ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦਿੱਲੀ ਦੇ ਨਾਂਗਲੋਈ ਇਲਾਕੇ ਵਿਚ ਇਕ ਚਲਦੀ ਪ੍ਰਾਈਵੇਟ ਬੱਸ ਵਿਚ ਡਰਾਈਵਰ ਅਤੇ ਕੰਡਕਟਰ ਵੱਲੋਂ ਇੱਕ ਔਰਤ ਨਾਲ ਕਥਿਤ ਤੌਰ ‘ਤੇ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਪੁਲਸ ਨੇ ਇਸ ਮਾਮਲੇ ਦੇ ਸਬੰਧ ਵਿਚ ਕਾਰਵਾਈ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ ਇਹ ਘਟਨਾ 2 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਦਿੱਲੀ ਪੁਲਸ ਨੇ ਅਜੇ ਤੱਕ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਪੀੜਤ ਮਹਿਲਾ ਦੀ ਸ਼ਿਕਾਇਤ ਦੇ ਆਧਾਰ ‘ਤੇ 12 ਮਈ ਨੂੰ ਰਾਣੀ ਬਾਗ ਪੁਲਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 64(1) (ਬਲਾਤਕਾਰ), 70(1) (ਸਮੂਹਿਕ ਬਲਾਤਕਾਰ), ਅਤੇ 3(5) (ਸਾਂਝਾ ਇਰਾਦਾ) ਤਹਿਤ ਐਫਆਈਆਰ ਦਰਜ ਕੀਤੀ ਗਈ। ਪੀੜਤ ਮਹਿਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਇਕ ਪ੍ਰਾਇਵੇਟ ਬੱਸ ਵਿਚ ਦੋ ਵਿਅਕਤੀਆਂ ਨੇ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਗੈਂਗਰੇਪ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੀੜਤ ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਤੁਰੰਤ ਹਰਕਤ ਵਿਚ ਆ ਗਈ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਪੁਲਸ ਨੇ ਇਸ ਮਾਮਲੇ ਦੇ ਸਬੰਧ ਵਿਚ ਦੋਵੇਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਪ੍ਰਾਈਵੇਟ ਬੱਸ ਵਿਚ ਇਕ ਘਿਨੌਣੀ ਕਰਤੂਤ ਨੂੰ ਅੰਜ਼ਾਮ ਦਿੱਤਾ ਗਿਆ ਸੀ, ਉਸ ਨੂੰ ਵੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਸ ਇਸ ਮਾਮਲੇ ਦੇ ਹਰੇਕ ਪਹਿਲੂ ਦੀ ਜਾਂਚ ਕਰ ਰਹੀ ਹੈ, ਤਾਂ ਜੋ ਪੀੜਤ ਮਹਿਲਾ ਨੂੰ ਇਨਸਾਫ ਮਿਲ ਸਕੇ। ਦੱਸ ਦੇਈਏ ਕਿ ਇਸ ਘਟਨਾ ਨੇ ਇਕ ਵਾਰ ਫਿਰ ਰਾਜਧਾਨੀ ਵਿਚ ਮਹਿਲਾਵਾਂ ਦੀ ਸੁਰੱਖਿਆਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।















