ਰਾਏਬਰੇਲੀ ਮੇਰੀਆਂ ਦੋਵਾਂ ਮਾਵਾਂ ਦੀ ਕਰਮਭੂਮੀ, ਇਸ ਲਈ ਇੱਥੋਂ ਚੋਣ ਲੜ ਰਿਹਾ ਹਾਂ : ਰਾਹੁਲ

ਰਾਏਬਰੇਲੀ, – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਰਾਏਬਰੇਲੀ ਦੇ ਨਾਲ ਆਪਣੇ ਪਰਿਵਾਰ ਦੇ ਰਿਸ਼ਤਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਦਾਦੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦੀ ਵੀ ਕਰਮਭੂਮੀ ਰਹੀ ਹੈ। ਇਸ ਲਈ ਉਹ ਇੱਥੋਂ ਚੋਣ ਲੜਨ ਆਏ ਹਨ।
ਰਾਏਬਰੇਲੀ ਸੰਸਦੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਹੁਲ ਗਾਂਧੀ ਇੱਥੋਂ ਦੇ ਮਹਿਰਾਜਗੰਜ ਸਥਿਤ ਮੇਲਾ ਗਰਾਊਂਡ ’ਚ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਆਪਣੀ ਛੋਟੀ ਭੈਣ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਦੀ ਮੌਜੂਦਗੀ ’ਚ ਲੋਕਾਂ ਨੂੰ ਇਕਦਮ ਪਰਿਵਾਰਕ ਮਾਹੌਲ ਵਿਚ ਸੰਬੋਧਨ ਕਰਦਿਆਂ ਕਿਹਾ,‘‘ਤੁਸੀਂ ਮੇਰਾ ਪਰਿਵਾਰ ਹੋ ਅਤੇ ਰਾਏਬਰੇਲੀ ਨਾਲ ਸਾਡਾ ਰਿਸ਼ਤਾ 100 ਸਾਲ ਪੁਰਾਣਾ ਹੈ। ਸਾਡੇ ਪੜਦਾਦਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣਾ ਸਿਆਸੀ ਜੀਵਨ ਰਾਏਬਰੇਲੀ ’ਚ ਕਿਸਾਨਾਂ ਤੇ ਮਜ਼ਦੂਰਾਂ ਨਾਲ ਸ਼ੁਰੂ ਕੀਤਾ ਸੀ।’’
ਰਾਹੁਲ ਨੇ ਕੁਝ ਸਮਾਂ ਪਹਿਲਾਂ ਸੋਨੀਆ ਗਾਂਧੀ ਨਾਲ ਹੋਈ ਗੱਲਬਾਤ ਸਾਂਝੀ ਕਰਦਿਆਂ ਕਿਹਾ ਕਿ ਮਾਂ ਉਹ ਹੁੰਦੀ ਹੈ, ਜੋ ਰਸਤਾ ਵਿਖਾਉਂਦੀ ਹੈ, ਜੋ ਰਾਖੀ ਕਰਦੀ ਹੈ। ਉਨ੍ਹਾਂ ਨੂੰ ਮਾਂ ਦੇ ਨਾਲ ਹੀ ਇੰਦਰਾ ਗਾਂਧੀ ਨੇ ਵੀ ਰਸਤਾ ਵਿਖਾਇਆ ਅਤੇ ਉਨ੍ਹਾਂ ਦੀ ਰਾਖੀ ਕੀਤੀ। ਇਸ ਲਈ ਉਹ ਕਹਿੰਦੇ ਹਨ ਕਿ ਉਨ੍ਹਾਂ ਦੀਆਂ 2 ਮਾਵਾਂ ਹਨ।
ਰਾਹੁਲ ਨੇ ਆਪਣੀ ਗੱਲ ਸਪਸ਼ਟ ਕਰਦਿਆਂ ਕਿਹਾ,‘‘ਮੈਂ ਤੁਹਾਨੂੰ ਇਹ ਗੱਲ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੇਰੀਆਂ ਦੋਵਾਂ ਮਾਵਾਂ ਦੀ ਇਹ ਕਰਮਭੂਮੀ ਹੈ। ਇਸ ਲਈ ਰਾਏਬਰੇਲੀ ਤੋਂ ਚੋਣ ਲੜਨ ਆਇਆ ਹਾਂ।’’
ਰਾਏਬਰੇਲੀ ਸੰਸਦੀ ਹਲਕੇ ਤੋਂ ਇੰਦਰਾ ਗਾਂਧੀ 1967 ਤੇ 1971 ’ਚ ਚੁਣੀ ਗਈ ਸੀ ਪਰ ਐਮਰਜੈਂਸੀ ਤੋਂ ਬਾਅਦ
1977 ’ਚ ਹੋਈਆਂ ਚੋਣਾਂ ਵਿਚ ਉਹ ਸਮਾਜਵਾਦੀ ਨੇਤਾ ਰਾਜਨਾਰਾਇਣ ਤੋਂ ਹਾਰ ਗਈ ਸੀ। 1999 ’ਚ ਸੋਨੀਆ ਗਾਂਧੀ ਰਾਏਬਰੇਲੀ ਤੋਂ ਐੱਮ. ਪੀ. ਚੁਣੀ ਗਈ ਸੀ ਅਤੇ 2004, 2009, 2014 ਤੇ 2019 ’ਚ ਵੀ ਉਨ੍ਹਾਂ ਇਹ ਸੀਟ ਬਰਕਰਾਰ ਰੱਖੀ ਸੀ।
ਉਨ੍ਹਾਂ ਪ੍ਰਧਾਨ ਮੰਤਰੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਨਰਿੰਦਰ ਮੋਦੀ ਜਿਨ੍ਹਾਂ ਨੂੰ ਚਾਹੁੰਦੇ ਹਨ, ਉਹ 2-3 ਵਿਅਕਤੀ ਹੀ ਸਰਕਾਰ ਚਲਾਉਣਗੇ ਅਤੇ ਜਿਵੇਂ ਹੀ ਸੰਵਿਧਾਨ ਖਤਮ ਹੋਵੇਗਾ, ਰੋਜ਼ਗਾਰ ਖਤਮ ਹੋ ਜਾਵੇਗਾ, ਰਾਖਵਾਂਕਰਨ ਖਤਮ ਹੋ ਜਾਵੇਗਾ ਅਤੇ ਗਰੀਬਾਂ ਲਈ ਸਾਰੇ ਰਸਤੇ ਬੰਦ ਹੋ ਜਾਣਗੇ।
ਵਿਆਹ ਦੇ ਸਵਾਲ ’ਤੇ ਬੋਲੇ ਰਾਹੁਲ, ਹੁਣ ਜਲਦੀ ਕਰਵਾਉਣਾ ਪਵੇਗਾ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਭਰਨ ਤੋਂ ਬਾਅਦ ਸੋਮਵਾਰ ਨੂੰ ਜਦੋਂ ਇੱਥੇ ਪਹਿਲੀ ਵਾਰ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਸਵਾਲ ਦਾ ਸਾਹਮਣਾ ਕਰਨਾ ਪਿਆ ਕਿ ਉਹ ਵਿਆਹ ਕਦੋਂ ਕਰਵਾ ਰਹੇ ਹਨ। ਇਸ ਦੇ ਜਵਾਬ ’ਚ ਅਗਲੇ ਮਹੀਨੇ 54 ਸਾਲ ਦੀ ਉਮਰ ਪੂਰੀ ਕਰਨ ਜਾ ਰਹੇ ਰਾਹੁਲ ਨੇ ਕਿਹਾ–ਹੁਣ ਜਲਦ ਕਰਵਾਉਣਾ ਪਵੇਗਾ।