ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ?

dar-300x111-300x111ਭਾਜਪਾ ਅਤੇ ਅਕਾਲੀ ਦਲ ਦੇ ਵਿਧਾਇੱਕ ਡਾ. ਨਵਜੋਤ ਕੌਰ ਸਿੱਧੂ ਅਤੇ ਪਰਗਟ ਸਿੰਘ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਉਨ੍ਹਾਂ ਬਾਰੇ ਚਰਚਾ ਇਹ ਹੈ ਕਿ ਉਹ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜਨਗੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਸਾਰੇ ਘਟਨਾਕ੍ਰਮ ਵਿੱਚੋਂ ਕੀ ਖੱਟਿਆ ਹੈ?  ਹੋ ਸਕਦਾ ਹੈ ਕਿ ਇਹ ਜੋ ਲਿਖਿਆ ਜਾ ਰਿਹਾ ਹੈ, ਉਹ ਠੀਕ ਨਾ ਹੋਵੇ ਪਰ ਲੱਗਦਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਸਮਝੌਤੇ ਵਿੱਚੋਂ ਜ਼ਿਆਦਾ ਕੁਝ ਨਹੀਂ ਮਿਲਿਆ।   ਜਦੋਂ ਨਵਜੋਤ ਸਿੱਧੂ ਭਾਜਪਾ ਵਿੱਚ ਸਨ ਤਾਂ ਅੰਮ੍ਰਿਤਸਰ ਤੋਂ ਹੀ ਮੈਂਬਰ ਪਾਰਲੀਮੈਂਟ ਬਣੇ ਸਨ। 2014 ਵਿੱਚ ਪਾਰਟੀ ਨੇ ਫ਼ੈਸਲਾ ਕੀਤਾ ਕਿ ਇਥੋਂ ਅਰੁਣ ਜੇਤਲੀ ਨੂੰ ਚੋਣ ਲੜਾਈ ਜਾਵੇ। ਨਵਜੋਤ ਸਿੱਧੂ ਨੂੰ ਕਈ ਹੋਰ ਥਾਵਾਂ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਪਰ ਉਹ ਨਹੀਂ ਮੰਨੇ। ਪਾਰਟੀ ਲਈ ਚੋਣ ਪ੍ਰਚਾਰ ਵੀ ਕੀਤਾ ਪਰ ਉਹ ਇਸ ਗੱਲੋਂ ਗੁੱਸੇ ਰਹੇ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਟਿਕਟ ਨਹੀਂ ਦਿੱਤੀ। ਉਂਝ ਦੋਵੇਂ ਮੀਆਂ-ਬੀਵੀ ਹਮੇਸ਼ਾ ਇਹ ਵੀ ਕਹਿੰਦੇ ਰਹੇ ਕਿ ਉਨ੍ਹਾਂ ਦਾ ਸਟੈਂਡ ਬਾਦਲਾਂ ਦੇ ਖਿਲਾਫ਼ ਹੈ।  ਪਰ ਭਾਜਪਾ ਜੋ ਕਿ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਈਵਾਲ ਪਾਰਟੀ ਚਲੀ ਆ ਰਹੀ ਹੈ, ਨੇ ਸਿੱਧੂ ਦੀ ਨਿੱਜੀ ਰਾਏ ਨੂੰ ਤਵੱਜੋ ਨਹੀਂ ਦਿੱਤੀ। ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਵੀ ਬਣਾ ਦਿੱਤਾ ਪਰ ਨਵਜੋਤ ਸਿੱਧੂ ਦੀ ਅੱਖ ਕਿਸੇ ਵੱਡੇ ਅਹੁਦੇ ‘ਤੇ ਸੀ। ਉਹ ਬਿਆਨਬਾਜ਼ੀ ਇਹ ਕਰਦੇ ਕਿ ਉਹ ਪੰਜਾਬ ਨਾਲ ਜੁੜ ਕੇ ਰਹਿਣਾ ਚਾਹੁੰਦੇ ਹਨ, ਇਹ ਗੱਲ ਵੱਖਰੀ ਹੈ ਕਿ ਉਹ ਕਦੇ ਵੀ ਪੰਜਾਬ ਮੁੱਦਿਆਂ ਉਤੇ ਗੰਭੀਰ ਨਹੀਂ ਹੋਏ। ਅਸਲ ਵਿੱਚ ਉਨ੍ਹਾਂ ਨੂੰ ਇਹ ਭਰਮ ਪੈ ਗਿਆ ਕਿ ਜਿਸ ਪਾਰਟੀ ਵਿੱਚ ਵੀ ਉਹ ਜਾਣਗੇ ਉਹ ਉਨ੍ਹਾਂ ਨੂੰ ਅੱਖਾਂ ਉਤੇ ਬਿਠਾ ਲਵੇਗੀ। ਪਹਿਲਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਗੱਲਬਾਤ ਤੋਰੀ ਅਤੇ ਆਪ ਦੇ ਕੌਮੀ ਕਨਵੀਨਰ ਨੂੰ ਸਵਾਲ ਕੀਤਾ ਕਿ ਪੰਜਾਬ ਸਿਆਸਤ ਵਿੱਚ ਉਨ੍ਹਾਂ (ਨਵਜੋਤ ਸਿੱਧੂ) ਦੀ ਭੂਮਿਕਾ ਕੀ ਹੋਵੇਗੀ?  ਪਰ ਆਪ ਨੇ ਉਨ੍ਹਾਂ ਨੂੰ ਉਹ ਪੇਸ਼ਕਸ਼ ਨਹੀਂ ਕੀਤੀ ਜਿਸ ਦੇ ਲਈ ਉਹ ਆਪ ਨਾਲ ਹੱਥ ਮਿਲਾਉਣਾ ਚਾਹ ਰਹੇ ਸਨ।  ਆਖਿਰਕਾਰ ਉਨ੍ਹਾਂ ਨੇ ਪ੍ਰਗਟ ਸਿੰਘ ਅਤੇ ਬੈਂਸ ਭਰਾਵਾਂ ਨੂੰ ਲੈ ਕੇ ਆਵਾਜ਼-ਏ-ਪੰਜਾਬ ਨਾਮਕ ਇੱਕ ਮੰਚ ਤਿਆਰ ਕੀਤਾ। ਜਦੋਂ ਆਪ ਨਾਲ ਗੱਲਬਾਤ ਟੁੱਟੀ ਤਾਂ ਚੰਡੀਗੜ੍ਹ ਪ੍ਰੈਸ ਕਾਨਫ਼ਰੰਸ ਵਿੱਚ ਕੇਜਰੀਵਾਲ ਬਾਰੇ ਕਿਹਾ, ‘ਨਾਮ ਬੜੇ ਪਰ ਦਰਸ਼ਨ ਛੋਟੇ।’ ਨਾਲ-ਨਾਲ ਇਹ ਵੀ ਕਿਹਾ ਕਿ ਕੇਜਰੀਵਾਲ ਵੀ ਉਨ੍ਹਾਂ ਨੂੰ ਸ਼ੋਅ ਪੀਸ ਬਣਾ ਕੇ ਰੱਖਣਾ ਚਾਹ ਰਹੇ ਸਨ। ਫ਼ਿਰ ਕਾਂਗਰਸ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਵਾਜ਼-ਏ-ਪੰਜਾਬ ਨੂੰ ਟਾਂਗਾ ਪਾਰਟੀ ਤਕ ਕਹਿ ਦਿੱਤਾ। ਕਦੇ ਉਨ੍ਹਾਂ ਨੇ ਕਿਹਾ ਕਿ ਸਿੱਧੂ ਬਿਨਾਂ ਸ਼ਰਤ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ ਅਤੇ ਕਦੇ ਇਹ ਪ੍ਰਭਾਵ ਦਿੱਤਾ ਕਿ ਪਾਰਟੀ ਨੂੰ ਸਿੱਧੂ ਦੀ ਕੋਈ ਲੋੜ ਨਹੀਂ। ਇਸ ਦੌਰਾਨ ਇਹੀ ਪ੍ਰਭਾਵ ਮਿਲਿਆ ਕਿ ਸਿੱਧੂ ਪੰਜਾਬ ਦੇ ਹੇਜ ਦੀ ਜਿਹੜੀ ਗੱਲ ਕਰ ਰਹੇ ਹਨ, ਉਹ ਤਾਂ ਇੱਕ ਸ਼ੋਸ਼ਾ ਹੈ, ਅਸਲ ਵਿੱਚ ਉਹ ਆਪਣੀ ਹੋਂਦ ਜੋ ਕਿ ਲਗਾਤਾਰ ਗਿਰਾਵਟ ਵੱਲ ਜਾ ਰਹੀ ਸੀ, ਨੂੰ ਕਾਇਮ ਕਰਨ ਲਈ ਸਿਆਸੀ ਸੌਦੇਬਾਜ਼ੀ ਵਿੱਚ ਲੱਗੇ ਹੋਏ ਸਨ। ਇਸ ਲਈ ਕਦੇ ਉਹ ਆਪ ਨਾਲ ਗੱਲਬਾਤ ਕਰਦੇ ਅਤੇ ਕਦੇ ਕਾਂਗਰਸ ਨਾਲ। ਇਸ ਨਾਲ ਲੋਕਾਂ ਵਿੱਚ ਵੀ ਸਿੱਧੂ ਜੋੜੇ ਬਾਰੇ ਨਾਂਹਪੱਖੀ ਪ੍ਰਭਾਵ ਹੀ ਗਿਆ। ਪਰ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਪ੍ਰਮੁੱਖ ਆਗੂ ਰਾਹੁਲ ਗਾਂਧੀ ਨਾਲ ਗੱਲਬਾਤ ਕਰਵਾ ਕੇ ਕਾਂਗਰਸ ਵਿੱਚ ਸ਼ਾਮਲ ਕਰਨ ਦਾ ਮੌਕਾ ਬਣਾ ਲਿਆ ਹੈ।  ਹੁਣ ਇਸ ਸਮੇਂ ਜੋ ਮੀਡੀਆ ਵਿੱਚੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਸ ਤੋਂ ਇਹੀ ਲੱਗ ਰਿਹਾ ਹੈ ਕਿ ਇਸ ਸਾਰੇ ਸਮਝੌਤੇ ਵਿੱਚੋਂ ਨਵਜੋਤ ਸਿੰਘ ਸਿੱਧੂ ਕੋਈ ਵੱਡੇ ਮੁਨਾਫ਼ੇ ਵਿੱਚ ਨਹੀਂ ਰਹੇ। ਉਨ੍ਹਾਂ ਦੀ ਪਤਨੀ ਨੂੰ ਜੇਕਰ ਉਹ ਭਾਜਪਾ ਵਿੱਚ ਵੀ ਰਹਿੰਦੇ ਤਾਂ ਵੀ ਟਿਕਟ ਮਿਲ ਹੀ ਜਾਣੀ ਸੀ। ਭਾਜਪਾ ਨੇ ਉਂਝ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਹੋਇਆ ਹੀ ਸੀ ਅਤੇ  ਆਉਂਦੀਆਂ ਲੋਕ ਸਭਾ ਚੋਣਾਂ ਸਮੇਂ ਸ਼ਾਇਦ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਟਿੱਕਟ ਮਿਲ ਹੀ ਜਾਂਦੀ। ਇਸ ਤੋਂ ਇਲਾਵਾ ਹੁਣ ਕਾਂਗਰਸ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਸ੍ਰ. ਸਿੱਧੂ ਨੂੰ ਬਹੁਤ  ਜ਼ਿਆਦਾ ਮਿਹਨਤ ਵੀ ਕਰਨੀ ਪਵੇਗੀ। ਜਿਥੋਂ ਤਕ ਕਾਂਗਰਸ ਦੀ ਗੱਲ ਹੈ, ਉਸ ਨੂੰ ਵੀ ਕੋਈ ਵੱਡੀ ਪ੍ਰਾਪਤੀ ਨਹੀਂ ਹੋਈ। ਨਵਜੋਤ ਸਿੰਘ ਸਿੱਧੂ ਦਾ ਨਾਮ ਜ਼ਰੂਰ ਵੱਡਾ ਹੈ ਪਰ ਉਨ੍ਹਾਂ ਨਾਲ ਵੋਟਰਾਂ ਦੀ ਗਿਣਤੀ ਵੱਡੀ ਨਹੀਂ ਹੈ। ਜਿਹੜੇ ਉਨ੍ਹਾਂ ਦੇ ਸਮਰਥਕ ਸਨ ਉਹ ਸਾਰੇ ਦੇ ਸਾਰੇ ਭਾਜਪਾ ਵਰਕਰ ਸਨ। ਅਜਿਹਾ ਨਹੀਂ ਹੋਵੇਗਾ ਕਿ ਜੇਕਰ ਸ੍ਰ. ਸਿੱਧੂ ਨੂੰ ਕਿਤੋਂ ਵੀ ਖੜ੍ਹਾਇਆ ਜਾਵੇਗਾ ਤਾਂ ਉਹ ਭਾਜਪਾ ਵਰਕਰ ਕਾਂਗਰਸ ਲਈ ਵੋਟਾਂ ਪਾਉਣਗੇ। ਹਾਂ, ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਹੁਣ ਜਦੋਂ ਕਾਂਗਰਸ ਵਿੱਚ ਸ੍ਰ. ਜਗਮੀਤ ਸਿੰਘ ਬਰਾੜ ਅਤੇ ਸ੍ਰ. ਬੀਰਦਵਿੰਦਰ ਸਿੰਘ ਨਹੀਂ ਹਨ ਤਾਂ ਉਸ ਕੋਲ ਚੰਗਾ ਬੁਲਾਰਾ ਨਹੀਂ ਹੈ ਜੋ ਮਜ਼ਮਾ ਲਗਾ ਸਕੇ। ਇਸ ਲਈ ਕਾਂਗਰਸ ਵਿੱਚ ਵੀ ਉਨ੍ਹਾਂ ਦੀ ਹੈਸੀਅਤ ਸ਼ੋਅ ਪੀਸ ਵਾਲੀ ਹੀ ਰਹੇਗੀ।  ਸ੍ਰ. ਸਿੱਧੂ ਦੇ ਸਾਥੀ ਸਾਬਕਾ ਉਲੰਪਿਅਨ ਸ੍ਰ. ਪ੍ਰਗਟ ਸਿੰਘ ਵੀ ਇਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਹ ਨਾਲ-ਨਾਲ ਇਹ ਵੀ ਕਹਿ ਰਹੇ ਹਨ ਕਿ ਉਹ ਜੇਕਰ ਚੋਣ ਲੜਨਗੇ ਤਾਂ ਸਿਰਫ਼ ਤੇ ਸਿਰਫ਼ ਜਲੰਧਰ ਛਾਉਣੀ ਤੋਂ ਹੀ ਲੜਨਗੇ। ਪਿਛਲੀ ਵਿਧਾਨ ਸਭਾ ਦੀ ਚੋਣ ਵੀ ਉਹ ਅਕਾਲੀ ਦਲ ਦੀ ਟਿਕਟ ਤੋਂ ਇਥੋਂ ਹੀ ਲੜ ਕੇ ਜਿੱਤ ਚੁੱਕੇ ਹਨ। ਹੁਣ ਇਥੇ ਸਮੱਸਿਆ ਇਹ ਹੈ ਕਿ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇਥੋਂ ਜਗਬੀਰ ਸਿੰਘ ਬਰਾੜ ਨੂੰ ਪਹਿਲਾਂ ਹੀ ਥਾਪੜਾ ਦੇ ਚੁੱਕੇ ਹਨ। ਪ੍ਰਗਟ ਸਿੰਘ ਦੇ ਵਲੋਂ ਰੱਖੀ ਗਈ ਸ਼ਰਤ ਕਾਰਨ ਕਾਂਗਰਸ ਦਾ ਆਪਣਾ ਹੀ ਸਮੀਕਰਨ ਵਿਗੜ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਅਕਾਲੀ ਦਲ ਤੋਂ ਬਾਗੀ ਹੋਏ ਸਰਵਣ ਸਿੰਘ ਫ਼ਿਲੌਰ ਨੂੰ ਸ਼ਾਮਲ ਕਰ ਲਿਆ ਜਿਸ ਕਾਰਨ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹੀ ਨਰਾਜ਼ ਹੋ ਗਏ ਹਨ ਕਿਉਂਕਿ ਜਿਹੜੇ ਇਨ੍ਹਾਂ ਚੋਣ ਖੇਤਰਾਂ ਤੋਂ ਚੋਣ ਲੜਨਾ ਚਾਹ ਰਹੇ ਹਨ, ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇਹੀ ਕਾਰਨ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅਵਿਨਾਸ਼ ਚੰਦਰ ਨੂੰ ਕਾਂਗਰਸ ਵਿੱਚ ਸ਼ਾਮਲ ਨਹੀਂ ਕਰਵਾ ਰਹੇ। ਜੇਕਰ ਕੋਈ ਪਾਰਟੀ ਦੂਜੀਆਂ ਪਾਰਟੀਆਂ ਦੇ ਬਾਗੀਆਂ ਨੂੰ ਸ਼ਾਮਲ ਕਰਵਾਉਂਦੀ ਹੈ ਤਾਂ ਬਾਅਦ ਵਿੱਚ ਆਪਣੇ ਵੀ ਤਾਂ ਬਾਗੀ ਹੁੰਦੇ ਹਨ। ਇਸ ਲਈ ਇਹ ਕਦਮ ਦੋਧਾਰੀ ਤਲਵਾਰ ਵਰਗਾ ਹੀ ਹੁੰਦਾ ਹੈ। ਬਾਕੀ ਆਉਣ ਵਾਲੇ ਸਮੇਂ ਵਿੱਚ ਸਿਆਸਤ ਹੋਰ ਜ਼ਿਆਦਾ ਦਿਲਚਸਪ ਹੁੰਦੀ ਜਾਵੇਗੀ। ਹਾਲ ਦੀ ਘੜੀ ਜੋ ਵੱਡੀ ਸਿਆਸੀ ਘਟਨਾ ਨਵਜੋਤ ਸਿੰਘ ਸਿੱਧੂ ਦੀ ਹੈ, ਇਸ ਸਬੰਧ ਵਿੱਚ ਪ੍ਰਸਿਧ ਗਾਇੱਕ ਗੁਰਦਾਸ ਮਾਨ ਦਾ ਗੀਤ ਯਾਦ ਆ ਰਿਹਾ ਹੈ-‘ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ’ ਜੋ ਕਿ ਸ੍ਰ. ਸਿੱਧੂ ‘ਤੇ ਪੂਰੀ ਤਰ੍ਹਾਂ ਢੁੱਕਦਾ ਹੈ। ਭਾਜਪਾ ਕਹਿ ਰਹੀ ਹੈ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ।

LEAVE A REPLY