5 ਸੂਬਿਆਂ ਦੇ Assembly Election Results 2026: ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋਈ ਵੋਟਾਂ ਦੀ ਗਿਣਤੀ

ਨੈਸ਼ਨਲ ਡੈਸਕ : ਪੰਜ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਸ਼ੁਰੂ ਹੋ ਗਈ ਹੈ। ਇਨ੍ਹਾਂ ਚੋਣਾਂ ਵਿੱਚ ਪੱਛਮੀ ਬੰਗਾਲ, ਅਸਾਮ, ਕੇਰਲ, ਤਾਮਿਲਨਾਡੂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਸ਼ਾਮਲ ਹਨ। ਚੋਣ ਨਤੀਜੇ ਕੁੱਲ 824 ਸੀਟਾਂ (ਪੱਛਮੀ ਬੰਗਾਲ (294 ਸੀਟਾਂ), ਤਾਮਿਲਨਾਡੂ (234 ਸੀਟਾਂ), ਕੇਰਲ (140 ਸੀਟਾਂ), ਅਸਾਮ (126 ਸੀਟਾਂ), ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ (30 ਸੀਟਾਂ)) ਦੇ ਸਾਹਮਣੇ ਆਉਣ ਵਾਲੇ ਹਨ।
ਪੱਛਮੀ ਬੰਗਾਲ (294 ਸੀਟਾਂ)
ਇਸ ਵਾਰ ਪੱਛਮੀ ਬੰਗਾਲ ਵਿੱਚ ਮੁਕਾਬਲਾ ਬਹੁਤ ਦਿਲਚਸਪ ਹੈ। ਇਥੇ ਕੁੱਲ 293 ਸੀਟਾਂ ਲਈ ਦੋ ਪੜਾਵਾਂ ਵਿੱਚ ਵੋਟਿੰਗ ਕਰਵਾਈ ਗਈ। ਰਾਜ ਵਿੱਚ 92 ਪ੍ਰਤੀਸ਼ਤ ਤੋਂ ਵੱਧ ਦੀ ਰਿਕਾਰਡ ਵੋਟਿੰਗ ਦਰਜ ਕੀਤੀ ਗਈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਲਗਾਤਾਰ ਚੌਥੀ ਜਿੱਤ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਵੀ ਸੱਤਾ ਲਈ ਮੁਕਾਬਲਾ ਕਰ ਰਹੀ ਹੈ। ਭਵਾਨੀਪੁਰ ਸੀਟ ‘ਤੇ ਮਮਤਾ ਬੈਨਰਜੀ ਅਤੇ ਸੁਵੇਂਦੂ ਅਧਿਕਾਰੀ ਵਿਚਕਾਰ ਸਿੱਧਾ ਮੁਕਾਬਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਸਾਮ (126 ਸੀਟਾਂ)
ਅਸਾਮ ਵਿੱਚ ਕੁੱਲ 126 ਸੀਟਾਂ ਲਈ ਵੋਟਿੰਗ ਇੱਕੋ ਪੜਾਅ ਵਿੱਚ ਹੋਈ, ਜਿਸ ਵਿੱਚ 85 ਪ੍ਰਤੀਸ਼ਤ ਤੋਂ ਵੱਧ ਵੋਟਰਾਂ ਨੇ ਵੋਟਿੰਗ ਕੀਤੀ। ਹਿਮੰਤ ਬਿਸਵਾ ਸਰਮਾ ਦੀ ਅਗਵਾਈ ਵਾਲੀ ਭਾਜਪਾ ਸੂਬੇ ਵਿਚ ਲਗਾਤਾਰ ਤੀਜੀ ਸਰਕਾਰ ਬਣਾਉਣ ਦੀ ਉਮੀਦ ਕਰ ਰਹੀ ਹੈ। ਇੰਡੀਅਨ ਨੈਸ਼ਨਲ ਕਾਂਗਰਸ ਵੀ ਲੰਬੀ ਗੈਰਹਾਜ਼ਰੀ ਤੋਂ ਬਾਅਦ ਸੱਤਾ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ।
ਤਾਮਿਲਨਾਡੂ (234 ਸੀਟਾਂ)
ਤਾਮਿਲਨਾਡੂ ਵਿੱਚ 234 ਸੀਟਾਂ ਲਈ ਵੋਟਿੰਗ ਹੋਈ ਸੀ, ਜਿਸ ਵਿੱਚ 85.14 ਪ੍ਰਤੀਸ਼ਤ ਵੋਟਰਾਂ ਨੇ ਰਿਕਾਰਡ ਵੋਟਿੰਗ ਕੀਤੀ। ਰਾਜ ਵਿੱਚ ਇਸ ਵੇਲੇ ਐਮ.ਕੇ. ਸਟਾਲਿਨ ਦੀ ਅਗਵਾਈ ਵਾਲੀ ਦ੍ਰਾਵਿੜ ਮੁਨੇਤਰ ਕਜ਼ਾਗਮ ਸਰਕਾਰ ਹੈ। ਵਿਰੋਧੀ ਧਿਰ ਵਿੱਚ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕਜ਼ਾਗਮ ਅਤੇ ਐਨਡੀਏ ਗੱਠਜੋੜ ਸ਼ਾਮਲ ਹਨ। ਇਸ ਵਾਰ, ਥਾਲਪਤੀ ਵਿਜੇ ਦੀ ਪਾਰਟੀ ਵੀ ਮੁਕਾਬਲੇ ਨੂੰ ਤਿਕੋਣਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਕੇਰਲ (140 ਸੀਟਾਂ)
ਕੇਰਲ ਵਿੱਚ 140 ਸੀਟਾਂ ਲਈ ਇੱਕੋ ਪੜਾਅ ਵਿੱਚ ਵੋਟਾਂ ਪਈਆਂ, ਜਿਸ ਵਿੱਚ 78.27 ਪ੍ਰਤੀਸ਼ਤ ਵੋਟਿੰਗ ਹੋਈ। ਇੱਥੇ ਪੀ ਵਿਜਯਨ ਦੀ ਅਗਵਾਈ ਵਾਲੀ ਐਲਡੀਐਫ ਸਰਕਾਰ ਸੱਤਾ ਵਿੱਚ ਹੈ ਅਤੇ ਆਪਣੀ ਜਿੱਤ ਨੂੰ ਦੁਬਾਰਾ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀਆਂ 30 ਸੀਟਾਂ ਲਈ ਵੋਟਿੰਗ ਹੋਈ, ਜਿੱਥੇ ਲਗਭਗ 90 ਪ੍ਰਤੀਸ਼ਤ ਵੋਟਰਾਂ ਨੇ ਵੋਟਿੰਗ ਦਰਜ ਕੀਤੀ। ਇਥੇ ਐਨ. ਰੰਗਾਸਵਾਮੀ ਦੀ ਅਗਵਾਈ ਵਾਲਾ ਐਨਡੀਏ ਗੱਠਜੋੜ ਸੱਤਾ ਵਿੱਚ ਹੈ। ਅੱਜ ਦੇ ਨਤੀਜੇ ਇਹ ਨਿਰਧਾਰਤ ਕਰਨਗੇ ਕਿ ਉਹ ਸੱਤਾ ਬਰਕਰਾਰ ਰੱਖਦੇ ਹਨ ਜਾਂ ਬਦਲਾਅ ਦਾ ਸਾਹਮਣਾ ਕਰਦੇ ਹਨ।