ਅੰਮ੍ਰਿਤਸਰ ਭਾਰਤ-ਪਾਕਿਸਤਾਨ ਸਰਹੱਦ ’ਤੇ ਇਕ ਵਾਰ ਫਿਰ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਰਾਤ ਪਾਕਿਸਤਾਨ ਵਾਲੇ ਪਾਸੇ ਤੋਂ ਆਇਆ ਇਕ ਡਰੋਨ ਭਾਰਤੀ ਖੇਤਰ ’ਚ ਲੱਗਭਗ 5.5 ਕਿਲੋਮੀਟਰ ਅੰਦਰ ਤੱਕ ਦਾਖਲ ਹੋ ਗਿਆ ਅਤੇ ਕਥਿਤ ਤੌਰ ’ਤੇ 16 ਕਿਲੋ ਹੈਰੋਇਨ ਸੁੱਟਣ ਤੋਂ ਬਾਅਦ ਵਾਪਸ ਪਰਤ ਗਿਆ। ਸੂਤਰਾਂ ਅਨੁਸਾਰ ਇਹ ਡਰੋਨ ਅੰਮ੍ਰਿਤਸਰ ਸਰਹੱਦੀ ਖੇਤਰ ਅਧੀਨ ਪੈਂਦੇ ਪਿੰਡ ਡੱਲਾ ਤੱਕ ਪਹੁੰਚ ਗਿਆ, ਜੋ ਬਾਰਡਰ ਫੈਂਸਿੰਗ ਤੋਂ ਕਰੀਬ 6 ਕਿਲੋਮੀਟਰ ਦੂਰ ਹੈ।
ਘਟਨਾ ਤੋਂ ਬਾਅਦ ਖੇਤਰ ’ਚ ਤਾਇਨਾਤ ਬੀ. ਐੱਸ. ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਤੁਰੰਤ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਡਰੋਨ ਘੁਸਪੈਠ ਡਰੱਗਜ਼ ਦੀ ਸਮੱਗਲਿੰਗ ਦੇ ਇਕ ਵੱਡੇ ਨੈੱਟਵਰਕ ਦਾ ਹਿੱਸਾ ਹੋ ਸਕਦੀ ਹੈ।















