ਨਵੀਂ ਦਿੱਲੀ— ਭਾਜਪਾ ਨੇ ਚੋਣ ਕਮਿਸ਼ਨ ‘ਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਉਸ ਬਿਆਨ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ‘ਚ ਉਨ੍ਹਾਂ ਨੇ ਕਥਿਤ ਤੌਰ ‘ਤੇ ਕਾਂਗਰਸ ਦੇ ਚੋਣ ਚਿੰਨ੍ਹ ‘ਹੱਥ’ ਨੂੰ ਕਈ ਧਰਮਾਂ ਦੇ ਭਗਵਾਨਾਂ ਨਾਲ ਜੋੜਿਆ ਸੀ। ਭਾਜਪਾ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਇਹ ਨਾ ਸਿਰਫ ਚੋਣ ਜ਼ਾਬਤਾ ਦੀ ਉਲੰਘਣਾ ਹੈ ਸਗੋਂ ਇਹ ਸੁਪਰੀਮ ਕੋਰਟ ਦੇ ਉਸ ਨਿਰਦੇਸ਼ ਦੇ ਵੀ ਖਿਲਾਫ ਹੈ, ਜਿਸ ‘ਚ ਕਿਹਾ ਗਿਆ ਸੀ ਕਿ ਕਿਸੇ ਵੀ ਨੇਤਾ ਨੂੰ ਧਰਮ ਦੇ ਨਾਂ ‘ਤੇ ਵੋਟ ਨਹੀਂ ਮੰਗਣੀ ਚਾਹੀਦੀ। ਪਾਰਟੀ ਦਾ ਦੋਸ਼ ਹੈ ਕਿ 11 ਜਨਵਰੀ ਨੂੰ ਕਾਂਗਰਸ ਵੱਲੋਂ ਦਿੱਲੀ ‘ਚ ਆਯੋਜਿਤ ਜਨ ਵੇਦਨਾ ਸੰਮੇਲਨ ‘ਚ ਰਾਹੁਲ ਨੇ ਇਹ ਵਿਵਾਦਪੂਰਨ ਬਿਆਨ ਦਿੱਤਾ ਸੀ।
ਚੋਣ ਕਮਿਸ਼ਨ ‘ਚ ਦਰਜ ਕਰਵਾਈ ਗਈ ਸ਼ਿਕਾਇਤ ‘ਚ ਭਾਜਪਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਧਰਮ ਨਾਲ ਜੁੜੀ ਗੱਲ ਕਰਦੇ ਹੋਏ ਭਾਰਤੀ ਰਾਸ਼ਟਰੀ ਕਾਂਗਰਸ ਦੇ ਚਿੰਨ੍ਹ ‘ਹੱਥ’ ਨੂੰ ਸ਼ਿਵ, ਸ੍ਰੀ ਗੁਰੂ ਨਾਨਕ, ਬੁੱਧ, ਇਸਲਾਮ ਅਤੇ ਮਹਾਵੀਰ ਨਾਲ ਜੋੜਿਆ ਸੀ। ਆਪਣੀ ਸ਼ਿਕਾਇਤ ਦੇ ਸਮਰਥਨ ‘ਚ ਭਾਜਪਾ ਨੇ ਪ੍ਰੈੱਸ ਅਤੇ ਨਿਊਜ਼ ਚੈਨਲਾਂ ਦੀ ਰਿਪੋਰਟ ਵੀ ਪੇਸ਼ ਕੀਤੀ ਹੈ। ਰਾਹੁਲ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਜਦੋਂ ਉਹ ਇਨ੍ਹਾਂ ਭਗਵਾਨਾਂ ਦੀਆਂ ਤਸਵੀਰਾਂ ਵੱਲ ਦੇਖਦੇ ਹਨ ਤਾਂ ਉਨ੍ਹਾਂ ਨੂੰ ਕਾਂਗਰਸ ਦਾ ਚੋਣ ਚਿੰਨ੍ਹ ‘ਹੱਥ’ ਨਜ਼ਰ ਆਉਂਦਾ ਹੈ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਾਂਗਰਸ ਦਾ ਹੱਥ ਸਿੰਬਲ ਖੋਹ ਕੇ, ਉਸ ਦਾ ਰਾਸ਼ਟਰੀ ਪਾਰਟੀ ਦਾ ਦਰਜ ਖਤਮ ਕੀਤਾ ਜਾਣਾ ਚਾਹੀਦਾ। ਭਾਜਪਾ ਦਾ ਦੋਸ਼ ਹੈ ਕਿ ਰਾਹੁਲ ਨੇ ਇਹ ਬਿਆਨ ਜਾਣ ਬੁੱਝ ਕੇ ਕਾਂਗਰਸ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੋੜਨ ਦੇ ਮਕਸਦ ਨਾਲ ਦਿੱਤਾ ਹੈ।















