ਜਲੰਧਰ – 5 ਮਈ ਦੀ ਰਾਤ ਨੂੰ ਜਲੰਧਰ ਵਿੱਚ ਬੀ. ਐੱਸ. ਐੱਫ਼. ਹੈੱਡਕੁਆਰਟਰ ਦੇ ਸਾਹਮਣੇ ਹੋਏ ਆਈ. ਈ. ਡੀ. ਧਮਾਕੇ ਮਾਮਲੇ ‘ਚ ਪੁਲਸ ਅਤੇ ਖ਼ੁਫ਼ੀਆ ਵਿੰਗ ਨੂੰ ਮਹੱਤਵਪੂਰਨ ਸੁਰਾਗ ਮਿਲੇ ਹਨ। ਪੰਜਾਬ ‘ਚ ਇੱਕ ਵੱਡਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਟੀਮਾਂ ਦੇਰ ਰਾਤ ਤੱਕ ਨਕੋਦਰ, ਕਪੂਰਥਲਾ, ਨਵਾਂਸ਼ਹਿਰ, ਅੰਮ੍ਰਿਤਸਰ, ਤਰਨਤਾਰਨ ਅਤੇ ਹੁਸ਼ਿਆਰਪੁਰ ਖੇਤਰਾਂ ‘ਚ ਜਾਂਚ ਕਰ ਰਹੀਆਂ ਹਨ। ਇਸ ਕਾਰਵਾਈ ਦੌਰਾਨ ਪੁਲਸ ਨੇ ਕੁੱਲ੍ਹ 17 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਹੈ। ਹਿਰਾਸਤ ‘ਚ ਲਏ ਗਏ ਜ਼ਿਆਦਾਤਰ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੇ ਸੰਪਰਕ ‘ਚ ਸਨ।
ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਅਤੇ ਜਲੰਧਰ ਦੋਵੇਂ ਧਮਾਕੇ ਪਾਕਿਸਤਾਨ ਦੀ ਆਈ. ਐੱਸ. ਆਈ. ਏਜੰਸੀ ਨੇ ਆਪਣੇ ਖਾਲਿਸਤਾਨੀ ਨੈੱਟਵਰਕ ਰਾਹੀਂ ਕੀਤੇ ਸਨ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੇ ਬਹੁਤ ਨੇੜੇ ਹੈ।















