‘ਅੱਤਵਾਦ ਅੱਗੇ ਨਹੀਂ ਝੁਕੇਗਾ ਦੇਸ਼..!’ ਪਹਿਲਗਾਮ ਹਮਲੇ ਦੀ ਬਰਸੀ ਮੌਕੇ ਬੋਲੇ CM ਸੈਣੀ

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ‘ਨਵਾਂ ਭਾਰਤ’ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਅੱਗੇ ਨਹੀਂ ਝੁਕੇਗਾ ਅਤੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗਾ।
22 ਅਪ੍ਰੈਲ 2025 ਨੂੰ ਪਹਿਲਗਾਮ ‘ਚ ਅੱਤਵਾਦੀ ਹਮਲੇ ‘ਚ ਜਾਨ ਗੁਆਉਣ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੈਣੀ ਨੇ ‘ਐਕਸ’ ‘ਤੇ ਹਿੰਦੀ ‘ਚ ਪੋਸਟ ਕਰ ਕੇ ਕਿਹਾ,”ਹਰ ਭਾਰਤੀ ਇਸ ਦੁਖਦ ਘਟਨਾ ਨੂੰ ਕਦੇ ਨਹੀਂ ਭੁੱਲੇਗਾ। ਇਸ ਕਦੇ ਨਾ ਪੂਰੇ ਹੋਣ ਵਾਲੇ ਨੁਕਸਾਨ ਨਾਲ ਜੂਝ ਰਹੇ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।” ਸੈਣੀ ਨੇ ਕਿਹਾ,”ਇਕ ਨਾਗਰਿਕ ਵਜੋਂ, ਅਸੀਂ ਆਪਣੇ ਦੁੱਖ ਅਤੇ ਆਪਣੇ ਸੰਕਲਪ, ਦੋਵਾਂ ‘ਚ ਇਕਜੁਟ ਹੋ ਕੇ ਖੜ੍ਹੇ ਹਾਂ। ਇਹ ‘ਨਵਾਂ ਭਾਰਤ’ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਅੱਗੇ ਨਹੀਂ ਝੁਕੇਗਾ ਅਤੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗਾ।”
ਇਸ ਘਟਨਾ ‘ਚ ਮਾਰੇ ਗਏ 26 ਲੋਕਾਂ ‘ਚ ਜਲ ਸੈਨਾ ਅਧਿਕਾਰੀ ਲੈਫਟੀਨੈਂਟ ਵਿਨੇ ਨਰਵਾਲ ਵੀ ਸ਼ਾਮਲ ਸਨ, ਜੋ ਕਰਨਾਲ ਦੇ ਰਹਿਣ ਵਾਲੇ ਸਨ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ‘ਆਪਰੇਸ਼ਨ ਸਿੰਦੂਰ’ ਨਾਂ ਨਾਲ ਇਕ ਜਵਾਬੀ ਫ਼ੌਜ ਕਾਰਵਾਈ ਕੀਤੀ ਸੀ, ਜਿਸ ‘ਚ ਭਾਰਤੀ ਹਥਿਆਰਬੰਦ ਫ਼ੋਰਸਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ‘ਚ ਫ਼ੌਜ ਅਤੇ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਸੀ।