ਤਾਇਵਾਨ ‘ਚ ਭੂਚਾਲ ਦੇ ਕਈ ਝਟਕੇ ਕੀਤੇ ਗਏ ਮਹਿਸੂਸ

ਤਾਈਪੇ – ਤਾਈਵਾਨ ‘ਚ ਮੰਗਲਵਾਰ ਤੜਕੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ‘ਚੋਂ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਦੀ ਤੀਬਰਤਾ 6.1 ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਇਹ ਜਾਣਕਾਰੀ ਦਿੱਤੀ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ, ਪਰ ਦੋ ਉੱਚੀਆਂ ਇਮਾਰਤਾਂ ਨੂੰ ਹੋਰ ਨੁਕਸਾਨ ਹੋਇਆ ਹੈ ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਟਾਪੂ ‘ਤੇ ਆਏ 7.4 ਤੀਬਰਤਾ ਦੇ ਭੂਚਾਲ ਤੋਂ ਬਾਅਦ ਖਾਲੀ ਕਰ ਦਿੱਤੀਆਂ ਗਈਆਂ ਸਨ। ਉਸ ਸਮੇਂ ਭੂਚਾਲ ਕਾਰਨ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1000 ਤੋਂ ਵੱਧ ਜ਼ਖ਼ਮੀ ਹੋ ਗਏ ਸਨ।
ਯੂ.ਐੱਸ.ਜੀ.ਐੱਸ.ਅਨੁਸਾਰ ਮੰਗਲਵਾਰ ਨੂੰ ਆਏ 6.1 ਦੀ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਹੁਆਲੀਅਨ ਸ਼ਹਿਰ ਤੋਂ 28 ਕਿਲੋਮੀਟਰ ਦੱਖਣ ਵਿੱਚ ਅਤੇ 10.7 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਅੱਧੀ ਦਰਜਨ ਹੋਰ ਭੂਚਾਲ ਦੀ ਤੀਬਰਤਾ 4.5 ਤੋਂ 6 ਦਰਜ ਕੀਤੀ ਗਈ ਅਤੇ ਇਹ ਸਾਰੇ ਭੂਚਾਨ ਹੁਆਲੀਨ ਦੇ ਨੇੜੇ ਆਏ। ਤਾਈਵਾਨ ਦੇ ਭੂਚਾਲ ਨਿਗਰਾਨੀ ਕੇਂਦਰ ਮੁਤਾਬਕ ਸ਼ੁਰੂਆਤੀ ਭੂਚਾਲ ਦੀ ਤੀਬਰਤਾ 6.3 ਸੀ। ਵੱਖ-ਵੱਖ ਨਿਗਰਾਨੀ ਸਟੇਸ਼ਨਾਂ ਵੱਲੋਂ ਦਰਜ ਕੀਤੀ ਗਈ ਤੀਬਰਤਾ ਵਿੱਚ ਮਾਮੂਲੀ ਅੰਤਰ ਆਮ ਗੱਲ ਹੈ।