ਨਾਬਾਲਗ ਧੀ ਨਾਲ ਛੇੜਛਾੜ ਕਰਨ ਵਾਲਾ ਮਤਰੇਆ ਪਿਓ ਗ੍ਰਿਫ਼ਤਾਰ

ਲੁਧਿਆਣਾ : ਮਹਾਨਗਰ ਦੇ ਸਾਹਨੇਵਾਲ ਖੇਤਰ ਦੇ ਅਧੀਨ ਪੈਂਦੀ ਰਾਮਗੜ੍ਹ ਰੋਡ ਸਥਿਤ ਇੱਕ ਕਾਲੋਨੀ ‘ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਲਯੁਗੀ ਮਤਰੇਏ ਪਿਤਾ ਵੱਲੋਂ ਆਪਣੀ ਹੀ 17 ਸਾਲਾ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਨੀਅਤ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਕੁੜੀ ਦੀ ਸ਼ਿਕਾਇਤ ‘ਤੇ ਸਾਹਨੇਵਾਲ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਮਤਰੇਏ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਕੁੜੀ ਦੀ ਮਾਂ ਨੇ ਕਰੀਬ 14-15 ਸਾਲ ਪਹਿਲਾਂ ਮੁਲਜ਼ਮ ਅਰਵਿੰਦ ਸਿੰਘ ਨਾਲ ਦੂਜਾ ਵਿਆਹ ਕੀਤਾ ਸੀ। ਮੁਲਜ਼ਮ ਅਰਵਿੰਦ ਸਿੰਘ ਮੂਲ ਰੂਪ ‘ਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ ਦੇ ਪਿੰਡ ਖਜਨੀ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਡਰਾਈਵਰ ਹੈ । ਪਰਿਵਾਰ ਵਿੱਚ ਤਿੰਨ ਬੱਚੇ (ਇੱਕ ਲੜਕਾ ਅਤੇ ਦੋ ਲੜਕੀਆਂ) ਹਨ, ਜਿਨ੍ਹਾਂ ਵਿੱਚੋਂ ਪੀੜਤਾ ਸਭ ਤੋਂ ਵੱਡੀ ਹੈ ਅਤੇ ਉਹ 10ਵੀਂ ਜਮਾਤ ਵਿੱਚ ਪੜ੍ਹਦੀ ਹੈ।
ਪੀੜਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਲੰਘੀ 25 ਅਗਸਤ ਦੀ ਰਾਤ ਨੂੰ ਉਹ ਆਪਣੇ ਕਮਰੇ ਵਿੱਚ ਸੌਂ ਰਹੀ ਸੀ, ਜਦੋਂ ਕਿ ਉਸਦੀ ਮਾਂ ਨਾਲ ਲੱਗਦੇ ਦੂਜੇ ਕਮਰੇ ਵਿੱਚ ਸੁੱਤੀ ਹੋਈ ਸੀ। ਰਾਤ ਦੇ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ ਅਰਵਿੰਦ ਸਿੰਘ ਚੁੱਪਚਾਪ ਪੀੜਤਾ ਦੇ ਕਮਰੇ ਵਿੱਚ ਦਾਖ਼ਲ ਹੋ ਗਿਆ। ਮੁਲਜ਼ਮ ਨੇਨਾਬਾਲਗ ਨਾਲ ਜਬਰਦਸਤੀ ਗਲਤ ਤੇ ਅਸ਼ਲੀਲ ਹਰਕਤਾਂ ਕੀਤੀਆਂ।। ਘਬਰਾਈ ਅਤੇ ਸਹਿਮੀ ਹੋਈ ਕੁੜੀ ਨੇ ਕਿਸੇ ਤਰ੍ਹਾਂ ਹਿੰਮਤ ਜੁਟਾਈ ਅਤੇ ਮੁਲਜ਼ਮ ਦੇ ਚੁੰਗਲ ਵਿੱਚੋਂ ਬਚ ਕੇ ਨਾਲ ਦੇ ਕਮਰੇ ਵਿੱਚ ਜਾ ਕੇ ਆਪਣੀ ਮਾਂ ਨੂੰ ਰੋਂਦੇ ਹੋਏ ਸਾਰੀ ਆਪਬੀਤੀ ਸੁਣਾਈ। ਪੁਲਸ ਵੱਲੋਂ ਮਾਮਲਾ ਦਰਜ ਇਸ ਵਾਰਦਾਤ ਤੋਂ ਬਾਅਦ ਪੀੜਤਾ ਅਤੇ ਉਸਦੀ ਮਾਂ ਨੇ ਥਾਣੇ ਪਹੁੰਚ ਕੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਮੁਲਜ਼ਮ ਅਰਵਿੰਦ ਸਿੰਘ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।