ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਓਲੰਪਿਕ ਵਿੱਚ ਭਾਰਤ ਦਾ ਪ੍ਰਦਰਸ਼ਨ ਤਾਂ ਹੀ ਸੁਧਰ ਸਕਦਾ ਹੈ ਜੇਕਰ ਦੇਸ਼ ਉਨ੍ਹਾਂ ਖੇਡਾਂ ਵਿੱਚ ਆਪਣੀ ਭਾਗੀਦਾਰੀ ਵਧਾਏ, ਜਿਨ੍ਹਾਂ ਵਿੱਚ ਇਸਨੇ ਪਹਿਲਾਂ ਕਦੇ ਹਿੱਸਾ ਨਹੀਂ ਲਿਆ। ‘ਖੇਲੋ ਇੰਡੀਆ ਡਾਇਲਾਗ’ ਲਈ ਵੱਖ-ਵੱਖ ਥਾਵਾਂ ‘ਤੇ ਇਕੱਠੇ ਹੋਏ ਸੈਂਕੜੇ ਖਿਡਾਰੀਆਂ, ਵਿਦਿਆਰਥੀਆਂ ਅਤੇ ਵਲੰਟੀਅਰਾਂ ਨੂੰ ਵਰਚੁਅਲੀ ਸੰਬੋਧਨ ਕਰਦੇ ਪੀਐੱਮ ਮੋਦੀ ਨੇ ਕਿਹਾ ਕਿ ਖੇਡਾਂ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਿਰਫ਼ ਤਗਮੇ ਜਿੱਤਣ ਤੱਕ ਸੀਮਤ ਨਹੀਂ ਹੈ, ਸਗੋਂ ਖੇਡਾਂ ਨੂੰ ਰਾਸ਼ਟਰ ਨਿਰਮਾਣ ਪ੍ਰਕਿਰਿਆ ਦਾ ਅਨਿੱਖੜਵਾਂ ਅੰਗ ਬਣਾਉਣਾ ਹੈ।
ਮੋਦੀ ਨੇ ਕਿਹਾ, “ਓਲੰਪਿਕ ਵਿੱਚ ਬਹੁਤ ਸਾਰੀਆਂ ਵੱਖ-ਵੱਖ ਖੇਡਾਂ ਹਨ… ਭਾਰਤੀ ਟੀਮਾਂ ਉਨ੍ਹਾਂ ਵਿੱਚੋਂ ਅੱਧੀਆਂ ਵਿੱਚ ਵੀ ਹਿੱਸਾ ਨਹੀਂ ਲੈਂਦੀਆਂ।” ਉਨ੍ਹਾਂ ਨੇ ਇਸਨੂੰ “ਕੌੜੀ ਸੱਚਾਈ” ਕਿਹਾ। ਭਾਰਤ ਨੇ 2024 ਪੈਰਿਸ ਓਲੰਪਿਕ ਲਈ ਸੂਚੀਬੱਧ 32 ਖੇਡਾਂ ਵਿੱਚੋਂ 16 ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ, “ਅਸੀਂ ਕੁੱਲ ਮੈਡਲਾਂ ਦੀ ਗਿਣਤੀ ਦੇ ਵੱਡੇ ਹਿੱਸੇ ਲਈ ਮੁਕਾਬਲਾ ਵੀ ਨਹੀਂ ਕਰਦੇ। ਇਹ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ। ਦੁਨੀਆ ਦੇ ਹੋਰ ਦੇਸ਼ ਇਨ੍ਹਾਂ ਖੇਡਾਂ ਵਿੱਚ ਮੈਡਲ ਜਿੱਤਦੇ ਹਨ ਅਤੇ ਅਸੀਂ ਉਨ੍ਹਾਂ ਵਿਚ ਹਿੱਸਾ ਵੀ ਨਹੀਂ ਲੈਂਦੇ।” ਮੋਦੀ ਨੇ ਕਿਹਾ, “ਮੈਡਲਾਂ ਦੀ ਗਿਣਤੀ ਵਧਾਉਣ ਲਈ ਸਾਨੂੰ ਇਨ੍ਹਾਂ ਖੇਡਾਂ ਵਿੱਚ ਵੀ ਮੁਹਾਰਤ ਹਾਸਲ ਕਰਨੀ ਪਵੇਗੀ।”
15 ਅਗਸਤ ਨੂੰ ਆਪਣੇ ਸੁਤੰਤਰਤਾ ਦਿਵਸ ਦੇ ਮੌਕੇ ਦਿੱਤੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਓਲੰਪਿਕ ਵਿੱਚ ਭਾਰਤ ਦੀ ਭਾਗੀਦਾਰੀ ਵਧਾਉਣ ਲਈ ਪੰਜ ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਦੇਸ਼ ਵਿਆਪੀ ਪ੍ਰਤਿਭਾ ਖੋਜ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਇਸ 15 ਅਗਸਤ ਨੂੰ ਮੈਂ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਲਈ ਭਾਰਤ ਦੇ ਖੇਡ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ ਹੈ। ਜਦੋਂ ਮੈਂ ਖੇਡਾਂ ਬਾਰੇ ਗੱਲ ਕਰਦਾ ਹਾਂ, ਤਾਂ ਇਹ ਸਿਰਫ਼ ਤਗਮੇ ਜਿੱਤਣ ਬਾਰੇ ਨਹੀਂ ਹੁੰਦਾ।” ਮੋਦੀ ਨੇ ਕਿਹਾ, “ਇਹ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਭਾਰਤ ਦੀ ਖੇਡ ਸ਼ਕਤੀ ਅਤੇ ਯੁਵਾ ਸ਼ਕਤੀ ਨੂੰ ਇੱਕਠੇ ਜੋੜਨ ਦੀ ਮੁਹਿੰਮ ਹੈ।”















