ਬ੍ਰਾਜ਼ੀਲ- ਇਥੋਂ ਦੀ ਇੱਕ ਅਦਾਲਤ ਨੇ ਪਿਛਲੇ ਮਹੀਨੇ ਡੈਮ ਦੇ ਟੁੱਟਣ ਦੇ ਮਾਮਲੇ ‘ਚ ਅੰਤਰਰਾਸ਼ਟਰੀ ਖਨਨ ਕੰਪਨੀਆਂ ਬੀ. ਐੱਚ. ਪੀ. ਬਿਲੀਟਨ ਅਤੇ ਵੇਲ ਦੀਆਂ ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ ਹੈ। ਦੱਖਣ ਪੂਰਵੀ ਰਾਜ ਮਿਨਾਸ ਗੇਰੇਸ ‘ਚ ਸਥਿਤ ਡੈਮ ਦੇ ਟੁੱਟਣ ਨਾਲ ਘੱਟੋ-ਘੱਟ 17 ਲੋਕਾਂ ਦੀ ਮੌਤ ਹੋਈ ਸੀ। ਨਦੀਆਂ ‘ਚ ਪ੍ਰਦੂਸ਼ਣ ਫੈਲ ਗਿਆ ਸੀ ਅਤੇ ਵੱਡੇ ਇਲਾਕੇ ‘ਚ ਖੇਤੀ ਤਬਾਹ ਹੋ ਗਈ ਸੀ। ਇਸ ਡੈਮ ਦਾ ਮਾਲਿਕਾਨਾ ਹੱਕ ਸਮਾਰਕੋ ਦੇ ਕੋਲ ਸੀ ਜੋ ਬ੍ਰਿਟੇਨ ਅਤੇ ਆਸਟਰੇਲੀਆ ਦੀ ਬੀ. ਐੱਚ. ਪੀ. ਬਿਲੀਟਨ ਅਤੇ ਬ੍ਰਾਜ਼ੀਲ ਦੀ ਵੇਲ ਦਾ ਸਾਂਝਾ ਉਦਮ ਹੈ। ਅਨੁਮਾਨ ਦੇ ਮੁਤਾਬਕ ਡੈਮ ਦੇ ਟੁੱਟਣ ਦੇ ਬਾਅਦ ਬ੍ਰਾਜ਼ੀਲ ਦੀ ਸਰਕਾਰ ਕਰੀਬ 5.2 ਅਰਬ ਡਾਲਰ ਦੇ ਨੁਕਸਾਨ ਦੀ ਭਰਪਾਈ ਚਾਹੁੰਦੀ ਹੈ, ਪਰ ਅਦਾਲਤ ਨੇ ਕਿਹਾ ਕਿ ਸਮਾਰਕੋ ਦੇ ਕੋਲ ਇਸਦੀ ਭਰਪਾਈ ਲਈ ਲੋੜੀਂਦੇ ਸੰਸਾਧਨ ਨਹੀਂ ਹਨ।
ਅਦਾਲਤ ਨੇ ਨਾਲ ਹੀ ਕਿਹਾ ਕਿ ਦੋਹਾਂ ਕੰਪਨੀਆਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ, ਨਹੀਂ ਤਾਂ ਉਨ੍ਹਾਂ ‘ਤੇ ਰੋਜ਼ਾਨਾ 3.8 ਕਰੋੜ ਡਾਲਰ ਦਾ ਜੁਰਮਾਨਾ ਲੱਗੇਗਾ। ਇਹ ਫੈਸਲਾ ਸ਼ੁੱਕਰਵਾਰ ਨੂੰ ਆਇਆ, ਪਰ ਬੀ. ਐੱਚ. ਪੀ . ਬਿਲੀਟਨ ਅਤੇ ਵੇਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਧਿਕਾਰਿਕ ਤੌਰ ‘ਤੇ ਇਸ ਦੀ ਜਾਣਕਾਰੀ ਨਹੀਂ ਮਿਲੀ ਹੈ। ਡੈਮ ‘ਚ ਕੱਚਾ ਲੋਹਾ ਖਨਨ ਦੇ ਗੰਦੇ ਪਾਣੀ ਨੂੰ ਰੋਕਿਆ ਜਾਂਦਾ ਸੀ ਅਤੇ ਇਹ ਪੰਜ ਨਵੰਬਰ ਨੂੰ ਟੁੱਟ ਗਿਆ ਸੀ।
ਇਸ ਘਟਨਾ ਦੇ ਇੱਕ ਹਫ਼ਤੇ ਬਾਅਦ ਸਮਾਰਕੋ ਦਾ ਖਨਨ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਸੀ। ਕੰਪਨੀ ਨੇ ਪੀੜਤਾਂ ਨੂੰ 26 ਕਰੋੜ ਡਾਲਰ ਦਾ ਤੱਤਕਾਲ ਮੁਆਵਜ਼ਾ ਦੇਣ ‘ਤੇ ਵੀ ਸਹਿਮਤੀ ਜਤਾਈ ਸੀ।















