ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਲੀਗਲ ਨੋਟਿਸ, 7 ਦਿਨਾਂ ਦਾ ਦਿੱਤਾ ਅਲਟੀਮੇਟਮ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਮੁੱਖ ਮੰਤਰੀ ਵੱਲੋਂ ਬੀਤੇ ਦਿਨੀਂ ਬੰਬ ਧਮਾਕਿਆਂ ਦੇ ਸਬੰਧ ਵਿਚ ਦਿੱਤੇ ਗਏ ਉਸ ਬਿਆਨ ਨੂੰ ਲੈ ਕੇ ਭੇਜਿਆ ਹੈ, ਜਿਸ ਵਿਚ ਮਾਨ ਨੇ ਪੰਜਾਬ ਵਿਚ ਹੋਏ ਬੰਬ ਧਮਾਕਿਆਂ ਨੂੰ ਭਾਜਪਾ ਦਾ ਚੋਣ ਏਜੰਡਾ ਦੱਸਿਆ ਸੀ। ਚੁੱਘ ਨੇ ਦੋਸ਼ ਲਾਇਆ ਹੈ ਕਿ ਭਗਵੰਤ ਮਾਨ ਨੇ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੁੱਘ ਨੇ ਕਿਹਾ ਕਿ ਅਜਿਹੇ ਦਿਨ ਜਦੋਂ ਪੂਰਾ ਦੇਸ਼ ‘ਆਪ੍ਰੇਸ਼ਨ ਸਿੰਦੂਰ’ ਦੀ ਵਰ੍ਹੇਗੰਢ ‘ਤੇ ਆਪਣੀ ਬਹਾਦਰ ਫੌਜ ਦੇ ਸਾਹਸ ਅਤੇ ਬਹਾਦਰੀ ਦਾ ਜਸ਼ਨ ਮਨਾ ਰਿਹਾ ਹੈ, ਉਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ਵਰਗੀ ਇਕ ਲੋਕਤੰਤਰੀ ਅਤੇ ਰਾਸ਼ਟਰਵਾਦੀ ਪਾਰਟੀ ਨੂੰ ਅੱਤਵਾਦੀ ਘਟਨਾਵਾਂ ਨਾਲ ਜੋੜਨਾ ਸਿਰਫ਼ ਇਕ ਸਿਆਸੀ ਝੂਠ ਨਹੀਂ, ਸਗੋਂ ਕਰੋੜਾਂ ਦੇਸ਼ ਵਾਸੀਆਂ ਦੇ ਫਤਵੇ ਅਤੇ ਵਿਸ਼ਵਾਸ ਦੀ ਬੇਅਦਬੀ ਹੈ।
ਭਗਵੰਤ ਮਾਨ ਦਾ ਬਿਆਨ ਨਾ ਸਿਰਫ਼ ਮਾਣਹਾਨੀ ਵਾਲਾ ਹੈ, ਸਗੋਂ ਬੇਹੱਦ ਖ਼ਤਰਨਾਕ ਵੀ ਹੈ। ਅਜਿਹੇ ਗੈਰ-ਜ਼ਿੰਮੇਵਾਰਾਨਾ ਦੋਸ਼ ਪੰਜਾਬ ਵਿਚ ਭੰਬਲਭੂਸਾ, ਅਵਿਸ਼ਵਾਸ ਅਤੇ ਸਮਾਜਿਕ ਅਸ਼ਾਂਤੀ ਪੈਦਾ ਕਰ ਸਕਦੇ ਹਨ। ਮੁੱਖ ਮੰਤਰੀ ਨੂੰ ਸਿਆਸੀ ਲਾਭ ਲਈ ਜਨਤਕ ਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਭਾਜਪਾ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ 7 ਦਿਨਾਂ ਦੇ ਅੰਦਰ ਭਗਵੰਤ ਮਾਨ ਆਪਣਾ ਬਿਆਨ ਵਾਪਸ ਲੈ ਕੇ ਜਨਤਕ ਤੌਰ ‘ਤੇ ਮੁਆਫੀ ਨਹੀਂ ਮੰਗਦੇ, ਤਾਂ ਉਨ੍ਹਾਂ ਖਿਲਾਫ ਅਪਰਾਧਿਕ ਅਤੇ ਸਿਵਲ, ਦੋਵੇਂ ਤਰ੍ਹਾਂ ਦੀ ਵਿਆਪਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਨਸ਼ਿਆਂ, ਬੰਬ ਧਮਾਕਿਆਂ, ਗੈਂਗਸਟਰ ਨੈੱਟਵਰਕ ਅਤੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਪਰ ਭਗਵੰਤ ਮਾਨ ਸਰਕਾਰ ਆਪਣੀ ਹਰ ਨਾਕਾਮੀ ਨੂੰ ਛੁਪਾਉਣ ਲਈ ਭਾਜਪਾ ‘ਤੇ ਝੂਠੇ ਇਲਜ਼ਾਮ ਲਗਾ ਰਹੀ ਹੈ। ਪੰਜਾਬ ਨੂੰ ਡਰਾਮੇਬਾਜ਼ੀ ਨਹੀਂ, ਸਗੋਂ ਜ਼ਿੰਮੇਵਾਰ ਸ਼ਾਸਨ ਚਾਹੀਦਾ ਹੈ।