖ਼ਰੀਦ ਨਹੀਂ ਸੀ ਹੁੰਦੀ। ਫ਼ੱਤਣ ਵਾਲੇ ਸਰਦਾਰਾਂ, ਡਾਕਟਰ ਕੇਹਰ ਸਿੰਘ ਦਾ ਪਰਿਵਾਰ, ਮਹਾਸ਼ਾ ਪਰਿਵਾਰ, ਸਰਦਾਰ ਮਿੱਤ ਸਿੰਘ ਬਰਾੜ, ਜੋ ਮੁਕਤਸਰ ਕਮੇਟੀ ਦੇ ਪ੍ਰਧਾਨ ਵੀ ਰਹੇ, ਅਪਣੀ ਪਹਿਚਾਣ ਮੁਕਤਸਰ ਨਾਲ ਜੋੜ ਗਏ।
ਓਦੋਂ ਲੋਕ ਛੋਟੇ ਮੋਟੇ ਸਾਂਝੇ ਲਾਲਚ ‘ਚ ਹੀ ਵੋਟਾਂ ਪਾ ਦਿੰਦੇ ਸਨ। ਹੌਲੀ ਹੌਲੀ ਇਹ ਬਜਟ ਕਰੋੜਾਂ ‘ਚ ਪੁੱਜ ਗਿਆ। ਮੈਂ ਅੱਜ ਵੀ ਸੋਚਦਾ ਹਾਂ ਕਿ ਨੋਟਬੰਦੀ ਵੇਲੇ ਸਾਡੇ ਦੇਸ਼ ਦੇ ਨੇਤਾਵਾਂ ਨੇ ਨੋਟਾਂ ਦਾ ਜੁਗਾੜ ਪਤਾ ਨਹੀਂ ਕਿੱਥੋਂ ਅਤੇ ਕਿਵੇਂ ਕੀਤਾ ਹੋਣੈ ਜਦੋਂ ਕਿ ਮੇਰੇ ਵਰਗੇ ਨੂੰ 2-4 ਪੰਜ ਸੌ ਦੇ ਨੋਟ ਬੜੀ ਮੁਸ਼ਕਿਲ ਨਾਲ ਨਸੀਬ ਹੁੰਦੇ ਸਨ। ਚਲੋ ਇਹ ਮੇਰਾ ਵਿਸ਼ਾ ਨਹੀਂ … ਮਾਘੀ ਮੇਲੇ ਚੱਲਦੇ ਹਾਂ। ਨਿਹੰਗ ਸਿੰਘਾਂ ਦੀਆਂ ਸ਼ਸਤਰਾਂ ਨਾਲ ਲੈਸ ਵਹੀਰਾਂ ਮੇਲੇ ਨੂੰ ਇੱਕ ਵੱਖਰੀ ਦਿੱਖ ਪ੍ਰਦਾਨ ਕਰਦੀਆਂ ਜਿਸ ਨਾਲ ਪੁਰਾਣੇ ਸਮਿਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਧਰ ਲੰਮੀ ਪਿੰਡ ਦੇ ਨਾਲ ਘੋੜਿਆਂ ਵਾਲੇ ਅਪਣਾ ਸੰਸਾਰ ਵਸਾ ਕੇ ਬਹਿ ਜਾਂਦੇ ਨੇ, ਇੱਥੇ ਘੋੜਿਆਂ ਅਤੇ ਖੱਚਰਾਂ ਦਾ ਵਪਾਰ ਵੀ ਚੰਗਾ ਹੁੰਦਾ ਹੈ। ਪਰ ਜੋ ਪਰਾਹੁਣਚਾਰੀ ਘੋੜਿਆਂ ਵਾਲੇ ਕਰਦੇ ਨੇ ਕਦੇ, ਭੁਲਾਈ ਨਹੀਂ ਜਾ ਸਕਦੀ। ਇਹ ਵੀ ਮਾਘੀ ਮੇਲੇ ਦਾ ਇੱਕ ਅਨਿੱਖੜਵਾਂ ਅੰਗ ਹਨ। ਜੰਗਲ ‘ਚ ਮੰਗਲ। ਪਹਿਲਾਂ ਇਹ ਮੇਲਾ ਗਰਮੀ ‘ਚ ਲੱਗਦਾ ਸੀ, ਓਦੋਂ ਜ਼ਿਆਦਾ ਗਰਮੀ ਪਾਣੀ ਦੀ ਕਮੀ ਅਤੇ ਸੀਮਿਤ ਸਾਧਨਾਂ ਕਰ ਕੇ ਇਸ ਨੂੰ ਮਾਘੀ ਦਾ ਮੇਲਾ ਬਣਾ ਦਿੱਤਾ ਗਿਆ। ਮਾਘੀ ਦੇ ਇਸ਼ਨਾਨ ਦਾ ਪੁਰਾਤਣ ਸਮੇਂ ਤੋਂ ਹੀ ਬਹੁਤ ਮਹੱਤਵ ਹੈ। ਭਾਈ ਮਹਾਂ ਸਿੰਘ ਅਤੇ ਬਾਕੀ ਸ਼ਹੀਦ ਸਿੰਘਾਂ ਦਾ ਪਿਛੋਕੜ ਮਾਝੇ ਦਾ ਹੋਣ ਕਰਕੇ ਮਾਝੇ ਤੋਂ ਬਹੁਤ ਸਾਰੀ ਸੰਗਤ ਇਸ ਮੇਲੇ ‘ਚ ਆਉਂਦੀ ਹੈ।
ਅੱਜ ਦੇ ਇਸ ਪਦਾਰਥਵਾਦੀ ਯੁਗ ਨੇ ਇਸ ਮੇਲੇ ਦੀ ਰੌਣਕ ਬੇਸ਼ੱਕ ਬਹੁਤ ਵਧਾ ਦਿੱਤੀ ਹੈ, ਚੰਗਾ ਪੈਸਾ ਸਰਕਾਰ ਅਤੇ ਵਿਓਪਾਰ ‘ਚ ਆ ਜਾਂਦਾ ਹੈ, ਪਰ ਪੁਰਾਣੇ ਸਮੇਂ ਦੀ ਧਾਰਮਿਕ ਆਸਥਾ ਅਤੇ ਰਾਜਨੀਤਿਕ ਦ੍ਰਿਸ਼ਟੀ ਗਾਇਬ ਹੋ ਗਈ ਹੈ। ਮੇਲਿਆਂ ਤੋਂ ਬਿਨਾ ਸਾਡਾ ਸਭਿਆਚਾਰ ਅਧੂਰਾ ਹੈ, ਦੁਆ ਕਰੀਏ ਕਿ ਇਹ ਮੇਲੇ ਸਾਡੀ ਸਧਰਤੀ ਦਾ ਸ਼ਿੰਗਾਰ ਬਣੇ ਰਹਿਣ!