ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਮਹਾਵੀਰ ਜਯੰਤੀ ਦੇ ਮੌਕੇ ‘ਤੇ ਜੈਨ ਭਾਈਚਾਰੇ ਨੂੰ ਦਿੱਤੀ ਵਧਾਈ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਤਵਾਰ ਨੂੰ ਮਹਾਵੀਰ ਜਯੰਤੀ ਮੌਕੇ ਜੈਨ ਧਰਮ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਉਹ ਅਜਿਹਾ ਕਰਨ ਵਾਲੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ। ਮਹਾਵੀਰ ਜਯੰਤੀ ਜੈਨ ਧਰਮ ਦੇ ਸੰਸਥਾਪਕ ਮਹਾਵੀਰ ਦੇ ਜਨਮ ਦੀ ਯਾਦ ਵਿਚ ਮਨਾਈ ਜਾਂਦੀ ਹੈ। ਬਾਈਡੇਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, “ਮੈਂ ਅਤੇ ਜਿਲ ਜੈਨ ਧਰਮ ਦੇ ਲੋਕਾਂ ਨੂੰ ਮਹਾਵੀਰ ਜਯੰਤੀ ਦੀ ਸ਼ੁਭਕਾਮਨਾਵਾਂ ਦਿੰਦੇ ਹਾਂ। ਆਓ ਅੱਜ ਅਸੀਂ ਮਹਾਵੀਰ ਸਵਾਮੀ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਈਏ ਅਤੇ ਪਿਆਰ, ਖ਼ੁਸ਼ੀ ਅਤੇ ਸਦਭਾਵਨਾ ਫੈਲਾ ਕੇ ਉਨ੍ਹਾਂ ਦਾ ਜਸ਼ਨ ਮਨਾਈਏ।”
ਬਾਈਡੇਨ ਮਹਾਵੀਰ ਜਯੰਤੀ ਦੇ ਮੌਕੇ ‘ਤੇ ਅਧਿਕਾਰਤ ਸ਼ੁਭਕਾਮਨਾਵਾਂ ਭੇਜਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ। ਜੈਨ ਭਾਈਚਾਰੇ ਦੇ ਪ੍ਰਮੁੱਖ ਨੇਤਾ ਅਤੇ ‘ਏਸ਼ੀਅਨ ਅਮਰੀਕਨ ਐਂਡ ਨੇਟਿਵ ਹਵਾਈਅਨ/ਪੈਸੀਫਿਕ ਆਈਲੈਂਡਰਜ਼’ ਕਮਿਸ਼ਨਰ ‘ਤੇ ਰਾਸ਼ਟਰਪਤੀ ਦੇ ਸਲਾਹਕਾਰ ਅਜੈ ਭੂਟੋਰੀਆ ਨੇ ਬਾਈਡੇਨ ਦੇ ਸੰਦੇਸ਼ ਦਾ ਸਵਾਗਤ ਕੀਤਾ। ਭੂਟੋਰੀਆ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਬਾਈਡੇਨ ਵੱਲੋਂ ਜੈਨ ਧਰਮ ਵਿੱਚ ਮਹਾਵੀਰ ਜਯੰਤੀ ਦੇ ਮਹੱਤਵ ਨੂੰ ਪਛਾਣਨ ਦੀ ਪ੍ਰਸ਼ੰਸਾ ਕੀਤੀ ਅਤੇ ਜੈਨ ਧਰਮ ਦੇ 24ਵੇਂ ਤੀਰਥੰਕਰ ਮਹਾਵੀਰ ਸਵਾਮੀ ਦੀਆਂ ਸਦੀਵੀ ਸਿੱਖਿਆਵਾਂ ਨੂੰ ਉਜਾਗਰ ਕੀਤਾ, ਜਿਸ ਵਿਚ ਅਹਿੰਸਾ, ਸੱਚਾਈ ਅਤੇ ਸਵੈ-ਅਨੁਸ਼ਾਸਨ ਦੇ ਸਿਧਾਂਤਾਂ ‘ਤੇ ਜ਼ੋਰ ਦਿੱਤਾ ਗਿਆ ਹੈ।