ਵਾਹਗਾ ਸਰਹੱਦ ‘ਤੇ ਸ਼ੱਕੀ ਕਾਰ ਨੇ ਮਚਾਈ ਸਨਸਨੀ, ਤਿੰਨ ਕਸ਼ਮੀਰੀ ਨੌਜਵਾਨ ਗ੍ਰਿਫਤਾਰ

3ਅੰਮ੍ਰਿਤਸਰ : ਵਾਹਗਾ ਸਰਹੱਦ ‘ਤੇ ਇਕ ਵਾਰ ਫਿਰ ਇਕ ਸ਼ੱਕੀ ਕਾਰ ਨੇ ਉਸ ਸਮੇਂ ਸਨਸਨੀ ਮਚਾ ਦਿੱਤੀ, ਜਦੋਂ ਇਹ ਕਾਰ ਸ਼ਨੀਵਾਰ ਦੀ ਰਾਤ ਨੂੰ ਕੌਮਾਂਤਰੀ ਸਰਹੱਦ ਦੇ ਪਹਿਲੇ ਗੇਟ ਨਾਲ ਟਕਰਾ ਗਈ। ਇਸ ਤੋਂ ਬਾਅਦ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਕਾਰ ‘ਚ ਸਵਾਰ ਤਿੰਨ ਕਸ਼ਮੀਰੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਜਾਣਾ ਚਾਹੁੰਦੇ ਸਨ ਪਰ ਰਸਤਾ ਭਟਕ ਗਏ।
ਜਵਾਨਾਂ ਵਲੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਨੌਜਵਾਨਾਂ ਦੀ ਪਛਾਣ ਉਮਰ ਬਸੀ, ਸ਼ਹਿਜਾਦ ਅਹਿਮਦ ਅਤੇ ਸੋਹੇਬ ਨਸ਼ੀਰ ਦੇ ਤੌਰ ‘ਤੇ ਕੀਤੀ ਗਈ ਹੈ। ਇਨ੍ਹਾਂ ਤਿੰਨਾਂ ਕੋਲੋਂ ਕੋਈ ਸ਼ੱਕੀ ਸਮਾਨ ਬਰਾਮਦ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ 16 ਨਵੰਬਰ, 2015 ਨੂੰ ਵੀ ਸੁਰਿੰਦਰ ਸਿੰਘ ਨਾਂ ਦੇ ਇਕ ਵਿਅਕਤੀ ਨੇ ਪਾਕਿਸਤਾਨ ਜਾਣ ਦੇ ਇਰਾਦੇ ਨਾਲ ਦੋਹਾਂ ਦੇਸ਼ਾਂ ਦੀ ਕੌਮਾਂਤਰੀ ਸਰਹੱਦ ਦੇ ਗੇਟ ‘ਤੇ ਆਪਣੀ ਕਾਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਬੀ. ਐੱਸ. ਐੱਫ. ਨੇ ਸੁਰੱਖਿਆ ਅੱਗੇ ਨਾਲੋਂ ਵੀ ਜ਼ਿਆਦਾ ਮਜ਼ਬੂਤ ਕਰ ਦਿੱਤੀ।
ਇਸੇ ਸੁਰੱਖਿਆ ਅਧੀਨ ਜਦੋਂ ਉਕਤ ਨੌਜਵਾਨਾਂ ਦੀ ਕਾਰ ਗੇਟ ਨਾਲ ਟਕਰਾਈ ਤਾਂ ਸਾਇਰਨ ਵੱਜਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਜਵਾਨ ਚੌਕੰਨੇ ਹੋ ਗਏ ਅਤੇ ਕਾਰ ‘ਚ ਸਵਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਇਸ ਗੱਲ ਦੀ ਛਾਣਬੀਣ ਕੀਤੀ ਜਾ ਰਹੀ ਹੈ ਕਿ ਦਿੱਲੀ ਜਾਣ ਦੀ ਬਜਾਏ ਉਕਤ ਨੌਜਵਾਨ ਅੰਮ੍ਰਿਤਸਰ ਕਿਵੇਂ ਆ ਗਏ ਅਤੇ ਇੰਨੇ ਬੋਰਡ ਲੱਗੇ ਹੋਣ ਦੇ ਬਾਵਜੂਦ ਉਹ ਰਸਤਾ ਭਟਕਣ ਦੀ ਗੱਲ ਕਿਉਂ ਕਰ ਰਹੇ ਹਨ।