ਚੰਡੀਗੜ੍ਹ : ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਅੱਜ ਮਹਾਤਮਾ ਗਾਂਧੀ ‘ਤੇ ਬਿਆਨਾਂ ਨਾਲ ਵਿਵਾਦਾਂ ਵਿਚ ਘਿਰ ਗਏ| ਅਜਿਹੇ ਵਿਚ ਜਦੋਂ ਖੁਦ ਭਾਜਪਾ ਵੱਲੋਂ ਉਨ੍ਹਾਂ ਦੀ ਨਿਖੇਧੀ ਕੀਤੀ ਗਈ ਤਾਂ ਅਨਿਲ ਵਿਜ ਨੇ ਆਪਣਾ ਇਹ ਬਿਆਨ ਵਾਪਸ ਲੈ ਲਿਆ| ਅਨਿਲ ਵਿਜ ਨੇ ਕਿਹਾ ਕਿ ਗਾਂਧੀ ਜੀ ਦਾ ਅਜਿਹਾ ਨਾਮ ਹੈ ਕਿ ਜਿਸ ਦਿਨ ਤੋਂ ਨੋਟ ਉਤੇ ਉਨ੍ਹਾਂ ਦੀ ਫੋਟੋ ਛਪੀ ਹੈ, ਉਸ ਦਿਨ ਤੋਂ ਨੋਟਾਂ ਦਾ ਡੀਵੈਲੂਏਸ਼ਨ ਹੋ ਗਿਆ ਹੈ| ਜਦੋਂ ਤੋਂ ਖਾਦੀ ਨਾਲ ਗਾਂਧੀ ਦਾ ਨਾਮ ਜੁੜਿਆ ਹੈ, ਖਾਦੀ ਉਠ ਹੀ ਨਹੀਂ ਸਕੀ, ਖਾਦੀ ਡੁੱਬ ਗਈ| ਇਸ ਬਿਆਨ ਤੇ ਤੁਰੰਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਭਾਜਪਾ ਨੇ ਅਨਿਲ ਵਿਜ ਦੀ ਨਿਖੇਧੀ ਕੀਤੀ| ਬਾਅਦ ਵਿਚ ਉਨ੍ਹਾਂ ਨੇ ਆਪਣਾ ਇਹ ਬਿਆਨ ਵਾਪਸ ਲੈ ਲਿਆ|
ਅਨਿਲ ਵਿਜ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਹੌਲੀ-ਹੌਲੀ ਨੋਟਾਂ ਤੋਂ ਵੀ ਮਹਾਤਮਾ ਗਾਂਧੀ ਹਟ ਜਾਣਗੇ| ਮਹਾਤਮਾ ਗਾਂਧੀ ਦੇ ਨਾਮ ਤੋਂ ਖਾਦੀ ਦਾ ਕੋਈ ਪੇਟੈਂਟ ਨਹੀਂ ਹੈ| ਚੰਗਾ ਕੀਤਾ ਜੋ ਗਾਂਧੀ ਨੂੰ ਹਟਾ ਕੇ ਮੋਦੀ ਦੀ ਫੋਟੋ ਲਾ ਦਿੱਤੀ| ਮੋਦੀ ਬਿਹਤਰ ਬ੍ਰਾਂਡ ਨਾਮ ਹੈ| ਖਾਦੀ ਨਾਲ ਉਨ੍ਹਾਂ ਨਾਲ ਜੁੜਨ ਨਾਲ ਖਾਦੀ ਦੀ ਵਿਕਰੀ ਵਿਚ 14 ਫੀਸਦੀ ਵਧੀ ਹੈ|
ਇਸ ਦੌਰਾਨ ਚਾਰੇ ਪਾਸੇ ਤੋਂ ਹੋ ਰਹੀ ਆਲੋਚਨਾ ਤੋਂ ਬਾਅਦ ਵਿਜ ਨੇ ਕਿਹਾ ਕਿ ਮਹਾਤਮਾ ਗਾਂਧੀ ਉਤੇ ਦਿੱਤਾ ਗਿਆ ਬਿਆਨ ਮੇਰਾ ਨਿੱਜੀ ਬਿਆਨ ਹੈ| ਇਹ ਕਿਸੇ ਦੀ ਭਾਵਨਾ ਨੂੰ ਸੱਟ ਨਾ ਪਹੁੰਚਾਏ, ਇਸ ਲਈ ਮੈਂ ਇਸ ਨੂੰ ਵਾਪਸ ਲੈਂਦਾ ਹਾਂ|















