ਪਿੰਡ ਦੀ ਸੱਥ ਵਿੱਚੋਂ (ਕਿਸ਼ਤ-266)

ਬਾਬੇ ਚੰਨਣ ਸਿਉਂ ਨੇ ਸੱਥ ‘ਚ ਆਉਂਦਿਆਂ ਹੀ ਸੀਤੇ ਮਰਾਸੀ ਨੂੰ ਪੁੱਛਿਆ, ”ਓ ਕਿਉਂ ਬਈ ਸੀਤਾ ਸਿਆਂ! ਅੱਜ ਗੁਰਦੁਆਰਾ ਸਾਹਿਬ ‘ਚ ਕਾਹਦਾ ‘ਕੱਠ ਜਾ ਕਰੀ ਬੈਠੇ ਐ ਪਿੰਡ ਆਲੇ। ਐਨਾ ‘ਕੱਠ ਤਾਂ ਪਿੰਡ ਆਲਿਆਂ ਨੇ ਜਿਹੜਾ ਚੌਲਾਂ ਦਾ ਜੱਗ ਕੀਤਾ ਸੀ ਉਹਦੇ ‘ਤੇ ਮਨ੍ਹੀ ਸੀ। ਕੋਈ ਰੌਲਾ ਰਾਲਾ ਪੈ ਗਿਆ ਕਿਸੇ ਦਾ ਪਿੰਡ ‘ਚ?”
ਮਾਹਲਾ ਨੰਬਰਦਾਰ ਮਰਾਸੀ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪਿਆ, ”ਸੁੱਖ ਸ਼ਾਂਤੀ ਦਾ ‘ਖੰਡ ਪਾਠ ਪ੍ਰਕਾਸ਼ ਕਰਾਉਣਾ ਹੋਣੈ, ਹੋਰ ਕਿਤੇ ਗਾਹਾਂ ਰਿਓੜੀਆਂ ਤਾਂ ਨ੍ਹੀ ਵੰਡਦੇ। ਬਾਕੀ ਆਹ ਹੋਰ ਘੈਂਟੇ ਨੂੰ ਪਤਾ ਲੱਗ ਜੂ ਜਦੋਂ ਕੁਹਾੜੀਓ ਕੁਹਾੜੀ ਹੋ ਗੇ।”
ਬਾਬੇ ਚੰਨਣ ਸਿਉਂ ਨੇ ਹੈਰਾਨੀ ਨਾਲ ਪੁੱਛਿਆ, ”ਇਹ ਲੋਕ ਗੁਰਦੁਆਰਿਆਂ ‘ਚ ਵੀ ਲੜ ਪੈਂਦੇ ਐ ਬਈ?”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਗੁਰਦੁਆਰਿਆਂ ‘ਚ ਤਾਂ ਬਾਬਾ ਬਾਹਲੇ ਭੜਾਕੇ ਪੈਂਦੇ ਐ। ਜੀਹਦੀ ਘਰੇ ਸੱਦ ਪੁੱਛ ਨ੍ਹੀ ਹੁੰਦੀ ਉਹ ਗੁਰਦੁਆਰੇ ਆ ਕੇ ਇਉਂ ਚੌਧਰ ਚਲਾਊ ਜਿਮੇਂ ਗਾਹਾਂ ਉਹਤੋਂ ਕੋਈ ਹੋਰ ਸਿਆਣਾ ਈ ਨ੍ਹੀ ਹੁੰਦਾ।”
ਬਾਬੇ ਚੰਨਣ ਸਿਉਂ ਨੇ ਫ਼ੇਰ ਮੋੜੀ ਪਹਿਲੀ ਗੱਲ ਵੱਲ ਨੂੰ ਮੁਹਾਰ, ”ਜਿਹੜਾ ਐਨਾ ‘ਕੱਠ ਹੋਇਆ, ਮੈਨੂੰ ਤਾਂ ਇਉਂ ਲਗਦਾ ਜਿਮੇਂ ਕੋਈ ਬਾਹਲੀਓ ਈ ਕਿਸੇ ਦੀ ਕੁੰਡੀ ਅੜ ਗੀ ਹੁੰਦੀ ਐ। ਗੁਰੂ ਕੇ ਕੋਠੇ ਦੇ ਮੇਲੇ ਜਿੰਨਾਂ ਤਾਂ ਯਾਰ ‘ਕੱਠ ਹੋਇਆ ਪਿਐ। ਮੈਨੂੰ ਤਾਂ ਲਗਦਾ ਜਿਮੇਂ ਘਰ ਘਰ ਦਾ ਬੰਦਾ ਈ ਨਾਂ ਕਿਤੇ ਹੋਵੇ ਗੁਰਦੁਆਰਾ ਸਾਹਿਬ ‘ਚ।”
ਸੀਤਾ ਮਰਾਸੀ ਕਹਿੰਦਾ, ”ਰੋਲਾ ਕਾਹਦਾ ਹੋਣੈ ਬਾਬਾ, ਕਿਸੇ ਗਰੀਬ ਗੁਰਬੇ ਨੇ ਕਿਸੇ ਦਿਉਂ ਪੱਠੇ ਵੱਢ ਲੇ ਹੋਣੇ ਐਂ, ਉਹਨੇ ‘ਕੱਠ ਕਰ ਲਿਆ ਹੋਊ, ਹੋਰ ਕਿਤੇ ਜੰਨ ਤਾਂ ਚੜ੍ਹਦੇ ਬਈ ਸਾਰਾ ਪਿੰਡ ਜੰਨ ਨੂੰ ਤੁਰਨ ਤੁਰ ਪਿਆ ਹੋਊ।”
ਏਨੇ ਚਿਰ ਨੂੰ ਮੱਘਰ ਕੇ ਪਾਲੇ ਨੂੰ ਨਾਥਾ ਅਮਲੀ ਸੱਥ ਵੱਲ ਨੂੰ ਤੁਰਿਆ ਆਉਂਦਾ ਦਿਸ ਪਿਆ। ਮਾਹਲੇ ਨੰਬਰਦਾਰ ਦੇ ਮੋਢੇ ‘ਤੇ ਹੱਥ ਮਾਰ ਕੇ ਪਾਲਾ ਨੰਬਰਦਾਰ ਨੂੰ ਕਹਿੰਦਾ, ”ਹੋਅ ਨਾਥਾ ਅਮਲੀ ਆਉਂਦਾ ਤਾਇਆ ਮਾਹਲਾ ਸਿਆਂ। ਉਹ ਦੱਸੂ ਬਈ ਗੁਰਦੁਆਰੇ ਕਾਹਦਾ ‘ਕੱਠ ਐ।”
ਜਿਉਂ ਹੀ ਨਾਥਾ ਅਮਲੀ ਸੱਥ ‘ਚ ਪਹੁੰਚਿਆ ਬੁੱਘਰ ਦਖਾਣ ਨੇ ਅਮਲੀ ਨੂੰ ਪੁੱਛਿਆ, ”ਗੁਰਦੁਆਰਿਉਂ ਆਇਐਂ ਅਮਲੀਆ। ਕਾਹਦਾ ‘ਕੱਠ ਐ ਓੱਥੇ ਅੱਜ?”
ਬਾਬਾ ਚੰਨਣ ਸਿਉਂ ਬੁੱਘਰ ਦਖਾਣ ਦੀ ਗੱਲ ਸੁਣ ਕੇ ਬੁੱਘਰ ਨੂੰ ਕਹਿੰਦਾ, ”ਬਹਿ ਤਾਂ ਜਾਣ ਦਿਉ ਪਹਿਲਾਂ ਨਾਥਾ ਸਿਉਂ ਨੂੰ। ਸਭ ਕੁਸ ਦੱਸੂ। ਜਰਾਂਦ ਤਾਂ ਕਰੋ ਭੋਰਾ। ਹੁਣ ਖੋਲ੍ਹ ਦੂ ਸਾਰੀ ਪਟਾਰੀ।”
ਮੋਢੇ ਤੋਂ ਸਾਫ਼ਾ ਲਾਹ ਕੇ ਥੜ੍ਹੇ ‘ਤੇ ਵਿਛਾ ਕੇ ਜਿਉਂ ਹੀ ਨਾਥਾ ਅਮਲੀ ਸੱਥ ਵਾਲੇ ਥੜ੍ਹੇ ‘ਤੇ ਬੈਠਾ ਤਾਂ ਬੁੱਘਰ ਦਖਾਣ ਨੂੰ ਕਹਿੰਦਾ, ”ਹਾਂ ਬਈ ਮਿਸਤਰੀਆ! ਹੁਣ ਦੱਸ ਕੀ ਕਹਿੰਦਾ ਸੀ।”
ਮਾਹਲਾ ਨੰਬਰਦਾਰ ਕਹਿੰਦਾ, ”ਇਹ ਤਾਂ ਨਾਥਾ ਸਿਆਂ ਇਉਂ ਪੁੱਛਦਾ ਬਈ ਅੱਜ ਗੁਰਦੁਆਰਾ ਸਾਹਿਬ ਕਾਹਦਾ ‘ਕੱਠ ਐ। ਅਸੀਂ ਤਾਂ ਸੋਚਦੇ ਸੀ ਬਈ ਤੂੰ ਵੀ ਓੱਥੋਂ ਆਇਆ ਹੋਮੇਂਗਾ।”
ਨਾਥਾ ਅਮਲੀ ਕਹਿੰਦਾ, ”ਮੈਂ ਕਾਹਨੂੰ ਓੱਥੋਂ ਆਇਆਂ, ਮੈਂ ਤਾਂ ਘਰੋਂ ਆਇਆਂ, ਪਰ ਐਨਾ ਮੈਨੂੰ ਜਰੂਰ ਪਤਾ ਬਈ ਆਪਣੇ ਪਿੰਡ ਆਲੇ ਸਾਰੇ ਪ੍ਰੇਮੀ ਪ੍ਰੇਮਣਾਂ ‘ਕੱਠੇ ਹੋਏ ਵੇ ਐ।”
ਨਾਥੇ ਅਮਲੀ ਤੋਂ ਪ੍ਰੇਮੀ ‘ਕੱਠੇ ਹੋਇਆਂ ਦੀ ਗੱਲ ਸੁਣ ਕੇ ਬਾਬਾ ਚੰਨਣ ਸਿਉਂ ਕਹਿੰਦਾ, ”ਕਿਤੇ ਗੁਰਦੁਆਰੇ ਨਾਲ ਤਾਂ ਨ੍ਹੀ ਕੋਈ ਛੇੜਛਾੜ ਕਰਦੇ ਬਈ ਸਾਡੇ ਪਿਤਾ ਜੀ ਨੂੰ ਜੇਲ੍ਹ ਹੋਗੀ ਤੇ ਅਸੀਂ ਗੁਰਦੁਆਰਾ ਈ ਢਾਹ ਦੀਏ?”
ਲਾਲ ਸਿਉਂ ਬੁੜ੍ਹੇ ਕਾ ਸੁੱਖਾ ਕਹਿੰਦਾ, ”ਚਲੋ ਯਾਰ ਉੱਠੋ ਗੁਰਦੁਆਰੇ ਚੱਲੀਏ, ਹੋਰ ਨਾ ਕਿਤੇ ਪਖੰਡੀ ਸਾਧ ਦੇ ਚੇਲੇ ਜੇ ਅੱਗ ਉੱਗ ਲਾ ਦੇਣ। ਉੱਠੋ ਚੱਲੀਏ।”
ਨਾਥਾ ਅਮਲੀ ਸੁੱਖੇ ਨੂੰ ਭੜਕਿਆ ਵੇਖ ਕੇ ਕਹਿੰਦਾ, ”ਬਹਿ ਜਾ ਓਏ ਵੱਡਿਆ ਸੂਰਮਿਆ, ਐਮੇਂ ਨਾ ਓੱਥੇ ਜਾ ਕੇ ਕਿਤੇ ਕੋਈ ਹੋਰ ਉੱਧ ਮੂਲ ਖੜ੍ਹਾ ਕਰਦੀਂ। ਬਹਿ ਜਾ। ਮੈਂ ਦੱਸਦਾਂ ਤੈਨੂੰ ਕਾਹਦਾ ‘ਕੱਠ ਐ ਗੁਰਦੁਆਰਾ ਸਾਹਿਬ ‘ਚ। ਆਹ ਜਿਹੜੇ ਸਰਸੇ ਆਲੇ ਸਾਧ ਨੂੰ ਕੁੱਤਿਆਂ ਕੰਮਾਂ ‘ਚ ਅੰਦਰ ਕੀਤੈ ਜੱਜ ਨੇ, ਉਹਦੀਆਂ ਕਰਤੂਤਾਂ ਵੇਖ ਕੇ ਆਪਣੇ ਪਿੰਡ ਆਲੇ ਪ੍ਰੇਮੀਆਂ ਨੇ ਤਾਂ ਬਾਣਾ ਬਦਲ ਲਿਆ। ਹੁਣ ਕਹਿੰਦੇ ਅਸੀਂ ਤਾਂ ਬਾਬੇ ਨਾਨਕ ਦੇ ਭਗਤ ਆਂ।”
ਸੁੱਖਾ ਫ਼ੇਰ ਬੁੜ੍ਹਕਿਆ ਰਬੜ ਦੀ ਖਿੱਦੋਂ ਵਾਂਗੂੰ, ”ਜੇ ਬਾਬੇ ਨਾਨਕ ਦੇ ਭਗਤ ਬਣਨਾ ਤਾਂ ਬਣ ਜਾਣ, ਗੁਰਦੁਆਰੇ ਕੀ ਕਰਦੇ ਐ ‘ਕੱਠੇ ਹੋਏ। ਐਮੇਂ ਨਾ ਇਨ੍ਹਾਂ ‘ਤੇ ਭਰੋਸਾ ਕਰ ਲਿਉ। ਇਹ ਕੋਈ ਨਾ ਕੋਈ ਸ਼ਰਾਰਤ ਜਰੂਰ ਕਰਨਗੇ। ਮੈਂ ਤਾਂ ਕਹਿਨਾ ਆਪਾਂ ਸਾਰੇ ਗੁਰਦੁਆਰਾ ਸਾਹਬ ਚੱਲੀਏ।”
ਸੁੱਖੇ ਨੂੰ ਸੱਥ ‘ਚੋਂ ਉੱਠ ਕੇ ਖੜ੍ਹੇ ਹੋਏ ਨੂੰ ਵੇਖ ਕੇ ਬਾਬਾ ਚੰਨਣ ਸਿਉਂ ਕਹਿੰਦਾ, ”ਬਹਿ ਜਾ ਸੁੱਖਾ ਸਿਆਂ ਬਹਿ ਜਾ। ਐਮੇਂ ਨਾ ਬਹੁਤੇ ਗੁੱਸੇ ‘ਚ ਆ। ਐਡੀ ਜੁੱਰਤ ਹੈਨ੍ਹੀ ਕਿਸੇ ਦੀ ਆਪਣੇ ਪਿੰਡ ਆਲਿਆਂ ‘ਚ ਬਈ ਗੁਰਦੁਆਰਾ ਸਾਹਿਬ ਦਾ ਕੋਈ ਸਨਕਾਨ ਕਰ ਦੇਣਗੇ।”
ਨਾਥਾ ਅਮਲੀ ਸੁੱਖੇ ਨੂੰ ਕਹਿੰਦਾ, ”ਤੈਨੂੰ ਮੈਂ ਦੱਸਦਾਂ ਗੱਲ ਕੀ ਹੁੰਦੀ ਐ ਸੁੱਖਿਆ ਲੜਾਈ ਦਿਆ ਭੁੱਖਿਆ। ਗੱਲ ਤਾਂ ਇਉਂ ਐ। ਸਰਸੇ ਆਲਾ ਪਖੰਡੀ ਤਾਂ ਜੱਜ ਨੇ ਵੀਹ ਸਾਲੀ ਬੰਨ੍ਹ ਕੇ ਅੰਦਰ ਕਰ ‘ਤਾ, ਹੁਣ ਇਹ ਜਿਹੜੇ ਪ੍ਰੇਮੀ ਜੇ ਐਂ, ਇਹ ਸਾਰੇ ‘ਕੱਠੇ ਹੋ ਕੇ ਗਿਆਨੀ ਜੱਸਾ ਸਿਉਂ ਨੂੰ ਕਹਿੰਦੇ ‘ਅਸੀਂ ਸਰਸੇ ਆਲੇ ਸਾਧ ਦਾ ਖਹਿੜਾ ਛੱਡਿਆ, ਤੁਸੀਂ ਸਾਡੀ ਅਰਦਾਸ ਕਰ ਦਿਉ ਗਿਆਨੀ ਜੀ ਬਈ ਅਸੀਂ ਬਾਬੇ ਨਾਨਕ ਦੇ ਸਿੱਖ ਆਂ ਅੱਜ ਤੋਂ।”
ਕੁੰਢੇ ਰਾਠ ਕਾ ਘੋਨਾਂ ਕਹਿੰਦਾ, ”ਗਿਆਨੀ ਜੱਸਾ ਸਿਉਂ ਨੇ ਅਮਲੀਆ ਮੰਡੇ ਨ੍ਹੀ ਦਿੱਤੇ ਪ੍ਰੇਮੀਆਂ ਨੂੰ ਫ਼ਿਰ?”
ਅਮਲੀ ਕਹਿੰਦਾ, ”ਮੰਡੇ ਛੱਡ ਗਿਆਨੀ ਜੀ ਨੇ ਵੱਡੇ ਪ੍ਰੇਮੀਆਂ ਦੀ ਲਾ ‘ਤੀ ਤਹਿ। ਗਿਆਨੀ ਜੀ ਬਿਸ਼ਨੇ ਕੇ ਜੈਲੇ ਨੂੰ ਕਹਿੰਦੇ ‘ਹੁਣ ਤਾਂ ਤੁਸੀਂ ਮੈਨੂੰ ਸੱਦ ਲਿਆਏ ਬਈ ਸਾਡੀ ਅਰਦਾਸ ਕਰ ਦਿਉ ਗਿਆਨੀ ਜੀ ਅਸੀਂ ਪੰਥ ਬਦਲਣ ਲੱਗੇ ਆਂ। ਅਸੀਂ ਬਾਬੇ ਨਾਨਕ ਦੇ ਘਰੇ ਆਉਣਾ ਚਾਹੁਨੇਂ ਆਂ, ਜਦੋਂ ਬਾਬੇ ਨਾਨਕ ਦਾ ਘਰ ਛੱਡਿਆ ਸੀ ਉਦੋਂ ਅਰਦਾਸ ਕਰਾਈ ਸੀ ਬਈ ਬਾਬਾ ਨਾਨਕ ਜੀ ਅਸੀਂ ਚੱਲੇਂ ਆਂ? ਆਹ ‘ਕੱਠ ਐ ਗੁਰਦੁਆਰਾ ਸਾਹਬ।”
ਸੀਤਾ ਮਰਾਸੀ ਗੱਲ ਸੁਣ ਕੇ ਬਾਬੇ ਚੰਨਣ ਸਿਉਂ ਨੂੰ ਪ੍ਰੇਮੀਆਂ ਵਿਚਦੀ ਗੱਲ ਕੱਢ ਕੇ ਟਿੱਚਰ ‘ਚ ਕਹਿੰਦਾ, ”ਕਿਉਂ ਬਾਬਾ ਚੰਨਣ ਸਿਆਂ! ਜਿਮੇਂ ਆਪਾਂ ਆਵਦੇ ਨਿੱਕੇ ਨਿੱਕੇ ਜੁਆਕਾਂ ਨੂੰ ਬਾਤਾਂ ਸਣਾਈ ਦੀਆਂ ਬਈ ਇੱਕ ਸੀ ਰਾਜਾ ਇੱਕ ਸੀ ਰਾਣੀ ਜਾਂ ਇਹੋ ਜੀਆਂ ਕੋਈ ਹੋਰ ਬਾਤਾਂ, ਇਹ ਪ੍ਰੇਮੀ ਜੇ ਵੀ ਆਵਦੇ ਪੋਤੇ ਪੋਤੀਆਂ ਨੂੰ ਸਰਸੇ ਆਲੇ ਪਖੰਡੀ ਬਾਰੇ ਬਾਤਾਂ ਤਾਂ ਸਣਾਇਆ ਈ ਕਰਨਗੇ ਕੁ ਨਹੀਂ?”
ਮਾਹਲੇ ਨੰਬਰਦਾਰ ਨੇ ਮਰਾਸੀ ਨੂੰ ਪੁੱਛਿਆ, ”ਉਹ ਕਿਮੇਂ ਬਈ?”
ਪ੍ਰਤਾਪਾ ਭਾਊ ਕਹਿੰਦਾ, ”ਕਿਹਾ ਕਰਨਗੇ ਬਈ ਆਪਣੇ ਪਿਤਾ ਜੀ ਨੂੰ ਓਸ ਵੇਲੇ ਦੀ ਪਰਜਾ ਕੁੱਤਿਆਂ ਕੰਮਾਂ ਦਾ ਬਾਦਸ਼ਾਹ ਕਹਿੰਦੀ ਹੁੰਦੀ ਸੀ। ਆਹ ਕੁਸ ਕਿਹਾ ਕਰਨਗੇ।
ਮਰਾਸੀ ਕਹਿੰਦਾ, ”ਨਹੀਂ ਭਾਊ ਇਉਂ ਨ੍ਹੀ। ਇਉਂ ਕਿਹਾ ਕਰਨਗੇ ਬਈ ਪਰਾਣੇ ਸਮੇਂ ਦੀ ਗੱਲ ਐ ਪੰਚਕੂਲੇ ਦਾ ਯੁੱਧ ਹਾਰ ਜਾਣ ਪਿੱਛੋਂ ਪਿਤਾ ਜੀ ਰਾਮ ਰਹੀਮ ਨੂੰ ਓਸ ਵੇਲੇ ਦੀ ਸਰਕਾਰ ਨੇ ਫ਼ੜ ਕੇ ਰੋਹਤਕ ਦੇ ਕਿਲ੍ਹੇ ‘ਚ ਕੈਦ ਕਰ ਦਿੱਤਾ। ਜਦੋਂ ਜੇਲ੍ਹ ਆਲੇ ਜੇਲ੍ਹ ਦੀ ਬੈਰਕ ਨੂੰ ਜਿੰਦਾ ਲਾ ਕੇ ਆਵਦੇ ਦਫ਼ਤਰ ‘ਚ ਪਹੁੰਚਦੇ ਤਾਂ ਪਿਤਾ ਜੀ ਉਨ੍ਹਾਂ ਆਲੀ ਕੁਰਸੀ ‘ਤੇ ਬੈਠੇ ਦਿਖਾਈ ਦਿੰਦੇ। ਜਦੋਂ ਜੇਲ੍ਹ ਆਲੇ ਅਸਫ਼ਰ ਪਿਤਾ ਜੀ ਨੂੰ ਪੁਛਦੇ ‘ਬਈ ਤੁਸੀਂ ਏਥੇ ਕਿਮੇਂ ਆ ਗੇ ਤਾਂ ਪਿਤਾ ਜੀ ਕਹਿੰਦੇ ਮੈਂ ਤਾਂ ਬੈਰਕ ਚੀ ਬੈਠਾਂ। ਜਦੋਂ ਜੇਲ੍ਹ ਆਲੇ ਅਸਫ਼ਰ ਬੈਰਕ ‘ਚ ਜਾਂਦੇ ਤਾਂ ਪਿਤਾ ਜੀ ਬੈਰਕ ‘ਚ ਹੁੰਦੇ। ਇਉਂ ਸਣਾਇਆ ਕਰਨਗੇ ਕਹਾਣੀਆਂ ਬਾਬਾ ਚੰਨਣ ਸਿਆਂ।”
ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਇਉਂ ਵੀ ਕਿਹਾ ਕਰਨਗੇ ਬਈ ਜਦੋਂ ਪੰਚਕੂਲੇ ਗੋਲੀ ਨਾਲ ਜਿਹੜੇ ਪ੍ਰੇਮੀ ਮਰੇ ਸੀ ਪਿਤਾ ਜੀ ਨੇ ਸਾਰੇ ਜਿਉਂਦੇ ਕਰ ਦਿੱਤੇ।”
ਸੂਬੇਦਾਰ ਰਤਨ ਸਿਉਂ ਗੱਲਾਂ ਸੁਣ ਕੇ ਨਾਥੇ ਅਮਲੀ ਨੂੰ ਕਹਿੰਦਾ, ”ਇਹ ਗੱਲਾਂ ਤਾਂ ਅਮਲੀਆ ਪੰਜਾਹ ਸਾਲਾਂ ਨੂੰ ਕਰਨਗੇ, ਹੁਣ ਕੀ ਕਹਿੰਦੇ ਐ ਪ੍ਰੇਮੀ?”
ਨਾਥਾ ਅਮਲੀ ਕਹਿੰਦਾ, ”ਹੁਣ ਤਾਂ ਗਿਆਨੀ ਜੱਸਾ ਸਿਉਂ ਦੇ ਦੁਆਲੇ ਹੋਏ ਵੇ ਐ ਬਈ ਛੇਤੀ ਕਰਦੇ ਸਾਡੀ ਅਰਦਾਸ ਕਿਤੇ ਅਸੀਂ ਪਛੜ ਨਾ ਜਾਈਏ।”
ਸੀਤਾ ਮਰਾਸੀ ਕਹਿੰਦਾ, ”ਪਛੜਣ ਨੂੰ ਗਾਹਾਂ ਬੀਕਾਨੇਰ ਆਲੀ ਗੱਡੀ ਨੰਘਦੀ ਐ। ਕੀ ਲੱਛਣ ਕਰਦੇ ਐ। ਮੈਂ ਤਾਂ ਕਹਿੰਨਾ ਗਿਆਨੀ ਕਹਿਣ ਪਹਿਲਾਂ ਮੂਹਧੇ ਪਉ ਅੇਥੇ, ਸੋਡੇ ਵੀਹ ਵੀਹ ਘੋਟਣੇ ਲਾਉਣੇ ਐ ਫੇ:ਰ ਰਲਾਮਾਂਗੇ ਨਾਲ।”
ਨਾਥਾ ਅਮਲੀ ਸੂਬੇਦਾਰ ਰਤਨ ਸਿਉਂ ਨੂੰ ਕਹਿੰਦਾ, ”ਤੂੰ ਗੁਰਦੁਆਰੇ ਜਾ ਕੇ ਤਾਂ ਵੇਖ ਫ਼ੌਜੀਆ। ਪ੍ਰੇਮਣਾ ਸ਼ਰਮ ਦੀਆਂ ਮਾਰੀਆਂ ਕਿਮੇਂ ਮੂੰਹ ਬੰਨ੍ਹ ਬੰਨ੍ਹ ਫ਼ਿਰਦੀਆਂ ਗੁਰਦੁਆਰੇ ‘ਚ ਜਿਮੇਂ ਤੂੜੀ ਆਲਾ ਕੁੱਪ ਲਤੜਣਾ ਹੁੰਦਾ। ਜਦੋਂ ਟਰੱਕ ਭਰ ਭਰ ਸਰਸੇ ਨੂੰ ਜਾਇਆ ਕਰਨ, ਆਖਿਆ ਕਰਨ ‘ਅੱਜ ਪਿਤਾ ਜੀ ਨੇ ਬਚਨ ਦੇਣੇ ਐ, ਅੱਜ ਪਿਤਾ ਜੀ ਨੇ ‘ਮਰੂਦ ਵੰਡਣੇ ਐ। ਅੱਜ ਪਿਤਾ ਜੀ ਨੇ ਆਹ ਕਰਨ। ਹੁਣ ਜਦੋਂ ਪਿਤਾ ਨੂੰ ਅਗਲਿਆਂ ਨੇ ਜਿਮੇਂ ਕਤੂਰਾ ਤੰਦੂਰ ‘ਚ ਤਾੜੀਦਾ ਹੁੰਦਾ ਇਉਂ ਜੇਲ੍ਹ ‘ਚ ਤਾੜ ਕੇ ਰੱਖ ‘ਤਾ, ਹੁਣ ਬਾਬੇ ਨਾਨਕ ਵੱਲ ਨੂੰ ਭੱਜ ਲੇ ਬਈ ਅਸੀਂ ਤਾਂ ਬਾਬਾ ਜੀ ਸੋਡੇ ਈ ਬੱਚੇ ਆਂ। ਜੇ ਚੰਗਾ ਹੋਵੇ ਬਾਬਾ ਨਾਨਕ ਵੀ ਛਿੱਤਰ ਲਾਹ ਲੇ ਹੁਣ। ਮਾਰ ਮਾਰ ਜੁੱਤੀਆਂ ਸਿਰ ਕਰਦੇ ਗੰਜਾ ਤੇ ਆਖੇ ਜਾਉ ਪਿਤਾ ਜੀ ਕੋਲ ਈ ਜਾਉ ਰੋਹਤਕ ਆਲੇ ਕਿਲ੍ਹੇ ‘ਚ।”
ਸਰਸੇ ਵਾਲੇ ਸਾਧ ਦੀ ਗੱਲ ਸੁਣ ਕੇ ਮੁਖਤਿਆਰੇ ਮੈਂਬਰ ਕਾ ਪੱਪੂ ਕਹਿੰਦਾ, ”ਬਜਰੰਗੇ ਤੇ ਬਜਰੰਗੇ ਦੀ ਬਹੂ ਨੇ ਪਿਤਾ ਜੀ ਪਿੱਛੇ ਜੱਗੀ ਬਾਹਮਣ ਕੁੱਟ ‘ਤਾ ਕਹਿੰਦੇ।”
ਬਾਬੇ ਚੰਨਣ ਸਿਉਂ ਨੇ ਪੁੱਛਿਆ, ”ਉਹ ਕਿਮੇਂ ਬਈ?”
ਨਾਥਾ ਅਮਲੀ ਕਹਿੰਦਾ, ”ਉਹ ਵੀ ਸੁਣ ਲੋ। ਬਜਰੰਗਾ ਤੇ ਬਜਰੰਗੇ ਦੀ ਬਹੂ ਜੱਗੀ ਪੰਡਤ ਨੂੰ ਜਾ ਕੇ ਪੁੱਛ ਬੈਠੇ ਬਈ ਸਾਡਾ ਮੁੰਡਾ ਦਸ ਜਮਾਤਾਂ ਤਾਂ ਪੜ੍ਹ ਗਿਆ, ਹੁਣ ਉਹ ਕੀ ਬਣੂਗਾ। ਜੱਗੀ ਪੰਡਤ ਨੇ ਉਨ੍ਹਾਂ ਇੱਕ ਸੌ ਦਾ ਨੋਟ ਦੇ ‘ਤਾ। ਇੱਕ ਕੋਈ ਧਾਰਮਕ ਗੁੱਟਕਾ ਦੇ ‘ਤਾ। ਇੱਕ ਸ਼ਰਾਬ ਦਾ ਅੱਧੀਆ ਦੇ ‘ਤਾ। ਇੱਕ ਨੰਗੀਆਂ ਫ਼ੋਟਮਾਂ ਵਾਲ ਰਸਾਲਾ ਦੇ ‘ਤਾ। ਬਾਹਮਣ ਕਹਿੰਦਾ ‘ਇਹ ਚੀਜਾਂ ਘਰੇ ਲੈ ਜੋ। ਜੇ ਤਾਂ ਸੋਡੇ ਮੁੰਡੇ ਨੇ ਨੋਟ ‘ਤੇ ਹੱਥ ਰੱਖਿਆ ਤਾਂ ਅਮੀਰ ਬੰਦਾ ਬਣੂ। ਜੇ ਧਾਰਮਕ ਗੁੱਟਕਾ ਚੱਕ ਲਿਆ ਤਾਂ ਵੱਡਾ ਗੁਣੀ ਗਿਆਨੀ ਬਣੂ। ਜੇ ਸ਼ਰਾਬ ਪੀ ਲੀ ਤਾਂ ਸ਼ਰਾਬੀ ਕਬਾਬੀ ਬਣੂ ਨਸ਼ੇ ਕਰਿਆ ਕਰੂ। ਜੇ ਆਹ ਨੰਗੀਆਂ ਫ਼ੋਟਮਾਂ ਵਾਲਾ ਰਸਾਲਾ ਵੇਖਣ ਲੱਗ ਪਿਆ ਤਾਂ ਸਿਰੇ ਦਾ ਲੁੱਚਾ ਤੇ ਬਦਮਾਸ਼ ਬਣੂ। ਜਦੋਂ ਬਜਰੰਗੇ ਤੇ ਬਜਰੰਗੇ ਦੀ ਬਹੂ ਨੇ ਚਾਰੇ ਚੀਜਾਂ ਘਰੇ ਲਜਾ ਕੇ ਕਾਕਾ ਜੀ ਮੂਹਰੇ ਰੱਖੀਆਂ ਤਾਂ ਮੁੰਡੇ ਨੇ ਸੌ ਦਾ ਨੋਟ ਚੱਕ ਕੇ ਜੇਬ੍ਹ ‘ਚ ਪਾ ਲਿਆ। ਧਾਰਮਕ ਪੋਥੀ ਵੀ ਪੜ੍ਹੀ ਥੋੜ੍ਹੀ ਜੀ। ਬਜਰੰਗਾ ਤੇ ਬਹੂ ਖ਼ੁਸ਼ ਹੋ ਗੇ ਬਈ ਸਭ ਕੁਸ ਠੀਕ ਐ। ਫ਼ੇਰ ਕਾਕਾ ਜੀ ਨੇ ਅਧੀਆਂ ਆਲੇ ਪੌਡੇ ਚਕਾ ‘ਤੇ। ਸ਼ਰਾਬ ਨਾਲ ਟੁੰਨ ਕੇ ਨੰਗੀਆਂ ਫ਼ੋਟਮਾਂ ਆਲਾ ਰਸਾਲਾ ਖੋਲ੍ਹ ਕੇ ਵੇਖ ਵੇਖ ਨੱਚਣ ਲੱਗ ਪਿਆ। ਬਜਰੰਗੇ ਦੀ ਬਹੂ ਨੇ ਬਜਰੰਗੇ ਨੂੰ ਪੁੱਛਿਆ ‘ਇਹਨੇ ਤਾਂ ਸਾਰੀਆਂ ਚੀਜਾਂ ਈ ਚੱਕ ਲੀਆਂ ਹੁਣ ਫ਼ਿਰ ਕੀ ਬਣੂ ਇਹੇ’। ਅਕੇ ਬਜਰੰਗਾ ਕਹਿੰਦਾ ‘ਇਹ ਤਾਂ ਫ਼ਿਰ ਸਰਸੇ ਆਲੇ ਸਾਧ ਆਲੇ ਲੱਛਣ ਐਂ ਇਹਦੇ ‘ਚ। ਇਹ ਤਾਂ ਫ਼ਿਰ ਹੁਣ ਰਾਮ ਰਹੀਮ ਈ ਬਣੂ। ਇਹ ਤਜਰਬਾ ਵੇਖ ਕੇ ਬਜਰੰਗੇ ਤੇ ਬਜਰੰਗੇ ਦੀ ਬਹੂ ਨੇ ਜੱਗੀ ਬਾਹਮਣ ਜਾ ਢਾਹਿਆ। ਕੁੱਟ ਕੁੱਟ ਕੇ ਬਾਹਮਣ ਢਹੇ ਤੰਦੂਰ ਅਰਗਾ ਕਰ ‘ਤਾ। ਆਹ ਭਾਣਾ ਜੱਗੀ ਪੰਡਤ ਨਾਲ ਵਰਤਿਆ।”
ਸੀਤਾ ਮਰਾਸੀ ਕਹਿੰਦਾ, ”ਫੇਰ ਤਾਂ ਸਾਧ ਈ ਚਾਰ ਚਫੇਰੇ ਛਿੱਤਰ ਪਤਾਣ ਕਰਾਈ ਜਾਂਦੈ।”
ਬਾਬਾ ਚੰਨਣ ਸਿਉਂ ਸੱਥ ਆਲਿਆਂ ਨੂੰ ਕਹਿੰਦਾ, ”ਬਜਰੰਗੇ ਕਿਆਂ ਨੇ ਊ ਤਾਂ ਕੰਮ ਚੰਗਾ ਕੀਤੈ। ਸਾਲੇ ਬਾਹਮਣੇ ਨੇ ਧਾਰਮਕ ਪੋਥੀ ਨਾਲ ਜਿਹੜੀ ਸ਼ਰਾਬ ਫੜ੍ਹਾ ‘ਤੀ ਬਜਰੰਗੇ ਕਿਆਂ ਨੂੰ, ਮਾੜੀ ਗੱਲ ਈ ਕੀਤੀ ਐ। ਚੰਗਾ ਸਮਾਂ ਹੋਰ ਘੋਟਣੇ ਪੈਂਦੇ ਤਾਂ ਪਤਾ ਲੱਗ ਜਾਂਦਾ ਬਈ ਬਾਹਮਣਾ ਬਈ ਕੀ ਭਾਅ ਵਿਕਦੀ ਐ?”
ਗੱਲਾਂ ਕਰਦਿਆਂ ਨੂੰ ਜਿਉਂ ਹੀ ਦਿਨ ਛਿਪਿਆਂ ਤਾਂ ਸੱਥ ਵਾਲੇ ਪਾਖੰਡੀ ਬਾਬਿਆਂ ਦੀਆਂ ਗੱਲਾਂ ਕਰਦੇ ਆਪੋ ਆਪਣੇ ਘਰਾਂ ਨੂੰ ਚੱਲ ਪਏ।