ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ PM ਮੋਦੀ ਨੇ ਟੇਕਿਆ ਮੱਥਾ, ਲੰਗਰ ਦੀ ਕੀਤੀ ਸੇਵਾ

ਪਟਨਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਖ਼ਤ ਸੁਰੱਖਿਆ ਦਰਮਿਆਨ ਪਟਨਾ ਸਥਿਤ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵਿਖੇ ਮੱਥਾ ਟੇਕਿਆ। ਪ੍ਰਧਾਨ ਮੰਤਰੀ ਦੀ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੀ ਦੌਰੇ ਨੂੰ ਵੇਖਦੇ ਹੋਏ ਵਿਆਪਕ ਸੁਰੱਖਿਆ ਵਿਵਸਥਾ ਕੀਤੀ ਗਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸਿਰ ‘ਤੇ ਪਗੜੀ ਬੰਨ ਕੇ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੋ ਦਿਨਾ ਬਿਹਾਰ ਦੌਰੇ ‘ਤੇ ਹਨ। ਇਕ ਦਿਨ ਪਹਿਲਾਂ ਪਟਨਾ ‘ਚ ਰੋਡ ਸ਼ੋਅ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਬਿਹਾਰ ਵਿਚ ਰੋਡ ਸ਼ੋਅ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ।
ਪ੍ਰਧਾਨ ਮੰਤਰੀ ਨੇ ਸੋਮਵਾਰ ਦੀ ਸਵੇਰ ਨੂੰ ਤੈਅ ਪ੍ਰੋਗਰਾਮ ਮੁਤਾਬਕ ਪਟਨਾ ਦੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਸਿੱਖ ਪਗੜੀ ਪਹਿਨ ਕੇ ਪਟਨਾ ਸਾਹਿਬ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ। ਪ੍ਰਧਾਨ ਮੰਤਰੀ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਨਾਲ-ਨਾਲ ਅਰਦਾਸ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਪਹਿਲੀ ਵਾਰ ਇੱਥੇ ਆਏ ਹਨ। ਉਨ੍ਹਾਂ ਦੇ ਸੁਆਗਤ ਲਈ ਸਿੱਖ ਭਾਈਚਾਰੇ ਦੇ ਲੋਕਾਂ ਦੀ ਭੀੜ ਉਮੜ ਪਈ।
ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ‘ਚ ਸੰਗਤਾਂ ਵਿਚ ਲੰਗਰ ਵੀ ਵਰਤਾਇਆ ਅਤੇ ਲੰਗਰ ਦੀ ਸੇਵਾ ਕੀਤੀ। ਦੱਸ ਦੇਈਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਮੰਤਰੀ ਦੇ ਸੁਆਗਤ ਨੂੰ ਲੈ ਕੇ ਵਿਸ਼ੇਸ਼ ਤਿਆਰੀ ਕੀਤੀ ਗਈ। ਗੁਰਦੁਆਰਾ ਸਾਹਿਬ ਵਿਚ ਸੁਰੱਖਿਆ ਵਿਵਸਥਾ ਸਖ਼ਤ ਕੀਤੀ ਗਈ। ਹਾਈ ਅਲਰਟ ਮੋਡ ‘ਤੇ ਪੁਲਸ ਪ੍ਰਸ਼ਾਸਨ ਦੀ ਟੀਮ ਦਿੱਸੀ। ਵੱਡੀ ਗਿਣਤੀ ਵਿਚ ਪੁਲਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ।
ਦੱਸਣਯੋਗ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਜੋ ਕਿ ਸਿੱਖਾਂ ਦੇ 5 ਤਖ਼ਤਾਂ ਵਿਚੋਂ ਇਕ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਦੇ ਰੂਪ ਵਿਚ ਇਸ ਤਖ਼ਤ ਦਾ ਨਿਰਮਾਣ 18ਵੀਂ ਸ਼ਤਾਬਦੀ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਕਰਵਾਇਆ ਗਿਆ ਸੀ। ਸਿੱਖਾਂ ਦੇ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਦਾ ਜਨਮ 1666 ਵਿਚ ਪਟਨਾ ਵਿਚ ਹੋਇਆ ਸੀ। ਉਨ੍ਹਾਂ ਨੇ ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਸ਼ੁਰੂਆਤੀ ਸਾਲ ਇੱਥੇ ਹੀ ਬਿਤਾਏ ਸਨ।