ਜੂਨਾਗੜ੍ਹ (ਗੁਜਰਾਤ), – ਗੁਜਰਾਤ ਦੇ ਜੂਨਾਗੜ੍ਹ ਜ਼ਿਲੇ ਵਿਚ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਦੇ ਪਲਟ ਜਾਣ ਕਾਰਨ 2 ਔਰਤਾਂ ਦੀ ਮੌਤ ਹੋ ਗਈ ਅਤੇ 15 ਹੋਰ ਯਾਤਰੀ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਨੀਲ ਗਾਂ ਅਚਾਨਕ ਸੜਕ ’ਤੇ ਆ ਗਈ। ਪੁਲਸ ਨੇ ਦੱਸਿਆ ਕਿ ਇਹ ਬੱਸ ਲੱਗਭਗ 40 ਯਾਤਰੀਆਂ ਨੂੰ ਲੈ ਕੇ ਭਾਵਨਗਰ ਤੋਂ ਦਵਾਰਕਾ ਅਤੇ ਸੋਮਨਾਥ ਦੀ ਯਾਤਰਾ ’ਤੇ ਜਾ ਰਹੀ ਸੀ। ਪੁਲਸ ਅਧਿਕਾਰੀ ਦੇ ਅਨੁਸਾਰ, ਇਹ ਹਾਦਸਾ ਮੰਗਰੋਲ ਕਸਬੇ ਤੋਂ ਕੁਝ ਕਿਲੋਮੀਟਰ ਦੂਰ ਰਹੀਜ ਪਿੰਡ ਦੇ ਨੇੜੇ ਦੁਪਹਿਰ ਕਰੀਬ 3 ਵਜੇ ਵਾਪਰਿਆ, ਜਦੋਂ ਡਰਾਈਵਰ ਨੇ ਸੜਕ ’ਤੇ ਅਚਾਨਕ ਆਈ ਨੀਲ ਗਾਂ ਨੂੰ ਦੇਖਿਆ ਅਤੇ ਵਾਹਨ ਤੋਂ ਕੰਟਰੋਲ ਗੁਆਅ ਦਿੱਤਾ।















