ਇਸਲਾਮਾਬਾਦ – ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਇਕ ਰਿਪੋਰਟ ਅਨੁਸਾਰ ਪਿਛਲੇ ਸਾਲ ਪਾਕਿਸਤਾਨ ਵਿਚ ਅਖੌਤੀ ਆਨਰ ਕਿਲਿੰਗ ਦੇ ਘੱਟੋ-ਘੱਟ 470 ਮਾਮਲੇ ਦਰਜ ਕੀਤੇ ਗਏ, ਜੋ ਕਿ ਇੱਥੇ ਕੱਟੜਵਾਦ ਤੇ ਰੂੜੀਵਾਦ ਦੀ ਨਿਰੰਤਰਤਾ ਦੀ ਪੁਸ਼ਟੀ ਕਰਦੇ ਹਨ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਔਰਤਾਂ ਨੂੰ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਆਨਰ ਕਿਲਿੰਗ ਦੇ ਨਾਂ ’ਤੇ ਮਾਰਿਆ ਜਾਂਦਾ ਹੈ। ਹਾਲਾਂਕਿ ਮਨੁੱਖੀ ਅਧਿਕਾਰ ਵਰਕਰਾਂ ਦਾ ਅੰਦਾਜ਼ਾ ਹੈ ਕਿ ਪਾਕਿਸਤਾਨ ਵਿਚ ਹਰ ਸਾਲ ਆਨਰ ਕਿਲਿੰਗ ਦੇ ਨਾਂ ’ਤੇ ਲੱਗਭਗ 1,000 ਔਰਤਾਂ ਦਾ ਕਤਲ ਕੀਤਾ ਜਾਂਦਾ ਹੈ। ਕਮਿਸ਼ਨ ਨੇ ਇਸ ਰੁਝਾਨ ਨੂੰ ਚਿੰਤਾਜਨਕ ਦੱਸਿਆ ਹੈ। ਇਸ ਪ੍ਰਥਾ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਹੋਣ ਦੇ ਬਾਵਜੂਦ ਮਾਮਲਿਆਂ ਵਿਚ ਵਾਧਾ ਹੋਇਆ ਹੈ।
ਰਿਪੋਰਟ ਕੀਤੇ ਗਏ ਮਾਮਲਿਆਂ ਵਿਚੋਂ ਇਕ ਤਿਹਾਈ ਤੋਂ ਵੱਧ ਪੰਜਾਬ ਤੋਂ ਸਨ, ਜਿੱਥੇ ਅਕਸਰ ਰੂੜੀਵਾਦੀ ਸਮਾਜਿਕ ਢਾਂਚੇ ਹੁੰਦੇ ਹਨ। ਰਿਪੋਰਟ ਵਿਚ ਘਰੇਲੂ ਹਿੰਸਾ ਨਾਲ ਸਬੰਧਤ 1,332 ਕਤਲ, 3,815 ਜਬਰ-ਜ਼ਨਾਹ ਦੇ ਮਾਮਲੇ ਅਤੇ ਔਰਤਾਂ ਵਿਰੁੱਧ ਸਾਈਬਰ ਪਰੇਸ਼ਾਨੀ ਦੇ 2,586 ਮਾਮਲੇ ਦਰਜ ਕੀਤੇ ਗਏ ਹਨ। ਕੁੱਲ ਮਿਲਾ ਕੇ ਸਾਲ ਦੌਰਾਨ ਲਿੰਗ ਆਧਾਰਤ ਹਿੰਸਾ ਦੀਆਂ ਘਟਨਾਵਾਂ ਵਿਚ 25 ਫੀਸਦੀ ਦਾ ਵਾਧਾ ਹੋਇਆ ਹੈ।















