ਚਾਹੇ ਰਾਸ਼ਟਰਪਤੀ ਸ਼ਾਸਨ ਲਗਾਓ, ਬਰਖ਼ਾਸਤ ਕਰੋ, ਨਹੀਂ ਦੇਵਾਂਗੀ ਅਸਤੀਫ਼ਾ’, ਜ਼ਿੱਦ ’ਤੇ ਅੜੀ ਮਮਤਾ

ਕੋਲਕਾਤਾ – ਪੱਛਮੀ ਬੰਗਾਲ ਚੋਣਾਂ ਦੇ ਨਤੀਜਿਆਂ ’ਤੇ ਇਤਰਾਜ਼ ਜਤਾਉਂਦੇ ਹੋਏ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੇ ਜਿਹੜੇ ਉਮੀਦਵਾਰ ਹਾਰੇ ਹਨ, ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਜ਼ਬਰਦਸਤੀ ਹਰਾਇਆ ਗਿਆ ਹੈ। ਉਨ੍ਹਾਂ ਨੇ ਇਸ ਦੇ ਲਈ ਚੋਣ ਕਮਿਸ਼ਨ, ਪੱਛਮੀ ਬੰਗਾਲ ਪੁਲਸ, ਸੀ. ਆਰ. ਪੀ. ਐੱਫ. ਅਤੇ ਮੁੱਖ ਚੋਣ ਅਧਿਕਾਰੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਦੇ 1500 ਤੋਂ ਵੱਧ ਦਫ਼ਤਰਾਂ ’ਤੇ ਕਬਜ਼ਾ ਕਰ ਲਿਆ ਗਿਆ ਹੈ।
ਰਿਪੋਰਟਾਂ ਅਨੁਸਾਰ, ਮਮਤਾ ਬੈਨਰਜੀ ਨੇ ਤ੍ਰਿਣਮੂਲ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੀਟਿੰਗ ਵਿਚ ਕਿਹਾ ਕਿ ਬੰਗਾਲ ਤੋਂ ਬਾਅਦ ਹੁਣ ‘ਇੰਡੀਆ’ ਗੱਠਜੋੜ ਦੀ ਟੀਮ ਇਕਜੁੱਟ ਹੈ। ਮਮਤਾ ਨੇ ਕਿਹਾ ਕਿ ਚਾਹੇ ਰਾਸ਼ਟਰਪਤੀ ਸ਼ਾਸਨ ਲਗਾਉਣਾ ਚਾਹੁੰਦੇ ਹਨ ਤਾਂ ਲੱਗਾ ਦੇਣ ਮੈਂ ਹਾਰ ਮੰਨਣ ਵਾਲਿਆਂ ਵਿਚੋਂ ਨਹੀਂ ਹਾਂ। ਉਹ ਅਸਤੀਫ਼ਾ ਨਹੀਂ ਦੇਵੇਗੀ, ਕਿਉਂਕਿ ਚੋਣਾਂ ਵਿਚ ਉਸ ਨੂੰ ਧੋਖੇ ਨਾਲ ਹਰਾਇਆ ਗਿਆ ਹੈ। ਇਸ ਦੌਰਾਨ ਜੇਕਰ ਲੋੜ ਪਈ ਤਾਂ ਉਹ ਅੰਤਰਰਾਸ਼ਟਰੀ ਅਦਾਲਤ ਜਾਵੇਗੀ, ਪਾਰਟੀ ਨਾਲ ਵਿਸ਼ਵਾਸਘਾਤ ਕਰਨ ਵਾਲਿਆਂ ਦੀ ਸੂਚੀ ਤਿਆਰ ਕਰਕੇ ਜਮ੍ਹਾ ਕਰਵਾਈ ਜਾਵੇ।
ਮਮਤਾ ਨੇ ਕਿਹਾ ਕਿ ਮੈਂ ਅਸਤੀਫ਼ਾ ਨਹੀਂ ਦੇਵਾਂਗੀ। ਚਾਹੇ ਉਹ ਮੈਨੂੰ ਬਰਖ਼ਾਸਤ ਕਰ ਦੇਣ। ਮੈਂ ਚਾਹੁੰਦੀ ਹਾਂ ਕਿ ਇਹ ਕਾਲਾ ਦਿਨ ਹੋਵੇ। ਸਾਨੂੰ ਮਜ਼ਬੂਤ ਰਹਿਣਾ ਹੋਵੇਗਾ। ਵਿਧਾਨ ਸਭਾ ਦੇ ਪਹਿਲੇ ਦਿਨ ਤ੍ਰਿਣਮੂਲ ਦੇ ਸਾਰੇ ਵਿਧਾਇਕ ਕਾਲੇ ਕੱਪੜੇ ਪਹਿਨਣ। ਜਿਨ੍ਹਾਂ ਨੇ ਧੋਖਾ ਦਿੱਤਾ ਹੈ, ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਜਾਵੇਗਾ। ਮੈਂ ਹੱਸ ਰਹੀ ਹਾਂ। ਮੈਂ ਉਨ੍ਹਾਂ ਨੂੰ ਨੈਤਿਕ ਤੌਰ ’ਤੇ ਹਰਾਇਆ ਹੈ। ਮੈਂ ਇਕ ਆਜ਼ਾਦ ਪੰਛੀ ਹਾਂ। ਮੈਂ ਸਾਰਿਆਂ ਲਈ ਕੰਮ ਕੀਤਾ ਹੈ। ਅਸੀਂ ਭਾਵੇਂ ਹਾਰ ਗਏ ਹੋਈਏ, ਪਰ ਅਸੀਂ ਲੜਾਂਗੇ।
ਹਿੰਸਾ ਨੂੰ ਰੋਕਣਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ : ਤ੍ਰਿਣਮੂਲ
ਤ੍ਰਿਣਮੂਲ ਬੁਲਾਰੇ ਅਤੇ ਵਿਧਾਇਕ ਕੁਣਾਲ ਘੋਸ਼ ਨੇ ਕਿਹਾ ਕਿ ਹਿੰਸਾ ਨੂੰ ਰੋਕਣਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ। ਭਾਜਪਾ ਨੇ ਜੋ ਕਿਹਾ ਸੀ ਅਤੇ ਜੋ ਜ਼ਮੀਨ ’ਤੇ ਹੋ ਰਿਹਾ ਹੈ, ਉਹ ਬਿਲਕੁਲ ਉਸ ਦੇ ਉਲਟ ਹੈ। ਜੋ ਹਿੰਸਾ ਹੋ ਰਹੀ ਹੈ, ਉਹ ਲੋਕਤੰਤਰ ਲਈ ਸਹੀ ਨਹੀਂ ਹੈ। ਮਮਤਾ ਬੈਨਰਜੀ ਦਾ ਅਸਤੀਫ਼ਾ ਨਾ ਦੇਣਾ, ਭਾਜਪਾ ਵੱਲੋਂ ਕੀਤੀ ਗਈ ਸੀਟਾਂ ਦੀ ਲੁੱਟ ਦੇ ਖ਼ਿਲਾਫ ਉਨ੍ਹਾਂ ਦਾ ਇਕ ਸੰਕੇਤਕ ਪ੍ਰੋਟੈਸਟ ਹੈ।